ਮਾਨਸੂਨ ਦੀਆਂ ਸ਼ੁਰੂਆਤੀ ਬਰਸਾਤਾਂ ਨਾਲ ਪੰਜਾਬ 'ਚ ਪਾਣੀ ਥੱਲੇ ਡੁੱਬੀ ਹਜ਼ਾਰਾਂ ਏਕੜ ਫ਼ਸਲ ਲਈ ਪੰਜਾਬ ਦੀਆਂ ਦੀਆਂ ਕਾਂਗਰਸੀ ਅਤੇ ਅਕਾਲੀ-ਭਾਜਪਾ ਸਰਕਾਰ............
ਚੰਡੀਗੜ੍ਹ : ਮਾਨਸੂਨ ਦੀਆਂ ਸ਼ੁਰੂਆਤੀ ਬਰਸਾਤਾਂ ਨਾਲ ਪੰਜਾਬ 'ਚ ਪਾਣੀ ਥੱਲੇ ਡੁੱਬੀ ਹਜ਼ਾਰਾਂ ਏਕੜ ਫ਼ਸਲ ਲਈ ਪੰਜਾਬ ਦੀਆਂ ਦੀਆਂ ਕਾਂਗਰਸੀ ਅਤੇ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪ੍ਰਭਾਵਿਤ ਕਿਸਾਨਾਂ ਦੇ ਨੁਕਸਾਨ ਲਈ ਪੂਰੇ 100 ਫ਼ੀ ਸਦੀ ਮੁਆਵਜ਼ੇ ਦੀ ਮੰਗ ਕੀਤੀ ਹੈ। 'ਆਪ' ਵਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਅਕਾਲੀ-ਭਾਜਪਾ ਤੇ ਕਾਂਗਰਸ ਦੀਆਂ ਸਰਕਾਰਾਂ ਨੇ ਪਾਣੀ ਦੇ ਸਾਰੇ ਕੁਦਰਤੀ ਵਹਿਣ ਖ਼ਤਮ ਕਰ ਦਿਤਾ।
ਲੋਕ ਨਿਰਮਾਣ ਅਤੇ ਮੰਡੀ ਬੋਰਡ ਵੱਲੋਂ ਪਿੰਡਾਂ ਦੇ ਕੱਚੇ ਰਸਤਿਆਂ 'ਤੇ ਲਿੰਕ ਸੜਕਾਂ ਬਣਾਉਣ ਸਮੇਂ ਬਣਦੀਆਂ ਨਿਵਾਣਾਂ ਉੱਤੇ ਪੁਲੀਆਂ ਨਹੀਂ ਬਣਾਈਆਂ ਗਈਆਂ। ਇਸ ਤਕਨੀਕੀ ਕੰਮ 'ਚ ਸੱਤਾਧਾਰੀ ਧਿਰਾਂ ਦੇ ਸਥਾਨਕ ਸਿਆਸੀ ਆਗੂਆਂ ਵੱਲੋਂ ਨਿੱਜੀ ਕਿੜ੍ਹਾ ਕੱਢੀਆਂ ਗਈਆਂ ਅਤੇ ਆਪਣੇ ਰਸੂਖ਼ ਦਾ ਦੱਬ ਕੇ ਦੁਰਉਪਯੋਗ ਕੀਤਾ ਗਿਆ, ਜਿਸ ਦਾ ਖ਼ਮਿਆਜ਼ਾ ਅੱਜ ਕਿਸਾਨ ਅਤੇ ਪਿੰਡਾਂ ਸ਼ਹਿਰਾਂ ਦੇ ਲੋਕ ਭੁਗਤ ਰਹੇ ਹਨ।
ਡਾ. ਬਲਬੀਰ ਸਿੰਘ ਅਤੇ ਸਦਰਪੁਰਾ ਨੇ ਸਿੰਚਾਈ ਅਤੇ ਡਰੇਨਜ਼ ਮਹਿਕਮੇ 'ਤੇ ਸੰਗੀਨ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹਰ ਸਾਲ ਕਰੋੜਾਂ ਰੁਪਏ ਦੇ ਬਜਟ ਦੇ ਬਾਵਜੂਦ ਨਾ ਨਹਿਰਾਂ ਦੀ ਸਫ਼ਾਈ ਹੁੰਦੀ ਹੈ ਅਤੇ ਨਾ ਡਰੇਨਾਂ ਦੀ, ਨਤੀਜੇ ਵਜੋਂ ਬਰਸਾਤ ਮੌਕੇ ਨਹਿਰਾਂ ਅਤੇ ਡਰੇਨਾਂ ਵੀ ਕਿਸਾਨਾਂ ਦਾ ਉਲਟਾ ਨੁਕਸਾਨ ਕਰ ਰਹੀਆਂ ਹਨ। ਸੱਤਾਧਾਰੀ ਅਤੇ ਅਫ਼ਸਰ ਕਾਗ਼ਜ਼ੀ ਸਫ਼ਾਈਆਂ 'ਚ ਸਰਕਾਰੀ ਖ਼ਜ਼ਾਨੇ ਨੂੰ ਕਰੋੜਾਂ-ਅਰਬਾਂ ਦਾ ਚੂਨਾ ਲਗਾ ਰਹੇ ਹਨ ਅਤੇ ਖ਼ਮਿਆਜ਼ਾ ਜਨਤਾ ਭੁਗਤ ਰਹੀ ਹੈ।
                    
                