
ਦਹਾਕਿਆਂ ਪਹਿਲਾਂ ਇੰਗਲੈਂਡ ਜਾ ਕੇ ਵਸੇ ਪੰਜਾਬੀ ਪਰਵਾਰਾਂ ਦੀ ਨਵੀਂ ਪੀੜ੍ਹੀ ਦੇ 14 ਬੱਚੇ-ਬੱਚੀਆਂ ਅਪਣੇ ਪੁਰਖਿਆਂ ਦੀ ਧਰਤੀ ਨੂੰ ਸਿਜਦਾ ਕਰਨ ਲਈ ਪੰਜਾਬ ਆਏ ਹਨ.........
ਚੰਡੀਗੜ੍ਹ : ਦਹਾਕਿਆਂ ਪਹਿਲਾਂ ਇੰਗਲੈਂਡ ਜਾ ਕੇ ਵਸੇ ਪੰਜਾਬੀ ਪਰਵਾਰਾਂ ਦੀ ਨਵੀਂ ਪੀੜ੍ਹੀ ਦੇ 14 ਬੱਚੇ-ਬੱਚੀਆਂ ਅਪਣੇ ਪੁਰਖਿਆਂ ਦੀ ਧਰਤੀ ਨੂੰ ਸਿਜਦਾ ਕਰਨ ਲਈ ਪੰਜਾਬ ਆਏ ਹਨ। ਸਰਕਾਰ ਨੇ ਪ੍ਰਵਾਸੀ ਭਾਰਤੀ ਦੇ ਸ਼ੁਰੂ ਕੀਤੇ ਵਿਸ਼ੇਸ਼ ਪ੍ਰੋਗਰਾਮ 'ਅਪਣੀਆਂ ਜੜ੍ਹਾਂ ਨਾਲ ਜੁੜੋ' ਤਹਿਤ ਇਥੇ ਪੁੱਜੇ ਬੱਚੇ 16 ਅਗੱਸਤ ਤਕ ਪੰਜਾਬ ਵਿਚ ਰਹਿਣਗੇ। ਪੰਜਾਬ ਸਰਕਾਰ ਬੱਚਿਆਂ ਦੇ ਗਰੁਪ ਦਾ ਹਵਾਈ ਸਫ਼ਰ ਸਮੇਤ ਇਥੇ ਰਹਿਣ ਸਹਿਣ ਦਾ ਸਾਰਾ ਖ਼ਰਚਾ ਚੁਕ ਰਹੀ ਹੈ। ਸਰਕਾਰ ਦੀ ਚਾਲੂ ਸਾਲ ਦੌਰਾਨ ਐਨ.ਆਰ.ਆਈ ਉਤੇ ਇਕ ਕਰੋੜ ਰੁਪਏ ਖ਼ਰਚ ਕਰਨ ਦੀ ਯੋਜਨਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦੋਸਤ ਅਤੇ ਇੰਗਲੈਂਡ ਵਸਦੇ ਪੰਜਾਬੀ ਵਰਿੰਦਰ ਸਿੰਘ ਖੇੜਾ ਗਰੁਪ ਦੀ ਅਗਵਾਈ ਕਰ ਰਹੇ ਹਨ। ਪੰਜਾਬ ਸਰਕਾਰ ਦੇ 'ਅਪਣੀਆਂ ਜੜ੍ਹਾਂ ਨਾਲ ਜੁੜੇ ਪ੍ਰੋਗਰਾਮ' ਨੂੰ ਵੱਡੀ ਘਾਲਣਾ ਤੋਂ ਬਾਅਦ ਬੂਰ ਪਿਆ ਹੈ। ਇਸ ਤੋਂ ਪਹਿਲਾਂ ਭੇਜੇ ਸੱਦੇ ਨੂੰ ਸਿਰਫ਼ 'ਸਵਾ ਲੱਖ' ਬੱਚੇ ਨੇ ਹੁੰਗਾਰਾ ਭਰਿਆ ਸੀ। ਮੋਹਾਲੀ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਪੁੱਜੇ ਗਰੁਪ ਵਿਚ 16 ਤੋਂ 22 ਸਾਲ ਦੇ ਬੱਚੇ-ਬੱਚੀਆਂ ਸ਼ਾਮਲ ਹਨ। ਇਨ੍ਹਾਂ ਦਾ ਸਵਾਗਤ ਕਰਨ ਲਈ ਹਵਾਈ ਅੱਡੇ 'ਤੇ ਐਨ.ਆਰ.ਆਈ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਐਸ.ਆਰ. ਲੱਧੜ ਅਤੇ ਮੁੱਖ ਮੰਤਰੀ ਦੇ ਅਫ਼ਸਰ ਆਨ ਸਪੈਸ਼ਲ ਡਿਊਟੀ ਜਗਦੀਪ ਸਿੰਘ ਸਿੱਧੂ ਪੁੱਜੇ ਹੋਏ ਸਨ।
ਦੌਰੇ ਦੀਆਂ ਪਹਿਲੀਆਂ ਤਿੰਨ ਰਾਤਾਂ ਇਹ ਬੱਚੇ ਪੰਜਾਬ ਭਵਨ ਵਿਚ ਰੁਕਣਗੇ। ਅੱਠ ਦਿਨ ਦੀ ਠਹਿਰਾਅ ਦੌਰਾਨ ਇਸ ਗਰੁਪ ਨੂੰ ਪੰਜਾਬ ਦੇ ਸਭਿਆਚਾਰ ਅਤੇ ਵਿਰਾਸਤ ਤੋਂ ਜਾਣੂੰ ਕਰਵਾਉਣ ਤੋਂ ਪਹਿਲਾਂ ਧਾਰਮਕ ਅਤੇ ਇਤਿਹਾਸਕ ਮਹੱਤਤਾ ਵਾਲੀਆਂ ਥਾਵਾਂ 'ਤੇ ਘੁਮਾਇਆ ਜਾਵੇਗਾ। ਬੱਚੇ ਆਜ਼ਾਦੀ ਦਿਵਸ ਮੌਕੇ ਲੁਧਿਆਣਾ ਵਿਖੇ ਹੋਣ ਵਾਲੇ ਸੂਬਾ ਪਧਰੀ ਆਜ਼ਾਦੀ ਸਮਾਗਮ ਵਿਚ ਸ਼ਿਰਕਤ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ, ਰਾਮ ਤੀਰਥ, ਜ਼ਿਲ੍ਹਿਆਂ ਵਾਲਾ ਬਾਗ਼, ਜੰਗੀ ਯਾਦਗਾਰ, ਅਟਾਰੀ ਵਾਹਗਾ ਬਾਰਡਰ, ਸ਼ਹੀਦ ਭਗਤ ਸਿੰਘ ਦਾ ਘਰ ਅਤੇ ਵਿਰਾਸਤ ਏ ਖ਼ਾਲਸਾ ਦੇ ਦਰਸ਼ਨ ਕਰਵਾਏ ਜਾਣਗੇ।
ਰਾਜ ਦੀਆਂ ਤਿੰਨੋਂ ਸਰਕਾਰੀ ਯੂਨੀਵਰਸਟੀਆਂ ਦਾ ਗੇੜਾ ਲਵਾਉਣ ਦਾ ਵੀ ਪ੍ਰੋਗਰਾਮ ਹੈ। ਇਕ ਹੋਰ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 15 ਅਗੱਸਤ ਨੂੰ ਅਪਣੀ ਸਰਕਾਰੀ ਰਿਹਾਇਸ਼ 'ਤੇ ਦੁਪਹਿਰ ਦੇ ਖਾਣੇ ਦਾ ਸੱਦਾ ਦਿਤਾ ਗਿਆ ਹੈ। ਇਸ ਮੌਕੇ ਗਾਇਕ ਗੁਰਦਾਸ ਮਾਨ ਅਤੇ ਦਿਲਜੀਤ ਸਿੰਘ ਦੋਸਾਂਝ ਬੱਚਿਆਂ ਦਾ ਮਨੋਰੰਜਨ ਕਰਨਗੇ। ਸਰਕਾਰ ਵਲੋਂ ਬੱਚਿਆਂ ਨੂੰ ਜਲੰਧਰ, ਪਟਿਆਲਾ, ਲੁਧਿਆਣਾ, ਨਵਾਂਸ਼ਹਿਰ, ਫ਼ਰੀਦਕੋਟ ਅਤੇ ਮੋਹਾਲੀ ਸਥਿਤ ਉਨ੍ਹਾਂ ਦੇ ਪੁਰਖਿਆਂ ਦੇ ਜੱਦੀ ਘਰਾਂ ਵਿਚ ਲਿਜਾਣ ਦਾ ਵੀ ਪ੍ਰੋਗਰਾਮ ਹੈ। ਸਰਕਾਰ ਵਲੋਂ ਗਰੁਪ ਦੀ ਸੁਰੱਖਿਆ ਲਈ ਸਖ਼ਤ ਬੰਦੋਬਸਤ ਕੀਤੇ ਗਏ ਹਨ।
ਅਪਣੇ ਪੁਰਖਿਆਂ ਦੀ ਧਰਤੀ 'ਤੇ ਪਹਿਲੀ ਵਾਰ ਪੈਰ ਧਰਨ ਤੋਂ ਬਾਅਦ ਬੱਚਿਆਂ ਨੇ ਅਪਣੀ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਗੇੜਾ ਉਨ੍ਹਾਂ ਦਾ ਅਪਣੇ ਰਿਸ਼ਤੇਦਾਰਾਂ ਨੂੰ ਮਿਲਣ ਦਾ ਸਬੱਬ ਬਣੇਗਾ ਅਤੇ ਉਨ੍ਹਾਂ ਦੀ ਅਪਣੇ ਪੁਰਖਿਆਂ ਨਾਲ ਟੁੱਟੀ ਸਾਂਝ ਨੂੰ ਦੁਬਾਰਾ ਤੋਂ ਜੋੜਨ ਦਾ ਵਿਲੱਖਣ ਮੌਕਾ ਹੈ। ਐਨ.ਆਰ.ਆਈ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਐਸ.ਆਰ. ਲੱਧੜ ਨੇ ਦਸਿਆ ਕਿ ਬੱਚੇ ਪੰਜਾਬ ਅਤੇ ਚੰਡੀਗੜ੍ਹ ਦੀ ਦਿੱਖ ਤੋਂ ਪਹਿਲੀ ਨਜ਼ਰੇ ਪ੍ਰਭਾਵਤ ਹੋਏ ਹਨ। ਉਨ੍ਹਾਂ ਨੂੰ ਪੰਜਾਬ ਦੀ ਬੋਲੀ, ਖਾਣਾ ਅਤੇ ਆਲਾ ਦੁਆਲਾ ਚੰਗਾ ਲੱਗਾ ਹੈ।