
ਸ਼ਾਤਰ ਦਿਮਾਗ ਲੋਕ ਗਲੀ ਗਲੀ ਘੁੰਮਦੇ ਫਿਰਦੇ ਹਨ ਤੇ ਉਹ ਠੱਗੀਆਂ ਦੇ ਨਵੇਂ ਨਵੇਂ ਫ਼ੰਡੇ ਅਪਣਾ ਕੇ ਆਮ ਲੋਕਾਂ ਨੂੰ ਠੱਗਦੇ ਰਹਿੰਦੇ ਹਨ।
ਐਸ.ਐਸ.ਏ. ਨਗਰ, (ਕ੍ਰਾਈਮ ਰਿਪੋਰਟਰ): ਸ਼ਾਤਰ ਦਿਮਾਗ ਲੋਕ ਗਲੀ ਗਲੀ ਘੁੰਮਦੇ ਫਿਰਦੇ ਹਨ ਤੇ ਉਹ ਠੱਗੀਆਂ ਦੇ ਨਵੇਂ ਨਵੇਂ ਫ਼ੰਡੇ ਅਪਣਾ ਕੇ ਆਮ ਲੋਕਾਂ ਨੂੰ ਠੱਗਦੇ ਰਹਿੰਦੇ ਹਨ। ਅਜਿਹਾ ਹੀ ਮਾਮਲਾ ਮੋਹਾਲੀ ਪੁਲਿਸ ਨੇ ਸਾਹਮਣੇ ਲਿਆਂਦਾ ਹੈ। ਇਹ ਮਾਮਲਾ ਪੰਜਾਬ ਪੁਲਿਸ ਵਿਚ ਭਰਤੀ ਕਰਵਾਉਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਹੈ।
ਭਾਵੇਂ ਪੁਲਿਸ ਭਰਤੀ ਦੇ ਨਾਂ 'ਤੇ ਪਹਿਲਾਂ ਵੀ ਕਈ ਠੱਗੀਆਂ ਹੁੰਦੀਆਂ ਆਈਆਂ ਹਨ ਪਰ ਇਸ ਵਾਰ ਇਕ ਵਿਅਕਤੀ ਨੇ ਖ਼ੁਦ ਨੂੰ (ਡੀ.ਜੀ.ਪੀ.) ਦਾ ਨਜ਼ਦੀਕੀ ਦਸਦਿਆਂ ਪੁਲਿਸ ਵਿਚ ਏ. ਐਸ. ਆਈ. ਭਰਤੀ ਕਰਵਾਉਣ ਦੇ ਨਾਂ 'ਤੇ 15 ਲੱਖ ਰੁਪਏ ਦੀ ਠੱਗੀ ਮਾਰੀ ਹੈ।ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਪਿਲਸ ਕੋਲ ਪਹੁੰਚ ਕੀਤੀ। ਫ਼ੇਜ਼-1 ਦੇ ਪੁਲਿਸ ਥਾਣੇ ਵਿਚ ਨਿਰਮਲ ਸਿੰਘ ਨਿਵਾਸੀ ਪਿੰਡ ਮੱਲਾਂਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਸ਼ਿਕਾਇਤ 'ਤੇ ਸੁਖਦੇਵ ਸਿੰਘ ਨਿਵਾਸੀ ਐਫ.-155, ਪਹਿਲੀ ਮੰਜ਼ਿਲ, ਗੌਲਫ਼ ਵਿਊ ਟਾਵਰ, ਫ਼ੇਜ਼-8ਬੀ, ਮੋਹਾਲੀ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ।
Man Cheated with Peopleਮੁਲਜ਼ਮ ਸੁਖਦੇਵ ਸਿੰਘ ਮੂਲ ਰੂਪ ਵਿਚ ਜ਼ਿਲ੍ਹਾ ਪਟਿਆਲਾ ਦੇ ਪਿੰਡ ਪੰਜੇਟਾ ਦਾ ਰਹਿਣ ਵਾਲਾ ਹੈ। ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਨਿਰਮਲ ਸਿੰਘ ਨੇ ਦਸਿਆ ਕਿ ਉਸ ਨੇ ਅਪਣੇ ਬੇਟੇ ਨੂੰ ਪੰਜਾਬ ਪੁਲਿਸ ਵਿਚ ਭਰਤੀ ਕਰਵਾਉਣ ਬਾਰੇ ਸੋਚਿਆ ਸੀ। ਇਸੇ ਦੌਰਾਨ ਉਸ ਦੇ ਇਕ ਦੋਸਤ ਅਮਿਤ ਨਿਵਾਸੀ ਹੁਸ਼ਿਆਰਪੁਰ ਨੇ ਉਸ ਦੀ ਮੁਲਾਕਾਤ ਸੁਖਦੇਵ ਸਿੰਘ ਨਿਵਾਸੀ ਪਿੰਡ ਪੰਜੇਟਾ ਦੇਵੀਗੜ੍ਹ, ਜ਼ਿਲ੍ਹਾ ਪਟਿਆਲਾ ਨਾਲ ਕਰਵਾਈ।
