
ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪਾਂ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਸਥਿਤੀ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿਤੀਆਂ ਹਨ।
Protests in POK: ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ’ਚ ਕਣਕ ਦੇ ਆਟੇ, ਬਿਜਲੀ ਦੀਆਂ ਕੀਮਤਾਂ ’ਚ ਵਾਧੇ ਅਤੇ ਉੱਚ ਟੈਕਸਾਂ ਦੇ ਵਿਰੋਧ ’ਚ ਦੇਸ਼ ਵਿਆਪੀ ਹੜਤਾਲ ਚੌਥੇ ਦਿਨ ਵੀ ਤਣਾਅਪੂਰਨ ਬਣੀ ਹੋਈ ਹੈ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪਾਂ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਸਥਿਤੀ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿਤੀਆਂ ਹਨ।
ਸਨਿਚਰਵਾਰ ਨੂੰ ਵਿਵਾਦਿਤ ਇਲਾਕੇ ਵਿਚ ਪੁਲਿਸ ਅਤੇ ਅਧਿਕਾਰ ਕਾਰਕੁਨਾਂ ਵਿਚਾਲੇ ਝੜਪਾਂ ਵਿਚ ਘੱਟੋ-ਘੱਟ ਇਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜ਼ਖਮੀ ਹੋ ਗਏ। ਜ਼ਖਮੀਆਂ ’ਚ ਜ਼ਿਆਦਾਤਰ ਪੁਲਿਸ ਮੁਲਾਜ਼ਮ ਸਨ। ਸ਼ੁਕਰਵਾਰ ਨੂੰ ਪੂਰੀ ਹੜਤਾਲ ਕਾਰਨ ਆਮ ਜਨਜੀਵਨ ਠੱਪ ਹੋ ਗਿਆ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਪ੍ਰਦਰਸ਼ਨਕਾਰੀਆਂ ਅਤੇ ਸੂਬਾ ਸਰਕਾਰ ਵਿਚਾਲੇ ਗੱਲਬਾਤ ਅਸਫਲ ਹੋਣ ਤੋਂ ਬਾਅਦ ਮੌਜੂਦਾ ਸਥਿਤੀ ’ਤੇ ਚਰਚਾ ਕਰਨ ਲਈ ਸੋਮਵਾਰ ਨੂੰ ਇਕ ਉੱਚ ਪੱਧਰੀ ਬੈਠਕ ਕਰ ਸਕਦੇ ਹਨ।
ਜੰਮੂ-ਕਸ਼ਮੀਰ ਜੁਆਇੰਟ ਅਵਾਮੀ ਐਕਸ਼ਨ ਕਮੇਟੀ (ਜੇ.ਏ.ਏ.ਸੀ.) ਦੇ ਮੈਂਬਰ ਖੇਤਰ ਵਿਚ ਪਣ ਬਿਜਲੀ ਉਤਪਾਦਨ ਲਾਗਤ ਦੇ ਅਨੁਸਾਰ ਬਿਜਲੀ ਦੀਆਂ ਕੀਮਤਾਂ ਨਿਰਧਾਰਤ ਕਰਨ, ਕਣਕ ਦੇ ਆਟੇ ’ਤੇ ਸਬਸਿਡੀ ਅਤੇ ਕੁਲੀਨ ਵਰਗ ਦੇ ਵਿਸ਼ੇਸ਼ ਅਧਿਕਾਰਾਂ ਨੂੰ ਖਤਮ ਕਰਨ ਦੀ ਮੰਗ ਕਰ ਰਹੇ ਹਨ।
