
ਭਾਰਤ ਦੀ ਅਤਿਵਾਦ ਵਿਰੋਧੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਬੌਖ਼ਲਾ ਚੁੱਕਿਆ ਹੈ। ਇਸ ਦਾ ਅਨੁਮਾਨ ਪਾਕਿ ਵਲੋਂ ਕੀਤੀਆਂ ਜਾਣ ਵਾਲੀਆਂ...
ਇਸਲਾਮਾਬਾਦ : ਭਾਰਤ ਦੀ ਅਤਿਵਾਦ ਵਿਰੋਧੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਬੌਖ਼ਲਾ ਚੁੱਕਿਆ ਹੈ। ਇਸ ਦਾ ਅਨੁਮਾਨ ਪਾਕਿ ਵਲੋਂ ਕੀਤੀਆਂ ਜਾਣ ਵਾਲੀਆਂ ਭੜਕਾਊ ਟਿੱਪਣੀਆਂ ਤੋਂ ਲਗਾਇਆ ਜਾ ਸਕਦਾ ਹੈ। ਪਾਕਿਸਤਾਨ ਦੇ ਇਕ ਮੰਤਰੀ ਨੇ ਕਿਹਾ ਕਿ ਅਗਲੇ 72 ਘੰਟੇ ਬਹੁਤ ਸੰਵੇਦਨਸ਼ੀਲ ਹਨ। ਉਸ ਮੁਤਾਬਕ ਜੇਕਰ ਭਾਰਤ ਨਾਲ ਯੁੱਧ ਛਿੜਦਾ ਹੈ ਤਾਂ ਉਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦਾ ਸਭ ਤੋਂ ਭਿਆਨਕ ਯੁੱਧ ਹੋਵੇਗਾ।
ਰੇਲ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਕਿਹਾ, “ਜੇਕਰ ਯੁੱਧ ਹੁੰਦਾ ਹੈ ਤਾਂ ਇਹ ਬਹੁਤ ਭਿਆਨਕ ਹੋਵੇਗਾ ਕਿਉਂਕਿ ਪਾਕਿਸਤਾਨ ਪੂਰੀ ਤਰ੍ਹਾਂ ਤੋ ਤਿਆਰ ਹੈ ਅਤੇ ਪਾਕਿਸਤਾਨ ਲਗਭੱਗ ਯੁੱਧ ਕਰਨ ਦਾ ਮਨ ਵੀ ਬਣਾ ਚੁੱਕਾ ਹੈ। ਰੇਲਵੇ ਤਾਂ ਪਹਿਲਾਂ ਹੀ ਯੁੱਧ ਸਥਿਤੀ ਵਾਲੇ ਕਾਨੂੰਨਾਂ ਦੀ ਪਾਲਣਾ ਕਰ ਰਿਹਾ ਹੈ” ਅਹਿਮਦ ਨੇ ਕਿਹਾ ਕਿ ਜੇਕਰ ਯੁੱਧ ਹੁੰਦਾ ਹੈ ਤਾਂ ਇਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਭਿਆਨਕ ਅਤੇ ਆਖ਼ਰੀ ਯੁੱਧ ਹੋਵੇਗਾ। ਮੰਤਰੀ ਨੇ ਕਿਹਾ, “ਯੁੱਧ ਹੋਵੇਗਾ ਜਾਂ ਸ਼ਾਂਤੀ, ਇਹ ਅਗਲੇ 72 ਘੰਟਿਆਂ ਵਿਚ ਤੈਅ ਹੋਵੇਗਾ।”
ਦੱਸ ਦਈਏ ਕਿ ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਦੀ ਏਅਰਸਟਰਾਇਕ ਤੋਂ ਬਾਅਦ ਪਾਕਿਸਤਾਨ ਵਲੋਂ ਸਰਹੱਦ ਉਤੇ ਲਗਾਤਾਰ ਸੀਜ਼ਫਾਇਰ ਦੀ ਉਲੰਘਣਾ ਕੀਤੀ ਜਾ ਰਹੀ ਹੈ। ਹਮਲੇ ਤੋਂ ਬਾਅਦ ਪਾਕਿ ਵਲੋਂ LoC ਉਤੇ ਜਾਰੀ ਗੋਲੀਬਾਰੀ ਦੇ ਵਿਚ ਪਾਕਿਸਤਾਨੀ ਲੜਾਕੂ ਜਹਾਜ਼ ਨੇ ਭਾਰਤੀ ਹਵਾਈ ਸੀਮਾ ਦੀ ਉਲੰਘਣਾ ਕੀਤੀ ਅਤੇ ਸੀਮਾ ਵਿਚ ਉਸ ਦੇ 2 ਜਹਾਜ਼ ਵੜ ਆਏ ਅਤੇ ਪਾਕਿ ਦੀ ਇਸ ਹਰਕਤ ਤੋਂ ਬਾਅਦ ਕਈ ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਏਅਰਪੋਰਟ ਉਤੇ ਜਹਾਜ਼ਾਂ ਦੀ ਆਵਾਜਾਈ ਰੋਕ ਦਿਤੀ ਗਈ ਹੈ। ਅੰਮ੍ਰਿਤਸਰ ਏਅਰਪੋਰਟ ਨੂੰ ਖਾਲੀ ਕਰਾ ਲਿਆ ਗਿਆ ਹੈ।