ਪੀੜਤ ਨੇ ਦਸਿਆ ਕਿ ਜ਼ਾਲਸਾਜ਼ ਨੇ ਉਨ੍ਹਾਂ ਨੂੰ ਕਿਹਾ ਕਿ ਉਸ ਦੀ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਨਾਲ ਸਿੱਧੀ ਗੱਲਬਾਤ ਹੈ ਤੇ ਉਹ ਉਸ ਦੇ ਬੇਟੇ ਨੂੰ ਪੰਜਾਬ ਪੁਲਿਸ ਵਿਚ ਏ. ਐਸ. ਆਈ. ਭਰਤੀ ਕਰਵਾ ਦੇਵੇਗਾ। ਇਸ ਭਰਤੀ ਲਈ ਉਸ ਨੇ 20 ਲੱਖ ਰੁਪਏ ਦੀ ਮੰਗ ਕੀਤੀ। ਉਸ ਨੇ ਅਪਣੇ ਘਰ ਦੇ ਗਹਿਣੇ ਤੇ ਅੱਧਾ ਏਕੜ ਜ਼ਮੀਨ ਵੇਚ ਕੇ ਤੇ ਕੁੱਝ ਪੈਸੇ ਉਧਾਰ ਚੁਕ ਕੇ ਜਨਵਰੀ 2015 ਵਿਚ ਸੁਖਦੇਵ ਸਿੰਘ ਨੂੰ 10 ਲੱਖ ਰੁਪਏ ਨਕਦ ਦੇ ਦਿਤੇ।
ਉਸ ਉਪਰੰਤ ਪਹਿਲਾਂ ਤਾਂ ਉਹ ਨੌਕਰੀ ਲਵਾਉਣ ਤੋਂ ਆਨਾਕਾਨੀ ਕਰਦਾ ਰਿਹਾ ਤੇ ਜਦੋਂ 2016 ਵਿਚ ਪੰਜਾਬ ਪੁਲਿਸ ਦੀ ਭਰਤੀ ਆਈ ਤਾਂ ਉਸ ਨੇ 5 ਲੱਖ ਰੁਪਏ ਹੋਰ ਮੰਗੇ ਤੇ ਕਿਹਾ ਕਿ ਇਸ ਵਾਰ ਉਹ ਉਸ ਦੇ ਬੇਟੇ ਨੂੰ ਏ. ਐੱਸ. ਆਈ. ਪੱਕਾ ਭਰਤੀ ਕਰਵਾ ਦੇਵੇਗਾ। ਨਿਰਮਲ ਸਿੰਘ ਨੇ ਕਿਹਾ ਕਿ ਪੁਲਿਸ ਭਰਤੀ ਵੀ ਲੰਘ ਗਈ ਪਰ ਉਸ ਦੇ ਬੇਟੇ ਨੂੰ ਭਰਤੀ ਨਹੀਂ ਕਰਵਾਇਆ ਗਿਆ।
15 Lacsਸ਼ਿਕਾਇਤਕਰਤਾ ਨੇ ਕਿਹਾ ਕਿ ਭਰਤੀ ਨਾ ਕਰਵਾਏ ਜਾਣ ਉਪਰੰਤ ਜਦੋਂ ਉਸ ਨੇ ਸੁਖਦੇਵ ਸਿੰਘ ਕੋਲੋਂ ਅਪਣੇ ਪੈਸੇ ਵਾਪਸ ਮੰਗੇ ਤਾਂ ਉਸ ਨੇ ਤਿੰਨ-ਤਿੰਨ ਲੱਖ ਰੁਪਏ ਦੇ ਚਾਰ ਚੈੱਕ ਦੇ ਦਿਤੇ, ਜੋ ਕਿ ਬੈਂਕ ਵਿਚ ਲਾਉਣ 'ਤੇ ਬਾਊਂਸ ਹੋ ਗਏ। ਜਦੋਂ ਉਸ ਨੂੰ ਚੈੱਕ ਬਾਊਂਸਿੰਗ ਬਾਰੇ ਦਸਿਆ ਤੇ ਪੈਸੇ ਵਾਪਸ ਮੰਗੇ ਤਾਂ ਉਹ ਉਲਟਾ ਉਨ੍ਹਾਂ ਨੂੰ ਅਪਣੀ ਉੱਚੀ ਪਹੁੰਚ ਕਾਰਨ ਝੂਠੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਦੇਣ ਲੱਗ ਪਿਆ।
ਪ੍ਰੇਸ਼ਾਨ ਹੋ ਕੇ ਉਸ ਨੇ ਇਸ ਸਬੰਧੀ ਸ਼ਿਕਾਇਤ ਪੁਲਿਸ ਥਾਣਾ ਫ਼ੇਜ਼-1 ਮੋਹਾਲੀ ਵਿਖੇ ਕੀਤੀ, ਜਿਸ ਦੌਰਾਨ ਪੁਲਿਸ ਨੇ ਸੁਖਦੇਵ ਸਿੰਘ ਵਿਰੁਧ ਠੱਗੀ ਦਾ ਕੇਸ ਦਰਜ ਕਰ ਲਿਆ ਹੈ। ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਮੁਹਿੰਮ ਛੇੜ ਦਿਤੀ ਹੈ। ਜਾਂਚ ਅਧਿਕਾਰੀ ਨੇ ਦਸਿਆ ਕਿ ਕਥਿਤ ਦੋਸ਼ੀ ਛੇਤੀ ਹੀ ਸ਼ਲਾਖ਼ਾਂ ਪਿਛੇ ਹੋਵੇਗਾ।