ਜੇ.ਏ.ਏ.ਸੀ. ਦੀ ਅਗਵਾਈ ਹੇਠ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੀ ਰਾਜਧਾਨੀ ਮੁਜ਼ੱਫਰਾਬਾਦ ’ਚ ਇਕ ਲੰਬਾ ਮਾਰਚ ਕਢਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਜੇ.ਏ.ਏ.ਸੀ. ਕੋਰ ਕਮੇਟੀ ਅਤੇ ਖੇਤਰ ਦੇ ਮੁੱਖ ਸਕੱਤਰ ਦਾਊਦ ਬਰਾਂਚ ਵਿਚਾਲੇ ਗੱਲਬਾਤ ਦਾ ਕੋਈ ਹੱਲ ਨਾ ਨਿਕਲਣ ਤੋਂ ਬਾਅਦ ਮੁਜ਼ੱਫਰਾਬਾਦ ਵਲ ਮਾਰਚ ਕਰਨ ਦਾ ਐਲਾਨ ਕੀਤਾ।
ਰਾਵਲਕੋਟ ਦੇ ਇਕ ਪ੍ਰਦਰਸ਼ਨਕਾਰੀ ਨੇਤਾ ਨੇ ਸਰਕਾਰ ’ਤੇ ਟਾਲ-ਮਟੋਲ ਦੀਆਂ ਰਣਨੀਤੀਆਂ ਅਪਣਾਉਣ ਦਾ ਦੋਸ਼ ਲਾਇਆ। ਪਾਕਿਸਤਾਨੀ ਅਖਬਾਰ ਡਾਅਨ ’ਚ ਛਪੀ ਖਬਰ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਪਹਿਲਾਂ ਹੀ ਕਈ ਥਾਵਾਂ ’ਤੇ ਕੋਹਾਲਾ-ਮੁਜ਼ੱਫਰਾਬਾਦ ਸੜਕ ਨੂੰ ਜਾਮ ਕਰ ਦਿਤਾ ਹੈ ਅਤੇ ਉਥੇ ਧਰਨੇ ’ਤੇ ਬੈਠੇ ਹਨ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਚੌਰਾਹਿਆਂ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਬਾਜ਼ਾਰ, ਵਪਾਰਕ ਕੇਂਦਰ ਅਤੇ ਵਿਦਿਅਕ ਸੰਸਥਾਵਾਂ ਬੰਦ ਰਹੀਆਂ ਜਦਕਿ ਟਰਾਂਸਪੋਰਟ ਸੇਵਾਵਾਂ ਮੁਅੱਤਲ ਰਹੀਆਂ।
ਸਨਿਚਰਵਾਰ ਨੂੰ ਮੀਰਪੁਰ ਵਿਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ ਤੋਂ ਬਾਅਦ ਅਖੌਤੀ ਸਰਕਾਰ ਨੇ ਰੇਂਜਰਾਂ ਨੂੰ ਬੁਲਾਇਆ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਐਤਵਾਰ ਨੂੰ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪਾਂ ’ਤੇ ਚਿੰਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਕਾਨੂੰਨ ਨੂੰ ਅਪਣੇ ਹੱਥ ’ਚ ਲੈਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪੀ.ਓ.ਕੇ. ਦੇ ਅਖੌਤੀ ਪ੍ਰਧਾਨ ਮੰਤਰੀ ਚੌਧਰੀ ਅਨਵਰੁਲ ਹੱਕ ਨਾਲ ਗੱਲ ਕੀਤੀ ਹੈ ਅਤੇ ਖੇਤਰ ’ਚ ਪਾਕਿਸਤਾਨ ਮੁਸਲਿਮ ਲੀਗ-ਐਨ ਦੇ ਸਾਰੇ ਅਹੁਦੇਦਾਰਾਂ ਨੂੰ ਐਕਸ਼ਨ ਕਮੇਟੀ ਦੇ ਨੇਤਾਵਾਂ ਨਾਲ ਗੱਲਬਾਤ ਕਰਨ ਦੇ ਹੁਕਮ ਦਿਤੇ ਹਨ।
