
ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ਨਾਲ ਲੱਗਦੇ ