
ਅੱਜ ਦੁਪਹਿਰ ਸਮੇਂ ਲੁਧਿਆਣਾ-ਫ਼ਿਰੋਜ਼ਪੁਰ ਨੈਸ਼ਨਲ ਹਾਈਵੇ 'ਤੇ ਪਿੰਡ ਪੰਡੋਰੀ ਨੇੜੇ ਇਕ ਆਟੋ, ਬੱਸ ਤੇ ਮੋਟਰਸਾਈਕਲ ਦੀ ਟੱਕਰ......
ਮੁੱਲਾਂਪੁਰ ਦਾਖਾ, : ਅੱਜ ਦੁਪਹਿਰ ਸਮੇਂ ਲੁਧਿਆਣਾ-ਫ਼ਿਰੋਜ਼ਪੁਰ ਨੈਸ਼ਨਲ ਹਾਈਵੇ 'ਤੇ ਪਿੰਡ ਪੰਡੋਰੀ ਨੇੜੇ ਇਕ ਆਟੋ, ਬੱਸ ਤੇ ਮੋਟਰਸਾਈਕਲ ਦੀ ਟੱਕਰ ਵਿਚ ਆਟੋ ਸਵਾਰ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਪੰਡੋਰੀ ਹਸਪਤਾਲ ਮੁੱਲਾਂਪੁਰ ਵਿਖੇ ਦਾਖ਼ਲ ਕਰਵਾਇਆ ਗਿਆ। ਬੱਸ ਡਰਾਈਵਰ ਮੌਕੇ 'ਤੇ ਬੱਸ ਛੱਡ ਕੇ ਫ਼ਰਾਰ ਹੋ ਗਿਆ।
ਥਾਣਾ ਦਾਖਾ ਦੇ ਥਾਣੇਦਾਰ ਬਲਜਿੰਦਰ ਕੁਮਾਰ ਨੇ ਦਸਿਆ ਕਿ ਆਟੋ ਨੰਬਰ ਪੀਬੀ10-ਈਐਸ-7063 ਜਗਰਾਉਂ ਤੋਂ ਲੁਧਿਆਣਾ ਨੂੰ ਜਾ ਰਿਹਾ ਸੀ ਅਤੇ ਜਦ ਆਟੋ ਮੈਰੀਵਿਲਾ ਪੈਲੇਸ ਪੰਡੋਰੀ ਦੇ ਸਾਹਮਣੇ ਪੁੱਜਾ ਤਾਂ ਗ਼ਲਤ ਸਾਈਡ ਤੋਂ ਆ ਰਹੇ ਮੋਟਰਸਾਇਕਲ ਚਾਲਕ ਦੀ ਆਟੋ ਨਾਲ ਟੱਕਰ ਹੋ ਗਈ ਅਤੇ ਆਟੋ ਨਾਲ ਟੱਕਰ ਹੋਣ ਤੋਂ ਬਾਅਦ ਮੋਟਰਸਾਈਕਲ ਮੋਗਾ ਤੋਂ ਲੁਧਿਆਣਾ ਜਾ ਰਹੀ ਪ੍ਰਾਈਵੇਟ ਕੰਪਨੀ ਦੀ ਬੱਸ ਪੀਬੀ 30 ਐਨ-8737 ਨਾਲ ਟਕਰਾ ਗਿਆ ਅਤੇ ਬੱਸ ਬੇਕਾਬੂ ਹੋ ਕੇ ਆਟੋ ਵਿਚ ਜਾ ਵੱਜੀ।
ਇਸ ਹਾਦਸੇ ਵਿਚ ਬੱਸ ਦੀ ਟੱਕਰ ਨਾਲ ਆਟੋ ਸੜਕ 'ਤੇ ਪਲਟ ਗਿਆ ਅਤੇ ਆਟੋ ਸਵਾਰ ਚਾਰ ਵਿਅਕਤੀਆਂ ਵਿਚੋਂ ਤਿੰਨ ਵਿਅਕਤੀ ਆਟੋ ਚਾਲਕ ਕਮਲਜੀਤ ਸਿੰਘ ਵਾਸੀ ਜਗਰਾਉਂ ਅਤੇ ਆਟੋ 'ਚ ਸਵਾਰ ਭੁਪਿੰਦਰ ਸਿੰਘ ਪੁੱਤਰ ਅਜੈਬ ਸਿੰਘ ਤੇ ਉਸ ਦਾ ਇਕ ਹੋਰ ਸਾਥੀ ਜ਼ਖ਼ਮੀ ਹੋ ਗਏ। ਉਨ੍ਹਾਂ ਦਸਿਆ ਕਿ ਜ਼ਖ਼ਮੀਆਂ ਨੂੰ ਲੋਕ ਸੇਵਾ ਕਮੇਟੀ ਮੁੱਲਾਂਪੁਰ ਦੀ ਐਂਬੂਲੈਂਸ ਅਤੇ 108 ਐਂਬੂਲੈਂਸ ਹਸਪਤਾਲ ਪੁਹੰਚਾਇਆ ਗਿਆ ਪਰ ਬੱਸ ਡਰਾਈਵਰ ਬੱਸ ਛੱਡ ਕੇ ਫ਼ਰਾਰ ਹੋ ਚੁੱਕਾ ਸੀ।
ਉਨ੍ਹਾਂ ਦਸਿਆ ਕਿ ਇਹ ਹਾਦਸਾ ਮੋਟਰਸਾਈਕਲ ਚਾਲਕ ਦੀ ਗ਼ਲਤੀ ਕਾਰਨ ਹੋਇਆ ਲਗਦਾ ਹੈ ਅਤੇ ਮੋਟਰਸਾਈਕਲ ਚਾਲਕ ਮੌਕੇ 'ਤੇ ਮੋਟਰਸਾਈਕਲ ਛੱਡ ਕੇ ਫ਼ਰਾਰ ਹੋ ਚੁੱਕਾ ਸੀ ਅਤੇ ਮੋਟਰਸਾਈਕਲ ਚਾਲਕ ਦੀ ਵੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਆਟੋ ਚਾਲਕ ਦੇ ਬਿਆਨਾਂ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।