
ਪਾਕਿਸਤਾਨ ਦੀ ਭ੍ਰਿਸ਼ਟਾਚਾਰ ਰੋਧੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵਿਰੁਧ ਚੱਲ ਰਹੇ ਭ੍ਰਿਸ਼ਟਾਚਾਰ ਦੇ ਬਾਕੀ ਦੋ ਮਾਮਲਿਆਂ ਵਿਚ ਉਨ੍ਹਾਂ ਨੂੰ ਦੋਸ਼ੀ ...
ਇਸਲਾਮਾਬਾਦ : (ਭਾਸ਼ਾ) ਪਾਕਿਸਤਾਨ ਦੀ ਭ੍ਰਿਸ਼ਟਾਚਾਰ ਰੋਧੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵਿਰੁਧ ਚੱਲ ਰਹੇ ਭ੍ਰਿਸ਼ਟਾਚਾਰ ਦੇ ਬਾਕੀ ਦੋ ਮਾਮਲਿਆਂ ਵਿਚ ਉਨ੍ਹਾਂ ਨੂੰ ਦੋਸ਼ੀ ਕਰਾਰ ਦਿਤਾ। ਇਸਲਾਮਾਬਾਦ ਦੀ ਜਵਾਬਦੇਹੀ ਅਦਾਲਤ ਨੇ 68 ਸਾਲਾਂ ਸ਼ਰੀਫ਼ ਨੂੰ ਅਲ ਅਜੀਜ਼ੀਆ ਸਟੀਲ ਮਿੱਲ ਮਾਮਲਿਆਂ ਵਿਚ ਦੋਸ਼ੀ ਕਰਾਰ ਦਿੰਦੇ ਹੋਏ ਸੱਤ ਸਾਲ ਦੀ ਸਜ਼ਾ ਸੁਣਾਈ। ਸ਼ਰੀਫ਼ ਉਤੇ 2.5 ਮਿਲੀਅਨ ਦਾ ਜੁਰਮਾਨਾ ਵੀ ਲਗਾਇਆ ਗਿਆ।
Nawaz Sharif
ਦ ਡਾਨ ਮੁਤਾਬਕ, ਫ਼ੈਸਲਾ ਸੁਣਨ ਲਈ ਨਵਾਜ਼ ਸ਼ਰੀਫ਼ ਅਦਾਲਤ ਵਿਚ ਮੌਜੂਦ ਸਨ। ਜਸਟਿਸ ਅਰਸ਼ਦ ਮਲਿਕ ਨੇ ਨਵਾਜ਼ ਦੇ ਕੋਰਟ ਰੂਮ ਵਿਚ ਪੁੱਜਣ ਦੇ ਕੁੱਝ ਹੀ ਮਿੰਟਾਂ ਵਿਚ ਅਪਣਾ ਸੰਖੇਪ ਫ਼ੈਸਲਾ ਸੁਣਾਇਆ। ਕੋਰਟ ਨੇ ਕਿਹਾ ਕਿ ਫਲੈਗਸ਼ਿਪ ਇਨਵੈਸਟਮੈਂਟ ਮਾਮਲੇ ਵਿਚ ਮੁਲਜ਼ਮ ਵਿਰੁਧ ਕੋਈ ਕੇਸ ਨਹੀਂ ਬਣਦਾ ਹੈ। ਅਲ ਅਜੀਜ਼ੀਆ ਸਟੀਲ ਮਿੱਲ ਮਾਮਲੇ ਵਿਚ ਦੋਸ਼ ਸਿੱਧ ਹੁੰਦਾ ਹੈ। ਸਿਆਸੀ ਬਨਵਾਸ ਕੱਟ ਰਹੇ ਨਵਾਜ਼ ਸ਼ਰੀਫ਼ ਦੇ ਸਮਰਥਕ ਵੱਡੀ ਗਿਣਤੀ ਵਿਚ ਕੋਰਟ ਰੂਮ ਦੇ ਬਾਹਰ ਮੌਜੂਦ ਸਨ। ਮੀਡੀਆ ਰਿਪੋਰਟਸ ਦੇ ਮੁਤਾਬਕ, ਸ਼ਰੀਫ਼ ਸਮੇਂ 'ਤੇ ਅਦਾਲਤ ਪਹੁੰਚ ਗਏ ਸਨ ਅਤੇ ਇਸ ਦੌਰਾਨ ਉਹ ਬਿਲਕੁੱਲ ਸ਼ਾਂਤ ਨਜ਼ਰ ਆ ਰਹੇ ਸਨ।
Nawaz Sharif
ਦੱਸ ਦਈਏ ਕਿ ਇਨ੍ਹਾਂ ਦੋਨਾਂ ਮਾਮਲਿਆਂ 'ਤੇ ਪਿਛਲੇ ਹਫ਼ਤੇ ਸੁਣਵਾਈ ਪੂਰੀ ਕਰ ਲੈਣ ਤੋਂ ਬਾਅਦ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਨਵਾਜ਼ ਸ਼ਰੀਫ਼ ਉਤੇ ਇਸ ਤੋਂ ਪਹਿਲਾਂ ਵੀ ਭ੍ਰਿਸ਼ਟਾਚਾਰ ਦੇ ਕਈ ਇਲਜ਼ਾਮ ਲੱਗ ਚੁੱਕੇ ਹਨ। ਉਨ੍ਹਾਂ ਨੂੰ 10 ਸਾਲ ਲਈ ਚੋਣ ਲੜਨ ਦੇ ਆਯੋਗ ਵੀ ਐਲਾਨ ਕੀਤਾ ਜਾ ਚੁੱਕਿਆ ਹੈ। ਪਹਿਲਾਂ ਤੋਂ ਹੀ ਭ੍ਰਿਸ਼ਟਾਚਾਰ ਦੇ ਇਲਜ਼ਾਮ ਝੇਲ ਰਹੇ ਸ਼ਰੀਫ਼ ਦੇ ਕੁਨਬੇ ਲਈ ਇਹ ਫ਼ੈਸਲਾ ਵੱਡਾ ਝੱਟਕਾ ਹੈ। ਦੱਸ ਦਈਏ ਕਿ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਪਣੇ ਚੋਣ ਪ੍ਚਾਰ ਵਿਚ ਸ਼ਰੀਫ਼ ਪਰਵਾਰ ਦੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਜ਼ੋਰ - ਸ਼ੋਰ ਨਾਲ ਚੁੱਕਿਆ ਸੀ।