
ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਵਿਧਾਇਕ ਸਾਥੀ ਦਾ ਕੀਤਾ ਸਵਾਗਤ
ਚੰਡੀਗੜ੍ਹ: ਪੰਜਾਬ ਵਿਚ ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸਤ ਚੋਟੀ ਤੱਕ ਪਹੁੰਚ ਚੁੱਕੀ ਹੈ। ਉੱਥੇ ਹੀ ਪਾਰਟੀ ਦੇ ਆਗੂਆਂ ਦਾ ਇਕ ਦਲ ਛੱਡ ਦੂਜੇ ਦਲ ’ਚ ਜਾ ਸ਼ਾਮਲ ਹੋਣ ਦਾ ਸਿਲਸਿਲਾ ਜਾਰੀ ਹੈ। ਸਾਬਕਾ ਸਾਂਸਦ ਜਗਮੀਤ ਸਿੰਘ ਬਰਾੜ ਦੇ ਸਮਰਥਨ ਵਿਚ ਕਾਂਗਰਸ ਛੱਡਣ ਦੇ ਚਾਰ ਸਾਲ ਬਾਅਦ ਵਿਜੈ ਕੁਮਾਰ ਸਾਥੀ ਐਤਵਾਰ ਨੂੰ ਫਿਰ ਤੋਂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ।
Vijay Sathi Joins Congress
ਦੱਸ ਦਈਏ ਕਿ ਮੋਗਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਵਿਜੇ ਕੁਮਾਰ ਸਾਥੀ ਨੇ ਜਨਵਰੀ 2015 ਵਿਚ ਕਈ ਹੋਰ ਬਰਾੜ ਸਮਰਥਕਾਂ ਸਮੇਤ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿਤਾ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਦਫ਼ਤਰ ਵਿਚ ਵਿਜੇ ਸਾਥੀ ਦਾ ਪਾਰਟੀ ਵਿਚ ਆਉਣ 'ਤੇ ਸਵਾਗਤ ਕੀਤਾ ਅਤੇ ਭਰੋਸਾ ਜਤਾਇਆ ਕਿ ਉਨ੍ਹਾਂ ਦੇ ਆਉਣ ਨਾਲ ਪਾਰਟੀ ਨੂੰ ਫ਼ਾਇਦਾ ਹੋਵੇਗਾ।
Captain Amarinder Singh, Vijay Sathi and Brahm Mohindra
ਵਿਜੇ ਕੁਮਾਰ ਨੇ ਅਜਿਹੇ ਸਮੇਂ ਕਾਂਗਰਸ ਪਾਰਟੀ ਮੁੜ ਜੁਆਇਨ ਕੀਤੀ ਹੈ ਜਦੋਂ ਸੂਬੇ ਵਿਚ ਲੋਕ ਸਭਾ ਚੋਣਾਂ ਵਿਚ ਮਹਿਜ਼ ਕੁਝ ਦਿਨ ਬਾਕੀ ਰਹਿ ਗਏ ਹਨ। ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਰਾਹਤ ਮਹਿਸੂਸ ਕਰਦੇ ਹੋਏ ਵਿਜੇ ਸਾਥੀ ਨੇ ਆਖਿਆ ਕਿ ਬਰਾੜ ਇਕ ਤਰਫ਼ਾ ਫ਼ੈਸਲੇ ਲੈ ਰਹੇ ਸਨ। ਇਥੋਂ ਤਕ ਕਿ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਵੀ ਉਨ੍ਹਾਂ ਨੇ ਸਮਰਥਕਾਂ ਦੀ ਸਲਾਹ ਤੋਂ ਬਿਨਾਂ ਲਿਆ ਸੀ। ਵਿਜੇ ਸਾਥੀ ਨੇ ਲੋਕ ਸਭਾ ਚੋਣਾਂ ਅਤੇ ਉਸ ਤੋਂ ਬਾਅਦ ਵੀ ਕਾਂਗਰਸ ਦੀ ਸਫ਼ਲਤਾ ਲਈ ਸਖ਼ਤ ਮਿਹਨਤ ਕਰਨ ਦਾ ਵਾਅਦਾ ਕੀਤਾ।