
ਪੰਜਾਬ ਹੋਮ ਗਾਰਡਜ਼ ਵਲੰਟੀਅਰਜ਼ ਲਈ ਅੱਜ ਦਾ ਦਿਨ ਬਹੁਤ ਹੀ ਇਤਿਹਾਸਕ ਦਿਨ ਹੋ ਨਿਬੜਿਆ, ਕਿਉਂਕਿ ਇਸ ਤੋਂ ਪਹਿਲਾਂ 1975 ਵਿਚ...
ਚੰਡੀਗੜ੍ਹ (ਸਸਸ) : ਪੰਜਾਬ ਹੋਮ ਗਾਰਡਜ਼ ਵਲੰਟੀਅਰਜ਼ ਲਈ ਅੱਜ ਦਾ ਦਿਨ ਬਹੁਤ ਹੀ ਇਤਿਹਾਸਕ ਦਿਨ ਹੋ ਨਿਬੜਿਆ, ਕਿਉਂਕਿ ਇਸ ਤੋਂ ਪਹਿਲਾਂ 1975 ਵਿੱਚ ਹੀ ਤਰਸ ਦੇ ਆਧਾਰ 'ਤੇ ਪੰਜਾਬ ਹੋਮਗਾਰਡਜ਼ ਵਲੰਟੀਅਰਜ਼ ਦੀ ਪਾਸਿੰਗ ਆਊਟ ਪਰੇਡ ਹੋਈ ਸੀ ਅਤੇ ਅੱਜ 43 ਸਾਲ ਬਾਅਦ ਫ਼ਿਰ ਇਹ ਮਾਣ ਵਾਲਾ ਦਿਨ ਆਇਆ ਹੈ। ਇਹ ਵਿਚਾਰ ਉਦਯੋਗ ਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਪੀ.ਆਰ.ਟੀ.ਸੀ. ਜਹਾਨਖੇਲਾਂ ਵਿਖੇ ਪੰਜਾਬ ਹੋਮਗਾਰਡਜ਼ ਡਰਿੱਲ ਤੇ ਵੈਪਨ ਹੈਂਡਲਿੰਗ ਕੋਰਸ ਦੇ ਵਲੰਟੀਅਰਜ਼ ਦੀ ਪਾਸਿੰਗ ਆਊਟ ਪਰੇਡ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ।
Punjab Police ਇਸ ਮੌਕੇ ਉਨ੍ਹਾਂ ਪਰੇਡ ਦਾ ਨਿਰੀਖਣ ਕੀਤਾ, ਉਪਰੰਤ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਵੀ ਲਈ। ਇਸ ਮੌਕੇ ਏ.ਡੀ.ਜੀ.ਪੀ. ਪੰਜਾਬ ਹੋਮਗਾਰਡਜ਼ ਤੇ ਸਿਵਲ ਡਿਫੈਂਸ ਪੰਜਾਬ ਸ੍ਰੀ ਬਲਬੀਰ ਕੁਮਾਰ ਬਾਵਾ, ਆਈ.ਜੀ.ਪੀ.-ਕਮ-ਡਾਇਰੈਕਟਰ ਪੀ.ਏ.ਪੀ. ਫਿਲੌਰ ਸ੍ਰੀ ਯੁਰਿੰਦਰ ਸਿੰਘ ਹੇਅਰ, ਕਮਾਂਡੈਂਟ ਜਨਰਲ ਪੰਜਾਬ ਹੋਮਗਾਰਡਜ਼ ਸ੍ਰੀ ਕੁਲਤਾਰਨ ਸਿੰਘ ਘੁੰਮਣ, ਡੀ.ਆਈ.ਜੀ. ਹੋਮਗਾਰਡਜ਼ ਸ੍ਰੀ ਹਰਮਨਜੀਤ ਸਿੰਘ, ਐਸ.ਐਸ.ਪੀ. ਸ੍ਰੀ ਜੇ. ਏਲਨਚੇਲੀਅਨ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਵੀ ਸ਼ਾਮਲ ਸਨ।
Punjab Policeਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਸੰਬੋਧਨ ਕਰਦਿਆਂ ਪਾਸ ਆਊਟ ਹੋਏ ਵਲੰਟੀਅਰਜ਼ ਨੂੰ ਲੋਕ ਸੇਵਾ ਦੇ ਸੰਕਲਪ ਤੋਂ ਸੁਚੇਤ ਕਰਵਾਉਂਦਿਆਂ ਇਸ ਆਦਰਸ਼ ਦਾ ਹਮੇਸ਼ਾ ਪਾਲਣ ਕਰਨ ਲਈ ਕਿਹਾ। ਉਨ੍ਹਾਂ ਸਮੂਹ ਵਲੰਟੀਅਰਜ਼ ਨੂੰ ਅੱਤਵਾਦ, ਡਰੱਗ, ਮਾਫੀਆ, ਸਨੈਚਿੰਗ ਅਤੇ ਹੋਰ ਅਪਰਾਧਾਂ ਵਰਗੀਆਂ ਚੁਣੌਤੀਆਂ ਦਾ ਡੱਟ ਕੇ ਮੁਕਾਬਲਾ ਕਰਨ ਲਈ ਉਤਸ਼ਾਹਿਤ ਵੀ ਕੀਤਾ। ਮੁੱਖ ਮਹਿਮਾਨ ਨੇ ਵਲੰਟੀਅਰਜ਼ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਬਾਰਕਵਾਦ ਦਿੰਦਿਆਂ ਆਸ ਪ੍ਰਗਟਾਈ ਕਿ ਪੀ.ਆਰ.ਟੀ.ਸੀ. ਜਹਾਨਖੇਲਾਂ ਤੋਂ ਮੁਢਲੀ ਟਰੇਨਿੰਗ ਪ੍ਰਾਪਤ ਕਰਕੇ ਉਹ ਫੀਲਡ ਵਿੱਚ ਪੂਰੀ ਮਿਹਨਤ ਨਾਲ ਡਿਊਟੀ ਨਿਭਾਉਣਗੇ।
Punjab Police ਉਨ੍ਹਾਂ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਅੱਜ 624 ਵਲੰਟੀਅਰਜ਼ ਪਾਸ ਆਊਟ ਹੋਏ ਹਨ, ਜਿਨ੍ਹਾਂ ਵਿੱਚ 579 ਪੁਰਸ਼ ਅਤੇ 45 ਮਹਿਲਾਵਾਂ ਸ਼ਾਮਲ ਹਨ। ਸ੍ਰੀ ਅਰੋੜਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰ ਦੇ ਯਤਨਾਂ ਸਦਕਾ ਅੱਜ ਹੋਮਗਾਰਡਜ਼ ਨੂੰ ਕਾਫ਼ੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਡਿਊਟੀ ਦੌਰਾਨ ਜੇਕਰ ਕਿਸੇ ਜਵਾਨ ਦੀ ਮੌਤ ਹੋ ਜਾਂਦੀ ਹੈ, ਤਾਂ ਉਸ ਨੂੰ 30 ਲੱਖ ਰੁਪਏ ਅਤੇ ਕੁਦਰਤੀ ਮੌਤ ਦੌਰਾਨ ਢਾਈ ਲੱਖ ਰੁਪਏ ਦੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।
Punjab Policeਇਸ ਦੌਰਾਨ ਉਨ੍ਹਾਂ ਹੋਮਗਾਰਡਜ਼ ਪਰਿਵਾਰਾਂ ਦੇ ਹੋਣਹਾਰ ਬੱਚਿਆਂ ਨੂੰ ਐਚ.ਡੀ.ਐਫ.ਸੀ. ਬੈਂਕ ਵਲੋਂ ਸਕਾਲਰਸ਼ਿਪ ਅਤੇ ਉਨ੍ਹਾਂ ਲੋੜਵੰਦ ਪਰਿਵਾਰਾਂ ਨੂੰ 68 ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਸੌਂਪੀ, ਜਿਨ੍ਹਾਂ ਦੇ ਮੋਢੀ ਨੌਕਰੀ ਦੌਰਾਨ ਗੁਜ਼ਰ ਚੁੱਕੇ ਹਨ। ਏ.ਡੀ.ਜੀ.ਪੀ. ਪੰਜਾਬ ਹੋਮਗਾਰਡਜ਼ ਅਤੇ ਸਿਵਲ ਡਿਫੈਂਸ ਪੰਜਾਬ ਸ੍ਰੀ ਬਲਬੀਰ ਕੁਮਾਰ ਬਾਵਾ ਨੇ ਦੱਸਿਆ ਕਿ ਹੋਮਗਾਰਡਜ਼ ਨੇ ਜਦੋਂ ਵੀ ਦੇਸ਼ ਅਤੇ ਰਾਜ ਵਿੱਚ ਸੰਕਟ ਆਇਆ ਹੈ, ਉਦੋਂ ਪੂਰੀ ਮੁਸ਼ਤੈਦੀ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਈ ਹੈ।
Giddhaਉਨ੍ਹਾਂ ਕਿਹਾ ਕਿ ਚੀਨ ਤੇ ਪਾਕਿਸਤਾਨ ਨਾਲ ਯੁੱਧ ਦੀ ਗੱਲ ਹੋਵੇ ਜਾਂ ਅੱਤਵਾਦ ਦਾ ਸਮਾਂ ਹੋਵੇ, ਇਨ੍ਹਾਂ ਨੇ ਹਮੇਸ਼ਾਂ ਹਿੱਕ ਤਾਣ ਕੇ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ 12,811 ਹੋਮਗਾਰਡਜ਼ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸ ਦੌਰਾਨ ਪੀ.ਆਰ.ਟੀ.ਸੀ. ਜਹਾਨਖੇਲਾਂ ਦੇ ਕਮਾਂਡੈਂਟ ਸ੍ਰੀ ਭੁਪਿੰਦਰ ਸਿੰਘ ਨੇ ਜਿਥੇ ਵਲੰਟੀਅਰਜ਼ ਨੂੰ ਦਿੱਤੀ ਗਈ ਸਿਖਲਾਈ ਬਾਰੇ ਦੱਸਿਆ, ਉਥੇ ਆਸ ਪ੍ਰਗਟਾਈ ਕਿ ਇਹ ਵਲੰਟੀਅਰਜ਼ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਦ੍ਰਿੜਤਾ ਤੇ ਕਾਮਯਾਬੀ ਨਾਲ ਨਿਭਾਉਣਗੇ।
ਵਲੰਟੀਅਰਜ਼ ਵਲੋਂ ਇਸ ਮੌਕੇ ਬਿਨ੍ਹਾਂ ਹਥਿਆਰਾਂ ਦੇ ਲੜਾਈ, ਸਮੂਹਿਕ ਸਰੀਰਕ ਕਸਰਤਾਂ, ਮਲਖੰਭ, ਮੋਟਰ ਸਾਈਕਲ ਸ਼ੋਅ, ਡੈਮੋ ਵੈਪਨ ਹੈਂਡਲਿੰਗ, ਡੈਮੋ ਐਂਟੀਸਾਬੋਟੇਜ਼ ਚੈਕਿੰਗ, ਡੈਮੋ ਅਸੈਸ ਕੰਟਰੋਲ, ਮਲਵੱਈ ਗਿੱਧਾ ਅਤੇ ਭੰਗੜਾ ਆਦਿ ਵੱਖ-ਵੱਖ ਪੇਸ਼ਾਵਾਰਾਨਾ ਅਤੇ ਸਭਿਆਚਾਰਕ ਗਤੀਵਿਧੀਆਂ ਵੀ ਕੀਤੀਆਂ ਗਈਆਂ। ਇਸ ਮੌਕੇ ਚੰਗੀ ਕਾਰਗੁਜ਼ਾਰੀ ਵਾਲੇ ਪੀ.ਆਰ.ਟੀ.ਸੀ. ਜਹਾਨਖੇਲਾਂ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਪੁਰਸਕਾਰ ਵਿਜੇਤਾਵਾਂ ਨੂੰ ਮੁੱਖ ਮਹਿਮਾਨ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ।
ਸਮਾਰੋਹ ਦੌਰਾਨ ਡੀ.ਐਸ.ਪੀ. ਸ੍ਰੀ ਗੁਰਜੀਤ ਪਾਲ ਸਿੰਘ, ਡੀ.ਐਸ.ਪੀ. ਸ੍ਰੀ ਹਰਜੀਤ ਸਿੰਘ ਢੱਟ, ਡੀ.ਐਸ.ਪੀ. ਸ੍ਰੀ ਮਲਕੀਤ ਸਿੰਘ, ਡਿਪਟੀ ਡੀ.ਏ. ਸ੍ਰੀ ਕਮਲਜੀਤ ਸਿੰਘ, ਐਚ.ਡੀ.ਐਫ.ਸੀ. ਬੈਂਕ ਵਲੋਂ ਬੀ.ਬੀ.ਐਚ. ਸ੍ਰੀ ਵਿਨੀਤ ਅਰੋੜਾ, ਜ਼ੋਨਲ ਹੈਡ ਸ੍ਰੀ ਜਤਿੰਦਰ ਗੁਪਤਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।