
ਗੰਭੀਰ ਮਰੀਜ਼ਾਂ ਦੀ ਜਾਨ ਬਚਾਉਣ ਲਈ ਚਲਾਈਆਂ ਜਾ ਰਹੀਆਂ ਐਂਬੂਲੈਂਸ 108 ਜਾਨ ਲਈ ਖ਼ਤਰਾ ਬਣ ਚੁਕੀਆਂ ਹਨ..........
ਚੰਡੀਗੜ੍ਹ : ਗੰਭੀਰ ਮਰੀਜ਼ਾਂ ਦੀ ਜਾਨ ਬਚਾਉਣ ਲਈ ਚਲਾਈਆਂ ਜਾ ਰਹੀਆਂ ਐਂਬੂਲੈਂਸ 108 ਜਾਨ ਲਈ ਖ਼ਤਰਾ ਬਣ ਚੁਕੀਆਂ ਹਨ। ਰਾਜ 'ਚ ਚਲ ਰਹੀਆਂ ਐਂਬੂਲੈਂਸ-108 ਗੱਡੀਆਂ ਵਿਚ ਜ਼ਿਆਦਾਤਰ ਮਰੀਜ਼ਾਂ ਨੂੰ ਫ਼ਸਟ ਏਡ ਦੇਣ ਦਾ ਸਮਾਨ ਨਹੀਂ ਮਿਲਦਾ ਤੇ ਕਈ ਤਾਂ ਡਰਾਈਵਰਾਂ ਦੀ ਘਾਟ ਕਾਰਨ ਬੇਕਾਰ ਖੜੀਆਂ ਕੀਤੀਆਂ ਗਈਆਂ ਹਨ। ਦੋ ਦਰਜਨ ਦੇ ਕਰੀਬ ਐਂਬੂਲੈਂਸ 108 ਗੱਡੀਆਂ ਖਟਾਰਾ ਹੋ ਚੁਕੀਆਂ ਹਨ। ਵਿਜੀਲੈਂਸ ਬਿਊਰੋ ਨੇ ਅੱਜ ਅਚਨਚੇਤ ਛਾਪੇ ਮਾਰ ਕੇ ਐਂਬੂਲੈਂਸ 108 ਦੀ ਕਾਰਗੁਜ਼ਾਰੀ ਦੇ ਪੋਤੜੇ ਫਰੋਲ ਕੇ ਰਖ ਦਿਤੇ ਹਨ। ਵਿਜੀਲੈਂਸ ਵਿਭਾਗ ਨੂੰ ਐਂਬੂਲੈਂਸ 108 ਬਾਰੇ ਵੱਡੀ ਗਿਣਤੀ ਵਿਚ ਸ਼ਿਕਾਇਤਾਂ ਮਿਲ ਰਹੀਆਂ ਸਨ।
ਸਰਕਾਰੀ ਤੌਰ 'ਤੇ ਲਈ ਜਾਣਕਾਰੀ ਅਨੁਸਾਰ ਪੰਜਾਬ ਵਿਚ ਐਂਬੂਲੈਂਸ 108 ਦੀ ਗਿਣਤੀ 242 ਹੈ। ਇਕ ਐਂਬੂਲੈਂਸ ਦੀ ਕੀਮਤ 10 ਤੋਂ 12 ਲੱਖ ਰੁਪਏ ਦੱਸੀ ਜਾ ਰਹੀ ਹੈ। ਇਹ ਐਂਬੂਲੈਂਸਾਂ ਕੇਂਦਰੀ ਨੈਸ਼ਨਲ ਰੂਰਲ ਹੈਲਥ ਮਿਸ਼ਨ ਵਲੋਂ ਖ਼ਰੀਦੀਆਂ ਗਈਆਂ ਸਨ ਤੇ ਪੰਜਾਬ ਸਿਹਤ ਵਿਭਾਗ ਇਨ੍ਹਾਂ ਨੂੰ ਚਲਾ ਰਿਹਾ ਹੈ। ਸਿਹਤ ਵਿਭਾਗ ਨੇ ਐਂਬੂਲੈਂਸ 108 ਦਾ ਪੂਰਾ ਕੰਮਕਾਜ ਅਪਣੇ ਗਲੋਂ ਲਾਹ ਕੇ ਇਕ ਪ੍ਰਾਈਵੇਟ ਕੰਪਨੀ ਨੂੰ ਦੇ ਰਖਿਆ ਹੈ ਪਰ ਇਸ 'ਤੇ ਅੱਖ ਰੱਖਣ ਦੀ ਜ਼ੁੰਮੇਵਾਰੀ ਸਿਹਤ ਵਿਭਾਗ ਕੋਲ ਹੀ ਹੈ। ਬਾਵਜੂਦ ਇਸ ਦੇ, ਐਂਬੂਲੈਂਸ 108 ਦੀ ਹਾਲਤ ਵਿਗੜੀ ਚੁੱਕੀ ਹੈ।
ਇਹ ਐਂਬੂਲੈਂਸਾਂ ਨੈਸ਼ਨਲ ਹਾਈਵੇਅ ਤੋਂ ਬਿਨਾਂ ਸਰਕਾਰੀ ਸਿਹਤ ਕੇਂਦਰਾਂ ਵਿਚ ਖੜੀਆਂ ਕੀਤੀਆਂ ਜਾਂਦੀਆਂ ਹਨ। ਐਮਰਜੈਂਸੀ ਪੈਣ 'ਤੇ 108 ਜਾਂ 181 ਨੰਬਰ 'ਤੇ ਫ਼ੋਨ ਕਰ ਕੇ ਸੇਵਾ ਲਈ ਜਾ ਸਕਦੀ ਹੈ। ਇਸ ਦੇ ਉਲਟ ਹਾਲਤ ਇਹ ਹੈ ਕਿ ਐਂਬੂਲੈਂਸ ਵਿਚ ਮੈਡੀਕਲ ਸਹੂਲਤਾਂ ਦੇ ਨਾਲ ਨਾਲ ਮੈਡੀਕਲ ਸਟਾਫ਼ ਦੀ ਘਾਟ ਮਰੀਜ਼ਾਂ ਦੀ ਜਾਨ ਲਈ ਖ਼ਤਰਾ ਬਣ ਰਹੀ ਹੈ। ਐਂਬੂਲੈਂਸਾਂ ਡਰਾਈਵਰਾਂ ਉਤੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਲਿਜਾਣ ਦੀ ਥਾਂ ਕਮਿਸ਼ਨ ਦੀ ਖ਼ਾਤਰ ਨਿੱਜੀ ਹਸਪਤਾਲਾਂ ਵਿਚ ਲਿਜਾਣ ਦੇ ਵੀ ਦੋਸ਼ ਲਗਦੇ ਆ ਰਹੇ ਹਨ।
ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਅਤੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਬੀ.ਕੇ. ਉੱਪਲ ਨੇ ਕਿਹਾ ਕਿ ਸੂਬੇ ਵਿਚ ਐਂਬੂਲੈਂਸ 108 ਸੇਵਾ ਵਿਚ ਸੁਧਾਰ ਕਰਨ ਲਈ ਰੀਪੋਰਟ ਸਿਹਤ ਵਿਭਾਗ ਨੂੰ ਜਲਦੀ ਦਿਤੀ ਜਾਵੇਗੀ। ਇਕ ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਵਲੋਂ ਸਿਹਤ ਵਿਭਾਗ ਦੀਆਂ ਟੀਮਾਂ ਦੀ ਸਹਾਇਤਾ ਨਾਲ, ਸੂਬੇ ਭਰ ਵਿਚ 108 ਟੈਲੀਫ਼ੋਨ ਨੰਬਰ ਅਧੀਨ ਆਉਂਦੀਆਂ ਐਂਬੂਲੈਂਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਇਸ ਵਿਸ਼ੇਸ਼ ਮੁਹਿੰਮ ਤਹਿਤ ਟੀਮਾਂ ਵਲੋਂ ਵਾਹਨਾਂ ਦੀ ਹਾਲਤ ਤੇ ਉਨ੍ਹਾਂ ਵਿਚ ਲਗਾਏ ਉਪਕਰਣਾਂ ਅਤੇ ਐਂਬੂਲੈਂਸਾਂ ਨਾਲ ਸਬੰਧਤ ਸਟਾਫ਼ ਨੂੰ ਦਿਤੀਆਂ ਗਈਆਂ ਹਦਾਇਤਾਂ ਅਨੁਸਾਰ ਇਨ੍ਹਾਂ ਦੇ ਸਮੁੱਚੇ ਰੱਖ ਰਖਾਅ ਦੀ ਜਾਂਚ ਕੀਤੀ ਗਈ। ਇਸ ਮੁਹਿੰਮ ਤਹਿਤ ਸਿਰਫ਼ ਆਪੋ ਅਪਣੇ ਸਟੇਸ਼ਨਾਂ ਤੇ ਖੜੀਆਂ ਐਂਬੂਲੈਂਸਾਂ ਦੀ ਹੀ ਚੈਕਿੰਗ ਕੀਤੀ ਗਈ।
ਜਾਂਚ ਦੌਰਾਨ ਇਨ੍ਹਾਂ ਟੀਮਾਂ ਨੇ ਵੇਖਿਆ ਕਿ ਕਈ ਐਂਬੂਲੈਂਸਾਂ ਵਿਚ ਏਅਰ ਕੰਡੀਸ਼ਨ ਸਿਸਟਮ, ਇਨਵਰਟਰ ਅਤੇ ਹੋਰ ਦੂਜੇ ਜ਼ਰੂਰੀ ਉਪਕਰਣ ਜਿਵੇਂ ਗੈਸ ਕਟਰ, ਅੱਗ ਬੁਝਾਉਣ ਵਾਲੇ ਉਪਕਰਣ ਆਦਿ ਸਹੀ ਤਰੀਕੇ ਨਾਲ ਕਾਰਜ ਕਰਨ ਯੋਗ ਨਹੀਂ ਸਨ ਅਤੇ ਕਈ ਵਾਹਨਾਂ ਵਿਚ ਸਟੈਪਣੀ ਵੀ ਨਹੀਂ ਸੀ। ਐਂਬੂਲੈਂਸਾਂ ਵਿਚ ਰੱਖ ਰਖਾਅ ਅਤੇ ਸਫ਼ਾਈ ਸਹੂਲਤਾਂ ਦੀ ਘਾਟ ਵੀ ਮਹਿਸੂਸ ਕੀਤੀ ਗਈ।