ਉਨ੍ਹਾਂ ਕਿਹਾ, ‘‘ਮੈਂ ਸਾਰੀਆਂ ਪਾਰਟੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਪਣੀਆਂ ਮੰਗਾਂ ਦੇ ਹੱਲ ਲਈ ਸ਼ਾਂਤੀਪੂਰਨ ਤਰੀਕੇ ਅਪਣਾਉਣ। ਵਿਰੋਧੀਆਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਮਾਮਲਾ ਜਲਦੀ ਹੀ ਸੁਲਝ ਜਾਵੇਗਾ।’’ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਸਾਰੇ ਹਿੱਤਧਾਰਕਾਂ ਨੂੰ ਸੰਜਮ ਵਰਤਣ ਅਤੇ ਗੱਲਬਾਤ ਅਤੇ ਆਪਸੀ ਸਲਾਹ-ਮਸ਼ਵਰੇ ਰਾਹੀਂ ਮੁੱਦਿਆਂ ਨੂੰ ਹੱਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿਆਸੀ ਪਾਰਟੀਆਂ, ਸਰਕਾਰੀ ਸੰਸਥਾਵਾਂ ਅਤੇ ਖੇਤਰ ਦੇ ਲੋਕਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਵਿਰੋਧੀ ਅਪਣੇ ਫਾਇਦੇ ਲਈ ਸਥਿਤੀ ਦਾ ਫਾਇਦਾ ਨਾ ਉਠਾ ਸਕਣ।
ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਖੇਤਰ ਦੇ ਲੋਕਾਂ ਦੀ ਮੰਗ ਨੂੰ ਕਾਨੂੰਨ ਅਨੁਸਾਰ ਪੂਰਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਮੌਜੂਦਾ ਸਥਿਤੀ ਤੋਂ ਬਾਹਰ ਨਿਕਲਣ ਦਾ ਰਸਤਾ ਲੱਭਣ ਲਈ ਪ੍ਰਧਾਨ ਮੰਤਰੀ ਸ਼ਰੀਫ ਨਾਲ ਇਨ੍ਹਾਂ ਮੁੱਦਿਆਂ ’ਤੇ ਚਰਚਾ ਕਰਨਗੇ। ਰਾਸ਼ਟਰਪਤੀ ਨੇ ਮੌਜੂਦਾ ਸਥਿਤੀ ’ਤੇ ਅਫਸੋਸ ਜ਼ਾਹਰ ਕੀਤਾ। ਉਨ੍ਹਾਂ ਪੁਲਿਸ ਅਧਿਕਾਰੀ ਦੀ ਮੰਦਭਾਗੀ ਮੌਤ ’ਤੇ ਦੁੱਖ ਜ਼ਾਹਰ ਕੀਤਾ ਅਤੇ ਝੜਪਾਂ ’ਚ ਜ਼ਖਮੀ ਹੋਏ ਸਾਰੇ ਲੋਕਾਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ।
ਅਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਸਨਿਚਰਵਾਰ ਨੂੰ ਪੁੰਛ-ਕੋਟਲੀ ਰੋਡ ’ਤੇ ਇਕ ਮੈਜਿਸਟਰੇਟ ਸਮੇਤ ਕਈ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ। ਪੂਰੇ ਖੇਤਰ ’ਚ ਬਾਜ਼ਾਰ, ਵਪਾਰਕ ਕੇਂਦਰ, ਦਫਤਰ, ਸਕੂਲ ਅਤੇ ਰੈਸਟੋਰੈਂਟ ਬੰਦ ਰਹੇ। ਪੀਓਕੇ ਦੇ ਵੱਖ-ਵੱਖ ਸਥਾਨਾਂ ’ਤੇ ਹਿੰਸਾ ਤੋਂ ਬਾਅਦ ਪ੍ਰਦਰਸ਼ਨਕਾਰੀਆਂ ’ਤੇ ਪੁਲਿਸ ਦੀ ਕਾਰਵਾਈ ਦੌਰਾਨ ਮੁਜ਼ੱਫਰਾਬਾਦ ’ਚ ਦਰਜਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸਰਕਾਰ ਨੇ ਇਕ ਦਿਨ ਪਹਿਲਾਂ ਖੇਤਰ ਦੇ ਵੱਖ-ਵੱਖ ਹਿੱਸਿਆਂ ਵਿਚ ਮੋਬਾਈਲ ਫੋਨ ਅਤੇ ਇੰਟਰਨੈੱਟ ਸੇਵਾਵਾਂ ਵੀ ਮੁਅੱਤਲ ਕਰ ਦਿਤੀਆਂ ਸਨ।