
ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਤੇ ਸੀਨੀਅਰ ਆਗੂ ਮੋਹਿੰਦਰ ਸਿੰਘ ਕੇਪੀ ਵੀ ਭਾਜਪਾ 'ਚ ਸ਼ਾਮਲ ਹੋਣ ਦੀ ਤਿਆਰੀ 'ਚ
ਚੰਡੀਗੜ੍ਹ: ਕਾਂਗਰਸ ਦੇ ਸਾਬਕਾ ਰਾਜਸਭਾ ਸੰਸਦ ਮੈਂਬਰ ਤੇ ਸੂਬੇ ਦੇ ਸਾਬਕਾ ਮੰਤਰੀ ਧਰਮਪਾਲ ਸਭਰਵਾਲ ਭਾਜਪਾ 'ਚ ਸ਼ਾਮਲ ਹੋ ਗਏ ਹਨ। ਉਹ ਪੰਜਾਬ ਦੀ ਬੇਅੰਤ ਸਿੰਘ ਸਰਕਾਰ 'ਚ ਮੰਤਰੀ ਵੀ ਰਹੇ ਹਨ। ਉਹ ਰਾਜ ਸਭਾ 'ਚ 2004 ਤੋਂ 2010 ਤਕ ਮੈਂਬਰ ਰਹੇ। ਦੂਜੇ ਪਾਸੇ, ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਤੇ ਸੀਨੀਅਰ ਆਗੂ ਮੋਹਿੰਦਰ ਸਿੰਘ ਕੇਪੀ ਵੀ ਭਾਜਪਾ 'ਚ ਸ਼ਾਮਲ ਹੋਣ ਦੀ ਤਿਆਰੀ 'ਚ ਹਨ। ਧਰਮਪਾਲ ਸਭਰਵਾਲ ਨੂੰ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਭਾਜਪਾ ਦੀ ਮੈਂਬਰਸ਼ਿਪ ਗ੍ਰਹਿਣ ਕਰਵਾਈ।
ਇਸ ਮੌਕੇ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਤੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਵੀ ਮੌਜੂਦ ਸਨ। ਹੁਸ਼ਿਆਰਪੁਰ ਦੀ ਗੜ੍ਹਦੀਵਾਲਾ ਸੀਟ ਤੋਂ ਦੋ ਵਾਰ ਵਿਧਾਇਕ ਰਹੇ ਸਭਰਵਾਲ ਵਾਲਮੀਕੀ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਸਭਰਵਾਲ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਦੇਸ਼ ਵਿਰੋਧੀ ਚਿਹਰਾ ਜਗ-ਜ਼ਾਹਿਰ ਹੋ ਚੁੱਕਾ ਹੈ। ਇਸ ਵਜ੍ਹਾ ਕਾਰਨ ਕਾਂਗਰਸ 'ਚ ਖਾਸਾ ਗੁੱਸਾ ਪੈਦਾ ਹੋ ਰਿਹਾ ਹੈ।
ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਚਲਾਈ ਹੈ। ਦੇਸ਼ ਨੂੰ ਮੋਦੀ ਵਰਗੀ ਸਸ਼ਕਤ ਅਗਵਾਈ ਦੀ ਲੋੜ ਹੈ। ਸਭਰਵਾਲ ਨੂੰ ਪਾਰਟੀ ਜੁਆਇੰਨ ਕਰਵਾਉਣ ਸਬੰਧੀ ਪੁੱਛੇ ਜਾਣ 'ਤੇ ਸ਼ਵੇਤ ਮਲਿਕ ਨੇ ਕਿਹਾ ਕਿ ਉਹ ਬਿਨਾਂ ਕਿਸੇ ਸ਼ਰਤ ਪਾਰਟੀ 'ਚ ਆਏ ਹਨ। ਉਨ੍ਹਾਂ ਦੇ ਭਾਜਪਾ 'ਚ ਆਉਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ।