
ਸਿੱਖ ਮਸਲਿਆਂ ਅਤੇ ਬਰਗਾੜੀ ਮੋਰਚੇ ਬਾਰੇ ਵਿਚਾਰ ਕਰਨ ਲਈ ਬੁਲਾਈ ਦੋ ਦਿਨਾਂ ਪੰਥਕ ਅਸੈਂਬਲੀ ਬਾਦਲਾਂ ਦੀਆਂ ਮੁਸ਼ਕਲਾਂ ਨੂੰ ਹੋਰ ਦੁੱਗਣਾ ਚੌਗੁਣਾ ਕਰ ਗਈ। ਇਸ ਦੌਰਾਨ ...
ਅੰਮ੍ਰਿਤਸਰ (ਸ਼ਾਹ) :- ਸਿੱਖ ਮਸਲਿਆਂ ਅਤੇ ਬਰਗਾੜੀ ਮੋਰਚੇ ਬਾਰੇ ਵਿਚਾਰ ਕਰਨ ਲਈ ਬੁਲਾਈ ਦੋ ਦਿਨਾਂ ਪੰਥਕ ਅਸੈਂਬਲੀ ਬਾਦਲਾਂ ਦੀਆਂ ਮੁਸ਼ਕਲਾਂ ਨੂੰ ਹੋਰ ਦੁੱਗਣਾ ਚੌਗੁਣਾ ਕਰ ਗਈ। ਇਸ ਦੌਰਾਨ ਜਿੱਥੇ ਬਰਗਾੜੀ ਮੋਰਚੇ ਦੀ ਹਮਾਇਤ ਤੇ ਬਾਦਲਾਂ ਦੇ ਬਾਈਕਾਟ ਦਾ ਸੱਦਾ ਦਿਤਾ ਗਿਆ। ਉਥੇ ਹੀ ਅਕਾਲੀ ਕਾਰਕੁਨਾਂ ਨੂੰ ਪੰਥ ਵਿਰੋਧੀ ਪਿਉ-ਪੁੱਤਰ ਦਾ ਸਾਥ ਛੱਡਣ, ਪੰਥ ਨੂੰ ਭਰੋਸੇ ਵਿਚ ਲਏ ਬਿਨਾਂ ਤੇ ਵਿਧੀ-ਵਿਧਾਨ ਘੜੇ ਬਿਨਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਪ੍ਰਵਾਨ ਨਾ ਕਰਨ ਸਬੰਧੀ ਮਤੇ ਵੀ ਪਾਏ ਗਏ। ਜਿਸ ਤੋਂ ਬਾਅਦ ਇਸ ਪੰਥਕ ਅਸੈਂਬਲੀ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿਤਾ ਗਿਆ।
ਪੰਥਕ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਪ੍ਰਗਟ ਸਿੰਘ ਭੋਲੀਪੁਰਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਕਬਜ਼ੇ ਵਿਚ ਕਰਕੇ ਸਿੱਖਾਂ ਦਾ ਭਾਰੀ ਨੁਕਸਾਨ ਕੀਤਾ। ਜਦਕਿ ਸਾਬਕਾ ਆਈਏਐੱਸ ਪ੍ਰੋ. ਗੁਰਤੇਜ ਸਿੰਘ ਨੇ ਕਿਹਾ ਕਿ ਜਦੋਂ ਬਾਦਲਾਂ ਨੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ, ਉਦੋਂ ਹੀ ਅਕਾਲੀ ਦਲ ਖ਼ਤਮ ਹੋਣਾ ਸ਼ੁਰੂ ਹੋ ਗਿਆ ਸੀ। ਸੁਖਪ੍ਰੀਤ ਸਿੰਘ ਉਦੋਕੇ ਨੇ ਕਿਹਾ ਕਿ ਸਿੱਖਾਂ ਨੂੰ ਆਪਣੇ ਦੁਸ਼ਮਣ ਦੀ ਸ਼ਨਾਖਤ ਕਰਨ ਦੀ ਲੋੜ ਹੈ ਜਦਕਿ ਫਰਾਂਸ ਤੋਂ ਆਏ ਪਾਲ ਸਿੰਘ ਨੇ ਕਿਹਾ ਕਿ
