
ਪਾਕਿਸਤਾਨ ਦੀ ਸਰਕਾਰੀ ਹਵਾਈ ਕੰਪਨੀ ਪੀਆਈਏ ਨੇ ਜ਼ਿਆਦਾ ਭਾਰ ਵਾਲੀਆਂ ਏਅਰ ਹੋਸਟੈਸਾਂ ਨੂੰ ਕਿਹਾ ਹੈ ਕਿ ਉਹ ਛੇ ਮਹੀਨਿਆਂ 'ਚ ਭਾਰ ਘਟਾ ਲੈਣ ਨਹੀਂ....
ਇਸਲਾਮਾਬਾਦ : ਪਾਕਿਸਤਾਨ ਦੀ ਸਰਕਾਰੀ ਹਵਾਈ ਕੰਪਨੀ ਪੀਆਈਏ ਨੇ ਜ਼ਿਆਦਾ ਭਾਰ ਵਾਲੀਆਂ ਏਅਰ ਹੋਸਟੈਸਾਂ ਨੂੰ ਕਿਹਾ ਹੈ ਕਿ ਉਹ ਛੇ ਮਹੀਨਿਆਂ 'ਚ ਭਾਰ ਘਟਾ ਲੈਣ ਨਹੀਂ ਤਾਂ ਉਨ੍ਹਾਂ ਨੂੰ ਉਡਾਣਾਂ ਤੋਂ ਹਟਾ ਕੇ ਦਫ਼ਤਰੀ ਕੰਮ 'ਤੇ ਲਗਾ ਦਿੱਤਾ ਜਾਵੇਗਾ। ਰਿਪੋਰਟ ਮੁਤਾਬਿਕ ਵੱਖ-ਵੱਖ ਲੰਬਾਈ ਲਈ ਭਾਰ ਦਾ ਨਵਾਂ ਚਾਰਟ ਵੀ ਜਾਰੀ ਕੀਤਾ ਗਿਆ ਹੈ। ਏਅਰ ਹੋਸਟੈੱਸਾਂ ਨੂੰ ਕਿਹਾ ਗਿਆ ਹੈ ਕਿ ਉਹ ਹਰ ਮਹੀਨੇ ਆਪਣਾ ਭਾਰ ਚੈੱਕ ਕਰਵਾ ਕੇ ਉਡਾਣ ਲਈ ਕਲੀਅਰੈਂਸ ਲੈਣ। ਪੀਆਈਏ ਦੀਆਂ ਉਡਾਣ ਸੇਵਾਵਾਂ ਦੇ ਜਨਰਲ ਮੈਨੇਜਰ ਆਮਿਰ ਬਸ਼ੀਰ ਨੇ ਕਿਹਾ ਕਿ ਇਹ ਆਦੇਸ਼ ਇਕ ਜਨਵਰੀ, 2019 ਨੂੰ ਜਾਰੀ ਕੀਤੇ ਗਏ ਹਨ।
ਤੇ ਜ਼ਿਆਦਾ ਭਾਰ ਵਾਲੀਆਂ ਏਅਰ ਹੋਸਟੈੱਸਾਂ ਨੂੰ ਹਰ ਮਹੀਨੇ ਪੰਜ ਪੌਂਡ (2.26 ਕਿਲੋ) ਭਾਰ ਘਟਾਉਣ ਲਈ ਕਿਹਾ ਗਿਆ ਹੈ। ਰਿਪੋਰਟ ਅਨੁਸਾਰ 1,800 ਏਅਰ ਹੋਸਟੈੱਸਾਂ ਨੂੰ ਇਹ ਪੱਤਰ ਜਾਰੀ ਕੀਤਾ ਗਿਆ ਹੈ ਜਿਸ 'ਚ ਸਾਫ਼ ਕਿਹਾ ਗਿਆ ਹੈ ਕਿ ਜਾਂ ਤਾਂ ਪਤਲੀਆਂ ਹੋਵੋ ਨਹੀਂ ਤਾਂ ਉਡਾਣ ਤੋਂ ਉਤਾਰ ਕੇ ਦਫ਼ਤਰੀ ਕੰਮ 'ਤੇ ਲਗਾ ਦਿੱਤਾ ਜਾਵੇਗਾ। ਇਸ ਸਮੇਂ ਜਿਨ੍ਹਾਂ ਏਅਰ ਹੋਸਟੈੱਸਾਂ ਦਾ ਭਾਰ ਨਿਰਧਾਰਤ ਭਾਰ ਤੋਂ 30 ਪੌਂਡ (13.6 ਕਿਲੋ) ਜ਼ਿਆਦਾ ਹੈ, ਨੂੰ ਉਡਾਣ 'ਚ ਡਿਊਟੀ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।
ਮੌਜੂਦਾ ਚਾਰਟ ਅਨੁਸਾਰ 5 ਫੁੱਟ 7 ਇੰਚ ਕੱਦ ਵਾਲੀਆਂ ਏਅਰ ਹੋਸਟੈੱਸਾਂ ਲਈ ਨਿਰਧਾਰਤ ਭਾਰ 133 ਤੋਂ 147 ਪੌਂਡ (60 ਤੋਂ 66 ਕਿਲੋ) ਰੱਖਿਆ ਗਿਆ ਹੈ। ਸਾਰੀਆਂ ਏਅਰ ਹੋਸਟੈੱਸਾਂ ਦਾ ਭਾਰ ਉਨ੍ਹਾਂ ਦੇ ਬੇਸ ਸਟੇਸ਼ਨ 'ਤੇ ਚੈੱਕ ਕੀਤਾ ਜਾਵੇਗਾ। ਪੀਆਈਏ ਦੇ ਬੁਲਾਰੇ ਮਸ਼ੂਦ ਤਾਜਵਰ ਨੇ ਕਿਹਾ ਕਿ ਲਗਪਗ 100 ਏਅਰਹੋਸਟੈਸਾਂ ਨੂੰ ਇਕ ਜੁਲਾਈ, 2019 ਤਕ ਆਪਣਾ ਭਾਰ ਘਟਾਉਣਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਮੋਟੀਆਂ ਏਅਰ ਹੋਸਟੈਸਾਂ ਨੂੰ ਨਹੀਂ ਵੇਖਣਾ ਚਾਹੁੰਦਾ। ਜ਼ਿਕਰਯੋਗ ਹੈ ਕਿ ਪੀਆਈਏ ਪਿਛਲੇ ਸਾਲ ਜੂਨ ਮਹੀਨੇ ਤਕ 36,000 ਕਰੋੜ ਦੇ ਘਾਟੇ ਵਿਚ ਚੱਲ ਰਹੀ ਸੀ।