
ਪੁਲਿਸ ਉਤੇ ਸਮੂਹਿਕ ਕੁਕਰਮ ਪੀੜਤਾ ਨਾਲ ਕੁੱਟਮਾਰ ਕਰਨ ਦਾ ਇਲਜ਼ਾਮ ਲੱਗਿਆ ਹੈ। ਇਹ ਇਲਜ਼ਾਮ ਲੜਕੀ ਦੇ ਪਿਤਾ ਨੇ...
ਲੁਧਿਆਣਾ (ਸਸਸ) : ਪੁਲਿਸ ਉਤੇ ਸਮੂਹਿਕ ਕੁਕਰਮ ਪੀੜਤਾ ਨਾਲ ਕੁੱਟਮਾਰ ਕਰਨ ਦਾ ਇਲਜ਼ਾਮ ਲੱਗਿਆ ਹੈ। ਇਹ ਇਲਜ਼ਾਮ ਲੜਕੀ ਦੇ ਪਿਤਾ ਨੇ ਲਗਾਏ ਹਨ। ਪਿਤਾ ਨੇ ਇਕ ਮਹਿਲਾ ਪੁਲਿਸ ਕਰਮਚਾਰੀ ਅਤੇ ਏਐਸਆਈ ‘ਤੇ ਧੀ ਨਾਲ ਕੁੱਟਮਾਰ ਦੇ ਇਲਜ਼ਾਮ ਲਗਾਏ ਹਨ। ਮਾਮਲਾ ਪੰਜਾਬ ਦੇ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 7 ਦਾ ਹੈ। ਦੋਵਾਂ ਪੁਲਿਸ ਕਰਮਚਾਰੀ ਇਸ ਥਾਣੇ ‘ਤੇ ਤੈਨਾਤ ਹਨ। ਪਿਤਾ ਦਾ ਕਹਿਣਾ ਹੈ ਕਿ ਪੁਲਿਸ ਕਰਮਚਾਰੀਆਂ ਨੇ ਇਕ ਦੋਸ਼ੀ ਦੇ ਖਿਲਾਫ਼ ਕੇਸ ਦਰਜ ਕਰਵਾਉਣ ਦਾ ਦਬਾਅ ਬਣਾਇਆ ਅਤੇ ਦੋ ਹੋਰ ਦੋਸ਼ੀਆਂ ਨੂੰ ਮਾਮਲੇ ਤੋਂ ਬਾਹਰ ਕਰਨ ਨੂੰ ਕਿਹਾ।
ਪੀੜਤਾ ਦੇ ਪਿਤਾ ਨੇ ਸ਼ੁੱਕਰਵਾਰ ਨੂੰ ਜਦੋਂ ਥਾਣੇ ਵਿਚ ਹੰਗਾਮਾ ਕੀਤਾ, ਤਾਂ ਹਫ਼ੜਾ-ਦਫ਼ੜੀ ਵਿਚ ਪੀੜਤਾ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਭੇਜ ਦਿਤਾ ਗਿਆ। ਪੀੜਤਾ ਨਾਲ ਕੁੱਟਮਾਰ ਕਰਨ ਵਾਲੇ ਏਐਸਆਈ ਅਤੇ ਮਹਿਲਾ ਪੁਲਿਸ ਕਰਮਚਾਰੀ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਪੀੜਤਾ ਦੇ ਪਿਤਾ ਦੇ ਮੁਤਾਬਕ ਉਨ੍ਹਾਂ ਦੀ ਧੀ ਇਕ ਫੈਕਟਰੀ ਵਿਚ ਕੰਮ ਕਰਦੀ ਸੀ। ਬੀਤੇ 20 ਨਵੰਬਰ ਨੂੰ ਉਨ੍ਹਾਂ ਦੀ ਧੀ ਘਰ ਤੋਂ ਕੰਮ ਉਤੇ ਗਈ ਸੀ। ਉਸ ਤੋਂ ਬਾਅਦ ਘਰ ਨਹੀਂ ਮੁੜੀ।
ਇਸ ਉਤੇ ਪੁਲਿਸ ਨੂੰ ਸ਼ਿਕਾਇਤ ਦਿਤੀ ਗਈ। ਪੁਲਿਸ ਨੇ ਅਗਵਾਹ ਦਾ ਮਾਮਲਾ ਦਰਜ ਕਰਨ ਦੀ ਜਗ੍ਹਾ ਸਿਰਫ਼ ਘਰ ਤੋਂ ਭੱਜਣ ਦਾ ਕੇਸ ਦਰਜ ਕੀਤਾ ਅਤੇ ਇਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਅਪਣੇ ਪੱਧਰ ਉਤੇ ਅਪਣੀ ਧੀ ਦੀ ਭਾਲ ਕਰਨੀ ਸ਼ੁਰੂ ਕਰ ਦਿਤੀ। ਸੋਸ਼ਲ ਮੀਡੀਆ ਦੇ ਮਾਧਿਅਮ ਤੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਦੋਸ਼ੀ ਉਨ੍ਹਾਂ ਦੀ ਧੀ ਨੂੰ ਅਗਵਾ ਕਰ ਕੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗੌਂਡਾ ਲੈ ਗਏ ਹਨ। ਸੋਸ਼ਲ ਮੀਡੀਆ ਉਤੇ ਮਾਮਲਾ ਆਉਣ ਉਤੇ ਦੋਸ਼ੀ ਉਸ ਨੂੰ ਜਲੰਧਰ ਲੈ ਆਏ।
ਕੁੱਝ ਦਿਨ ਪਹਿਲਾਂ ਧੀ ਦਾ ਫ਼ੋਨ ਆਇਆ ਕਿ ਤਿੰਨ ਨੌਜਵਾਨਾਂ ਨੇ ਉਸ ਨੂੰ ਬੰਦੀ ਬਣਾ ਕੇ ਰੱਖਿਆ ਹੈ। ਦੋਸ਼ੀ ਉਸ ਨੂੰ ਨਸ਼ਾ ਦੇ ਕੇ ਹਰ ਰੋਜ਼ ਕੁਕਰਮ ਕਰਦੇ ਹਨ। ਬੀਤੇ 12 ਦਸੰਬਰ ਨੂੰ ਪਰਵਾਰ ਵਾਲੇ ਪੁਲਿਸ ਨੂੰ ਲੈ ਕੇ ਕਿਸੇ ਤਰ੍ਹਾਂ ਜਲੰਧਰ ਮਿੱਠਾ ਚੌਂਕ ਪਿੰਡ ਵਿਚ ਪਹੁੰਚੇ ਅਤੇ ਅਪਣੀ ਧੀ ਨੂੰ ਬਰਾਮਦ ਕਰ ਲਿਆ। ਪੀੜਤਾ ਦੇ ਪਿਤਾ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇਕ ਦੋਸ਼ੀ ਨੂੰ ਕਾਬੂ ਕਰ ਕੇ ਪੁਲਿਸ ਦੇ ਹਵਾਲੇ ਵੀ ਕਰ ਦਿਤਾ ਸੀ। ਵੀਰਵਾਰ ਨੂੰ ਉਨ੍ਹਾਂ ਦੀ ਧੀ ਬਿਆਨ ਦਰਜ ਕਰਵਾਉਣ ਲਈ ਥਾਣਾ ਡਿਵੀਜ਼ਨ ਨੰਬਰ 7 ਗਈ।
ਉਥੇ ਤੈਨਾਤ ਇਕ ਮਹਿਲਾ ਪੁਲਿਸ ਕਰਮਚਾਰੀ ਅਤੇ ਏਐਸਆਈ ਤਰਸੇਮ ਸਿੰਘ ਕੇਸ ਵਿਚ ਇਕ ਦੋਸ਼ੀ ਦਾ ਨਾਮ ਦਰਜ ਕਰਵਾਉਣ ਦਾ ਦਬਾਅ ਬਣਾਉਣ ਲੱਗੇ। ਧੀ ਦੇ ਮਨ੍ਹਾ ਕਰਨ ‘ਤੇ ਮਹਿਲਾ ਪੁਲਿਸ ਕਰਮਚਾਰੀ ਅਤੇ ਏਐਸਆਈ ਨੇ ਉਸ ਨਾਲ ਕੁੱਟਮਾਰ ਕੀਤੀ, ਜਿਸ ਕਰਕੇ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਉਹ ਧੀ ਨੂੰ ਘਰ ਲੈ ਆਏ। ਸ਼ੁੱਕਰਵਾਰ ਨੂੰ ਹੋਰ ਲੋਕਾਂ ਨੂੰ ਨਾਲ ਲੈ ਕੇ ਡਿਵੀਜ਼ਨ ਨੰਬਰ 7 ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਦੀ ਧੀ ਨੂੰ ਮੈਡੀਕਲ ਲਈ ਭੇਜਿਆ ਗਿਆ।