
ਹੁਣ ਪੰਜਾਬ ਭਵਨ ਦਿੱਲੀ ਵਿਖੇ ਆਉਣ ਵਾਲੇ ਲੋਕ ਇਥੇ ਦੀਵਾਰ ਚਿੱਤਰਕਾਰੀ ਜ਼ਰੀਏ ਪੰਜਾਬ ਦੇ ਅਮੀਰ ਵਿਰਸੇ, ਕਲਾ, ਇਤਿਹਾਸ ਤੇ...
ਚੰਡੀਗੜ੍ਹ (ਸਸਸ) : ਹੁਣ ਪੰਜਾਬ ਭਵਨ ਦਿੱਲੀ ਵਿਖੇ ਆਉਣ ਵਾਲੇ ਲੋਕ ਇਥੇ ਦੀਵਾਰ ਚਿੱਤਰਕਾਰੀ ਜ਼ਰੀਏ ਪੰਜਾਬ ਦੇ ਅਮੀਰ ਵਿਰਸੇ, ਕਲਾ, ਇਤਿਹਾਸ ਤੇ ਹੋਰ ਪਹਿਲੂਆਂ ਦੀ ਝਲਕ ਵੇਖ ਸਕਣਗੇ। ਰੈਜੀਡੈਂਟ ਕਮਿਸ਼ਨਰ, ਪੰਜਾਬ ਭਵਨ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਦੇ ਉਪਰਾਲੇ 'ਅਡਾਪਟ ਏ ਵੌਲ' ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਲੋਂ ਉਨ੍ਹਾਂ ਦੀਆਂ ਪ੍ਰਾਪਤੀਆਂ, ਕਲਾ ਤੇ ਹੋਰ ਵਿਸ਼ੇਸ਼ਤਾਵਾਂ ਨੂੰ ਦੀਵਾਰ ਪੇਂਟਿੰਗ ਦੇ ਕਲਾਮਈ ਜ਼ਰੀਏ ਰਾਹੀਂ ਦਰਸਾਇਆ ਜਾਵੇਗਾ।
Punjab's Cultureਜ਼ਿਲ੍ਹਿਆਂ ਦੁਆਰਾ ਚਿੱਤਰਕਾਰੀ ਲਈ ਪੰਜਾਬ ਭਵਨ ਦੀਆਂ ਵੱਖ-ਵੱਖ ਦੀਵਾਰਾਂ ਨੂੰ ਅਪਣਾਉਣ ਸਬੰਧੀ ਇਸ ਉਪਰਾਲੇ ਤਹਿਤ ਹੁਣ ਤੱਕ ਪਟਿਆਲਾ, ਫਿਰੋਜ਼ਪੁਰ, ਬਰਨਾਲਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਵਲੋਂ ਪੰਜਾਬ ਭਵਨ ਦੇ ਬਲਾਕ-ਏ ਅਤੇ ਬੀ ਦੀਆਂ ਦੀਵਾਰਾਂ 'ਤੇ ਇਹ ਪੇਂਟਿੰਗਜ਼ ਬਣਾਉਣ ਦਾ ਕੰਮ ਮੁਕੰਮਲ ਕਰ ਦਿਤਾ ਗਿਆ ਹੈ। ਰੈਜੀਡੈਂਟ ਕਮਿਸ਼ਨਰ ਵਲੋਂ ਦੀਵਾਰ ਚਿੱਤਰਕਾਰੀ ਦੇ ਚੱਲ ਰਹੇ ਕੰਮ ਦਾ ਅੱਜ ਜਾਇਜ਼ਾ ਲੈਣ ਉਪਰੰਤ ਦੱਸਿਆ ਗਿਆ
ਕਿ ਇਸ ਉਪਰਾਲੇ ਦਾ ਇਕੋ-ਇਕ ਮੰਤਵ ਪੰਜਾਬ ਦੇ ਵਿਰਸੇ, ਇਤਹਾਸ, ਕਲਾ ਅਤੇ ਸੂਬੇ ਵਲੋਂ ਮੁਲਕ ਦੀ ਤਰੱਕੀ ਵਿਚ ਪਾਏ ਗਏ ਯੋਗਦਾਨ ਤੇ ਹੋਰ ਪਹਿਲੂਆਂ ਦੀ ਝਲਕ ਕਲਾਮਈ ਮਾਧਿਅਮ ਜ਼ਰੀਏ ਪੇਸ਼ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਭਵਨ ਦੀ ਸੁੰਦਰਤਾ ਵਿਚ ਵੀ ਵਾਧਾ ਹੋਵੇਗਾ ਅਤੇ ਹੋਰ ਰਾਜਾਂ ਦੇ ਇਥੇ ਆਉਣ ਵਾਲੇ ਲੋਕ ਪੰਜਾਬ ਦੇ ਸੂਬੇ ਦੀਆਂ ਵਿਸ਼ੇਸ਼ਤਾਵਾਂ ਤੇ ਹੋਰ ਪਹਿਲੂਆਂ ਤੋਂ ਜਾਣੂੰ ਹੋ ਸਕਣਗੇ।
ਰੈਜੀਡੈਂਟ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਇਸ ਉਪਰਾਲੇ ਸਬੰਧੀ ਪੰਜਾਬ ਦੇ ਸਮੁੱਚੇ ਜ਼ਿਲ੍ਹਿਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਸੀ ਜਿਨ੍ਹਾਂ ਵਲੋਂ ਬਹੁਤ ਹੀ ਉਸਾਰੂ ਹੁੰਗਾਰਾ ਭਰਿਆ ਗਿਆ। ਜਿਥੇ ਚਾਰ ਜ਼ਿਲ੍ਹਿਆਂ ਵਲੋਂ ਦੀਵਾਰਾਂ ਅਪਣਾ ਕੇ ਆਪੋ ਅਪਣੀਆਂ ਪੇਟਿੰਗਜ਼ ਬਣਵਾਈਆਂ ਜਾ ਚੁੱਕੀਆਂ ਹਨ ਉਥੇ ਹੋਰ ਜ਼ਿਲ੍ਹਿਆਂ ਵਲੋਂ ਵੀ ਇਸ ਸਬੰਧੀ ਪੰਜਾਬ ਭਵਨ ਨਵੀਂ ਦਿੱਲੀ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ।
ਇਥੇ ਆਉਣ ਵਾਲੇ ਲੋਕਾਂ ਵਲੋਂ ਚਾਰ ਜ਼ਿਲ੍ਹਿਆਂ ਵਲੋਂ ਪੰਜਾਬ ਭਵਨ ਦੇ ਬਲਾਕ ਏ ਅਤੇ ਬੀ ਦੀਆਂ ਵੱਖ-ਵੱਖ ਦੀਵਾਰਾਂ 'ਤੇ ਬਣਾਈਆਂ ਪੇਟਿੰਗਜ਼ ਵੇਖੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਬਾਕੀ ਜ਼ਿਲ੍ਹਿਆਂ ਵਲੋਂ ਵੀ ਅਪਣਾ ਇਹ ਕੰਮ ਆਉਂਦੇ ਕੁਝ ਹਫ਼ਤਿਆਂ ਵਿਚ ਮੁਕੰਮਲ ਕਰ ਲਿਆ ਜਾਵੇਗਾ ਅਤੇ ਇਹ ਉਪਰਾਲਾ ਛੇਤੀ ਹੀ ਅੰਤਿਮ ਛੋਹਾਂ ਪ੍ਰਾਪਤ ਕਰ ਸਕੇਗਾ।