
ਵਡੇਰੀ ਉਮਰ ਦਾ ਬਹਾਨਾ ਪਰ ਅੰਦਰੋਂ ਡਾਢੀ ਨਾਰਾਜ਼ਗੀ........
ਅੰਮ੍ਰਿਤਸਰ : ਮਾਝੇ ਦੇ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਬਾਦਲਾਂ ਦੀਆਂ ਮੁਸ਼ਕਲਾਂ ਵਧਾਉਂਦਿਆਂ ਅਕਾਲੀ ਦਲ ਦੇ ਅਪਣੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿਤਾ ਹੈ। ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਮਗਰੋਂ ਬ੍ਰਹਮਪੁਰਾ ਦੇ ਅਸਤੀਫ਼ੇ ਨੂੰ ਪਾਰਟੀ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਸੰਸਦ ਮੈਂਬਰ ਬ੍ਰਹਮਪੁਰਾ ਨੇ ਪੱਤਰਕਾਰ ਸੰਮੇਲਨ ਸੱਦ ਕੇ ਐਲਾਨ ਕੀਤਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਕੋਰ ਕਮੇਟੀ ਦੇ ਮੈਂਬਰ ਵਜੋਂ ਅਸਤੀਫ਼ਾ ਦੇ ਰਹੇ ਹਨ। ਪਿਛਲੇ ਦਿਨਾਂ ਤੋਂ ਪਾਰਟੀ 'ਚ ਬਾਗ਼ੀ ਸੁਰਾਂ ਕੱਢ ਰਹੇ ਬ੍ਰਹਮਪੁਰਾ ਨੇ ਐਲਾਨ ਕੀਤਾ ਕਿ ਉਹ ਭਵਿੱਖ 'ਚ ਕੋਈ ਵੀ ਚੋਣ ਨਹੀਂ ਲੜਨਗੇ।
ਉਨ੍ਹਾਂ ਕਿਹਾ, 'ਮੇਰੀ ਉਮਰ 82 ਸਾਲ ਹੋ ਗਈ ਹੈ ਤੇ ਹੁਣ 2019 ਦੀਆਂ ਲੋਕ ਸਭਾ ਚੋਣਾਂ 'ਚ ਹਲਕਾ ਖਡੂਰ ਸਾਹਿਬ ਤੋਂ ਮੁੜ ਉਮੀਦਵਾਰ ਨਹੀਂ ਬਣਾਂਗਾ। ਪਾਰਟੀ ਜਿਸ ਵੀ ਉਮੀਦਵਾਰ ਨੂੰ ਟਿਕਟ ਦੇਵੇਗੀ, ਉਸ ਦੀ ਹਮਾਇਤ ਕਰਾਂਗਾ।' ਬ੍ਰਹਮਪੁਰਾ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵਜੋਂ ਆਖ਼ਰੀ ਦਮ ਤਕ ਸੇਵਾ ਕਰਦੇ ਰਹਿਣਗੇ । ਉਨ੍ਹਾਂ ਕਿਹਾ ਕਿ ਉਹ 60 ਸਾਲ ਤੋਂ ਅਕਾਲੀ ਦਲ ਦੇ ਮੈਂਬਰ ਹਨ।
ਅਕਾਲੀ ਦਲ ਦੇ ਮੋਰਚੇ ਦੌਰਾਨ 1961 'ਚ ਪਹਿਲੀ ਜੇਲ ਯਾਤਰਾ ਕੀਤੀ ਸੀ। ਉਨ੍ਹਾਂ ਕਿਹਾ, 'ਹੁਣ ਮੇਰੀ ਸਿਹਤ ਠੀਕ ਨਹੀਂ ਰਹਿੰਦੀ ਤੇ ਪਹਿਲਾਂ ਵਾਂਗ ਸਰਗਰਮੀ ਨਾਲ ਕੰਮ ਕਰਨ ਦੇ ਅਸਮਰੱਥ ਹਾਂ। ਮੇਰੇ ਕੋਲ ਪਾਰਟੀ ਦੇ ਜ਼ਿੰਮੇਵਾਰ ਅਹੁਦੇ ਹਨ ਜਿਨ੍ਹਾਂ ਨਾਲ ਮੈਂ ਇਨਸਾਫ਼ ਨਹੀ ਕਰ ਸਕਦ। ਅਕਾਲੀ ਦਲ ਮੇਰੀ ਮਾਂ ਪਾਰਟੀ ਹੈ ਜਿਸ ਦੀ ਸੇਵਾ ਪਰਵਾਰ ਸਮੇਤ ਕਰਦੇ ਰਹਿਣਗੇ।'