
ਸ੍ਰੀ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਜਦੋਂ ਕੇਂਦਰੀ ਮੰਤਰੀ ਸ੍ਰੀ ਹਰਸਿਮਰਤ ਕੌਰ ਬਾਦਲ ਬੋਲਦੇ ਹੋਏ..........
ਗੁਰਦਾਸਪੁਰ : ਸ੍ਰੀ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਜਦੋਂ ਕੇਂਦਰੀ ਮੰਤਰੀ ਸ੍ਰੀ ਹਰਸਿਮਰਤ ਕੌਰ ਬਾਦਲ ਬੋਲਦੇ ਹੋਏ ਪਿਛਲੇ ਸਮੇਂ ਦੌਰਾਨ ਸਿੱਖਾਂ ਦੀ ਨਸਲਕੁਸ਼ੀ ਦੇ ਮਾਮਲੇ ਵਿਚ ਇਕ ਦੋਸ਼ੀ ਨੂੰ ਫਾਂਸੀ ਅਤੇ ਇੱਕ ਨੂੰ ਉਮਰ ਕੈਦ ਤੋਂ ਇਲਾਵਾ ਕਰਤਾਰਪੁਰ ਲਾਂਘੇ ਤੋਂ ਇਲਾਵਾ ਹੋਰ ਵੀ ਸਾਰਾ ਸਿਹਰਾ ਕੇਂਦਰ ਦੀ ਮੋਦੀ ਸਰਕਾਰ ਦੇ ਸਿਰ ਬੰਨ੍ਹ ਰਹੇ ਸਨ ਤਾਂ ਇਸੇ ਦੌਰਾਨ ਪੰਡਾਲ ਵਿਚ ਮੌਜੂਦ ਸਿੱਖ ਸਮਾਜ ਅਤੇ ਵੱਡੀ ਗਿਣਤੀ ਵਿਚ ਹਾਜ਼ਰ ਲੋਕਾਂ ਨੇ ਸ੍ਰੀਮਤੀ ਬਾਦਲ ਦੇ ਬੋਲਦਿਆਂ ਹੂਟਿੰਗ ਸ਼ਰੂ ਕਰ ਦਿਤੀ
ਅਤੇ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਅਤੇ ਹਲਕੇ ਨਾਲ ਸਬੰਧਤ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਜ਼ਿੰਦਾਬਾਦ ਦੇ ਨਾਅਰੇ ਲਗਾ ਕੇ ਸ੍ਰੀਮਤੀ ਬਾਦਲ ਦੇ ਭਾਸ਼ਣ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਪਰ ਮੌਕੇ 'ਤੇ ਮੌਜੂਦ ਮੁੱਖ ਮੰਤਰੀ ਅਤੇ ਪ੍ਰਸ਼ਾਸਨ ਵਲੋਂ ਲੋਕਾਂ ਅਤੇ ਸਿੱਖ ਸਮਾਜ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ। ਸ੍ਰੀਮਤੀ ਬਾਦਲ ਉੱਚੀ ਅਵਾਜ਼ ਵਿਚ ਮੋਦੀ ਸਰਕਾਰ ਦੇ ਗੁਣਗਾਣ ਕਰਨ ਤੋਂ ਨਾ ਹਟੇ ਤਾਂ ਚੰਦ ਕੁ ਸਮੇਂ ਲਈ ਸ੍ਰੀ ਰੰਧਾਵਾ ਨੇ ਲੋਕਾਂ ਦੀ ਹਾਜ਼ਰੀ ਵਿਚ ਉਚੀ ਅਵਾਜ਼ ਵਿਚ ਸ੍ਰੀਮਤੀ ਬਾਦਲ ਵਲੋਂ ਕੀਤੇ ਜਾ ਰਹੇ ਭਾਸ਼ਣ ਸਬੰਧੀ ਕੇਂਦਰੀ ਮੰਤਰੀ ਸ੍ਰੀ ਨਾਇਡੂ ਕੋਲ ਉਚੀ ਅਤੇ ਗੁੱਸੇ ਭਰੀ ਅਵਾਜ਼ ਵਿਚ ਇਤਰਾਜ ਕੀਤਾ।
ਲੋਕ ਕਹਿ ਰਹੇ ਸਨ ਕਿ ਇਹ ਧਾਰਮਿਕ ਸਮਾਗਮ ਹੈ ਪਰ ਸ੍ਰੀਮਤੀ ਬਾਦਲ ਇਸ ਨਿਰੋਲ ਧਾਰਮਿਕ ਸਮਾਗਮ ਨੂੰ ਰਾਜਨੀਤਕ ਪਾਨ ਚਾੜ੍ਹਨ ਦੀ ਕੋਸ਼ਿਸ਼ ਕਰ ਕੇ ਪੰਜਾਬ ਸਰਕਾਰ ਅਤੇ ਖ਼ਾਸਕਰ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਵਾਲੇ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਅਣਥੱਕ ਕੋਸ਼ਿਸ਼ਾਂ ਨੂੰ ਜ਼ੀਰੋ ਕਰਨ ਦੀ ਕੋਸ਼ਿਸ਼ ਵਿਚ ਜੁਟੇ ਹਨ ਜਦੋਂ ਕਿ ਲੋਕ ਸਭ ਕੁੱਝ ਸਮਝਦੇ ਹਨ। ਇਕ ਅੰਮ੍ਰਿਤਧਾਰੀ ਬਜ਼ੁਰਗ ਨੇ ਇਹ ਵੀ ਆਖ ਦਿਤਾ ਕਿ ਲੋਕ ਹੁਣ ਇਹ ਵੀ ਸਮਝ ਚੁੱਕੇ ਹਨ ਕਿ 2015 ਵਿਚ ਸ੍ਰੀ ਗੁਰੂ ਗਰੰਥ ਸਹਿਬ ਦੇ ਪਤਰੇ ਪਾੜ ਕੇ ਕੀਤੀ ਗਈ
ਬੇਅਦਬੀ ਅਤੇ ਜਾਪ ਕਰ ਰਹੀਆਂ ਸੰਗਤਾਂ 'ਤੇ ਗੋਲੀ ਚਲਾ ਕੇ ਦੋ ਨੌਜਵਾਨਾਂ ਨੂੰ ਸ਼ਹੀਦ ਕਰਨ ਦੇ ਪਿੱਛੇ ਕਿਹੜੇ ਲੋਕ ਸਨ ਅਤੇ ਇਹ ਸਾਰਾ ਮਾਮਲਾ ਜਲਦੀ ਹੀ ਜੱਗ ਜ਼ਾਹਰ ਵੀ ਹੋ ਜਾਵੇਗਾ। ਇਸ ਦੇ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਸਮਾਗਮ ਦੀ ਧਾਰਮਿਕ ਭਾਵਨਾ ਦੇ ਨਾਲ ਨਾਲ ਪਹਿਲਾਂ ਜਿੱਥੇ ਪਾਕਿ ਦੇ ਪ੍ਰਧਾਨ ਮੰਤਰੀ ਸ੍ਰ੍ਰੀ ਇਮਰਾਨ ਖ਼ਾਨ ਦੀ ਤਾਰੀਫ਼ ਕੀਤੀ ਉਥੇ ਫਿਰ ਉਨ੍ਹਾਂ ਨੇ ਇਕਦਮ ਰਾਜਸੀ ਭਾਸ਼ਣ ਅਰੰਭ ਕਰਕੇ ਪਕਿ ਦੇ ਫ਼ੌਜ ਮੁਖੀ ਸ੍ਰੀ ਬਾਜਵਾ ਅਤੇ ਆਈਐਸਆਈ ਨੂੰ ਕਰੜੇ ਅਤੇ ਲੰਮੇ ਹੱਥੀਂ ਲੈਂਦਿਆਂ
ਕਿਹਾ ਕਿ ਆਈਐਸਆਈ ਵਲੋਂ ਪਿਛਲੇ ਸਮੇ ਦੌਰਾਨ ਪਠਾਨਕੋਟ ਦੇ ਏਅਰ ਬੇਸ ਅਤੇ ਫਿਰ ਦੀਨਾਨਗਰ ਸ਼ਹਿਰ ਅੰਦਰ ਗੋਲੀਆਂ ਚਲਾ ਕੇ ਥਾਣੇ ਵਿਚ ਜਾਣ ਵਰਗੀਆਂ ਕਰਵਾਈਆਂ ਗਈਆਂ ਕਾਰਵਾਈਆਂ ਬਹਾਦਰੀ ਦਾ ਕੰਮ ਨਹੀਂ ਸਗੋਂ ਬੁਜ਼ਦਿਲਾਨਾ ਕਾਰਵਾਈਆਂ ਹਨ। ਅੰਤ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਵੀ ਪਿੱਛੇ ਨਹੀਂ ਰਹੇ ਅਤੇ ਸ੍ਰੀਮਤੀ ਬਾਦਲ ਦਾ ਨਾਂਅ ਲਏ ਬਗੈਰ ਕਿਹਾ ਕਿ ਕੇਂਦਰ ਨੇ ਸਿੱਖਾਂ ਪ੍ਰਤੀ ਚੰਗੇ ਫੈਸਲੇ ਕੀਤੇ ਹਨ ਤਾਂ ਪੰਜਾਬ ਸਰਕਾਰ ਵੀ ਪਿਛਾਂਹ ਨਹੀਂ ਹੱਟੇਗੀ
ਕਿਉਂਕਿ ਬਰਗਾੜੀ , ਬਹਿਬਲ ਅਤੇ ਕੋਟਕਪੁਰਾ ਵਰਗੀਆਂ ਘਟਨਾਵਾਂ ਲਈ ਅਸਲ ਜ਼ਿੰਮੇਵਾਰ ਲੋਕਾਂ ਨੂੰ ਬਕਾਇਦਾ ਸਜ਼ਾਵਾਂ ਦਿਵਾਈਆਂ ਜਾਣਗੀਆਂ । ਉਨ੍ਹਾਂ ਅਸਿੱਧੇ ਤੌਰ 'ਤੇ ਬਾਦਲ ਪ੍ਰਵਾਰ ਦਾ ਨਾਂ ਨਹੀਂ ਲਿਆ। ਇੱਥੇ ਜ਼ਿਕਰਯੋਗ ਹੈ ਸਮਾਗਮ ਦੌਰਾਨ ਸੁਖਬੀਰ ਸਿੰਘ ਬਦਾਲ, ਬਿਕਰਮਜੀਤ ਸਿੰਘ ਮਜੀਠੀਆ ਅਤੇ ਬੀਬੀ ਜਗੀਰ ਕੋਰ ਵੀ ਬੈਠੇ ਸਨ। ਲੋਕ ਉਨ੍ਹਾਂ ਵੱਲ ਉਂਗਲਾਂ ਕਰਦੇ ਵੀ ਦੇਖੇ ਗਏ।