ਜਦੋਂ ਤੱਕ ਸਿੱਖ ਸਿਆਸੀ ਤੌਰ 'ਤੇ ਤਾਕਤਵਰ ਨਹੀਂ ਹੁੰਦੇ ਉਦੋਂ ਤਕ ਬੇਅਦਬੀਆਂ ਨਹੀਂ ਰੁਕਣਗੀਆਂ।ਇਸ ਤੋਂ ਇਲਾਵਾ ਗੁਜਰਾਤ ਦੇ ਅਹਿਮਦਾਬਾਦ ਤੋਂ ਆਏ ਮੋਹਨਜੀਤ ਸਿੰਘ ਨੇ ਗੁਜਰਾਤ ਵਿਚਲੇ ਗੁਰਦੁਆਰਿਆਂ ਦੀ ਹੋਂਦ ਨੂੰ ਖ਼ਤਰੇ ਦਾ ਮੁੱਦਾ ਉਠਾਇਆ। ਪੰਥਕ ਅਸੈਂਬਲੀ ਵਿਚ ਪੁੱਜੇ ਸਿੱਖ ਆਗੂਆਂ ਨੇ ਪਾਸ ਕੀਤੇ ਗਏ ਮਤਿਆਂ ਵਿਚ ਆਖਿਆ ਕਿ ਅਕਾਲ ਤਖ਼ਤ ਸਾਹਿਬ ਦਾ 'ਕਠਪੁਤਲੀ' ਜਥੇਦਾਰ ਬਿਲਕੁਲ ਵੀ ਪ੍ਰਵਾਨ ਨਹੀਂ।
ਇਕ ਹੋਰ ਮਤੇ ਰਾਹੀਂ ਡੇਰਾ ਸਿਰਸਾ ਅਤੇ ਇਸ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਬਹਿਬਲ ਕਲਾਂ, ਬਰਗਾੜੀ ਅਤੇ ਕੋਟਕਪੂਰਾ ਘਟਨਾਵਾਂ ਵਿਚ ਸ਼ਮੂਲੀਅਤ ਦੇ ਸੰਦਰਭ ਵਿਚ ਵਾਈਟ-ਪੇਪਰ ਪ੍ਰਕਾਸ਼ਤ ਕਰਨ ਦਾ ਫੈਸਲਾ ਲਿਆ ਗਿਆ। ਨਾਮ ਚਰਚਾ ਘਰਾਂ 'ਤੇ ਪੰਜਾਬ ਵਿਚ ਪਾਬੰਦੀ ਲਾਉਣ ਦੀ ਵੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਗਈ ਕਿ
ਬਹਿਬਲ ਕਲਾਂ ਦੇ ਦੋਵਾਂ ਸ਼ਹੀਦਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜ਼ਾਇਬਘਰ ਵਿਚ ਲਾਈਆਂ ਜਾਣ ਅਤੇ ਸਿਰਸਾ ਸਾਧ ਨੂੰ ਮੁਆਫ਼ੀ ਦੇਣ ਵਾਲੇ ਜਥੇਦਾਰ ਗਿਆਨੀ ਮੱਲ ਸਿੰਘ ਦੀ ਤਸਵੀਰ ਉਥੋਂ ਹਟਾਈ ਜਾਵੇ। ਇਸ ਤੋਂ ਇਲਾਵਾ ਨਕੋਦਰ ਕਾਂਡ 'ਚ ਸ਼ਹੀਦ ਹੋਏ ਚਾਰ ਨੌਜਵਾਨਾਂ ਸਬੰਧੀ ਬਣੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਦਾ ਮਤਾ ਵੀ ਪਾਇਆ ਗਿਆ। ਦਸ ਦਈਏ ਕਿ ਇਸ ਦੋ ਦਿਨਾ ਪੰਥਕ ਅਸੈਂਬਲੀ ਦੌਰਾਨ 60 ਵਿਦਵਾਨਾਂ ਨੇ ਅਪਣੇ ਵਿਚਾਰ ਪੇਸ਼ ਕੀਤੇ।