
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅਪਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਸਭਾ ਦੇ ਡਿਪਟੀ ਚੇਅਰਮੈਨ ਦੇ ਅਹੁਦੇ ਦਾ ਦਾਅਵਾ ਰੱਦ ਕਰ ਦਿਤਾ ਹੈ.............
ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅਪਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਸਭਾ ਦੇ ਡਿਪਟੀ ਚੇਅਰਮੈਨ ਦੇ ਅਹੁਦੇ ਦਾ ਦਾਅਵਾ ਰੱਦ ਕਰ ਦਿਤਾ ਹੈ। ਅਕਾਲੀ ਦਲ ਨੇ ਡਿਪਟੀ ਚੇਅਰਮੈਨ ਦੀ ਅਹੁਦੇ ਲਈ ਸੁਖਦੇਵ ਸਿੰਘ ਢੀਂਡਸਾ ਅਤੇ ਨਰੇਸ਼ ਕੁਮਾਰ ਗੁਜਰਾਲ ਦੇ ਨਾਂ ਦਾ ਪੈਨਲ ਭੇਜਿਆ ਸੀ, ਪਰ ਭਾਜਪਾ ਨੇ ਇਨ੍ਹਾਂ ਨੂੰ ਨਾਮਨਜ਼ੂਰ ਕਰ ਦਿਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਭਾਜਪਾ ਦੇ ਇਸ ਵਤੀਰੇ ਤੋਂ ਕਾਫ਼ੀ ਰੋਹ 'ਚ ਨਜ਼ਰ ਆਏ ਹਨ ਅਤੇ ਉਨ੍ਹਾਂ ਨੇ ਦਿੱਲੀ 'ਚ ਪਾਰਟੀ ਦੇ ਪਾਰਲੀਮਾਨੀ ਗਰੁੱਪ ਦੀ ਮੀਟਿੰਗ ਸੱਦ ਲਈ ਹੈ।
Sukhbir Singh Badal
ਮੀਟਿੰਗ 'ਚ ਭਲਕ ਨੂੰ ਰਾਜ ਸਭਾ ਦੇ ਡਿਪਟੀ ਚੇਅਰਮੈਨ ਦੇ ਚੋਣ ਅਮਲ 'ਚ ਹਿੱਸਾ ਨਾ ਲਏ ਜਾਣ ਦਾ ਫ਼ੈਸਲਾ ਲਏ ਜਾਣ ਦੀ ਸੰਭਾਵਨਾ ਦੀ ਵੀ ਚਰਚਾ ਸੀ। ਪਰ ਇਸ ਦੇ ਉਲਟ ਅਕਾਲੀ ਦਲ ਨੇ ਵੋਟ ਅਮਲ ਵਿਚ ਬਕਾਇਦਾ ਹਿੱਸਾ ਲੈਣ ਦਾ ਫ਼ੈਸਲਾ ਲੈ ਲਿਆ ਹੈ। ਦਲ ਦੇ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਰਣਨੀਤੀ ਘੜਨ ਲਈ ਹੋਣ ਵਾਲੀ ਮੀਟਿੰਗ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਮੀਟਿੰਗ ਵਿਚ ਸਿਰਫ਼ ਪੰਜਾਬ ਦੇ ਮਸਲਿਆਂ ਬਾਰੇ ਗੱਲਬਾਤ ਕੀਤੀ ਗਈ ਹੈ। ਚੰਦੂਮਾਜਰਾ ਅਨੁਸਾਰ ਦੇਰ ਰਾਤ ਦਲ ਦੇ ਪ੍ਰਧਾਨ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨਾਲ ਪੰਜਾਬ ਦੇ ਲਟਕਦੇ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕਰਨਗੇ।
ਡਿਪਟੀ ਚੇਅਰਮੈਨ ਦੇ ਅਹੁਦੇ ਲਈ ਐਨ.ਡੀ.ਏ. ਅਤੇ ਵਿਰੋਧੀ ਧਿਰ 'ਚ ਮੁਕਾਬਲਾ ਹੋਣ ਦੇ ਆਸਾਰ ਬਣੇ ਹੋਏ ਹਨ। ਹਾਕਮ ਧਿਰ ਵਲੋਂ ਜਨਤਾ ਦਲ (ਯੂ.) ਦੇ ਮੈਂਬਰ ਪਾਰਲੀਮੈਂਟ ਹਰੀਬੰਸ ਨੂੰ ਚੋਣ ਮੈਦਾਨ 'ਚ ਉਤਾਰੇ ਜਾਣ ਦੀ ਸੰਭਾਵਨਾ ਹੈ। ਉਹ ਹਿੰਦੀ ਅਖ਼ਬਾਰ 'ਪ੍ਰਭਾਤ ਅਖ਼ਬਾਰ' ਦੇ ਸੰਪਾਦਕ ਰਹੇ ਹਨ। ਦੂਜੇ ਬੰਨੇ ਕਾਂਗਰਸ ਵਲੋਂ ਵੀ ਚੋਣ ਰਣਨੀਤੀ ਘੜਨ ਅਤੇ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਮ ਰੂਪ ਦੇਣ ਲਈ ਮੀਟਿੰਗ ਸੱਦ ਲਈ ਹੈ। ਇਹ ਅਹੁਦਾ ਪੀ.ਜੇ. ਕੁਰੀਅਨ ਦੇ ਸੇਵਾਮੁਕਤ ਹੋਣ ਨਾਲ ਖ਼ਾਲੀ ਹੋਇਆ ਹੈ। ਚੇਤੇ ਕਰਵਾਇਆ ਜਾਂਦਾ ਹੈ ਕਿ ਭਾਜਪਾ ਦੀ ਜਨਤਾ ਦਲ (ਯੂ.) ਨਾਲ ਬਿਹਾਰ ਅਤੇ ਅਕਾਲੀ ਦਲ ਨਾਲ ਪੰਜਾਬ 'ਚ ਸਿਆਸੀ ਭਾਈਵਾਲੀ ਹੈ।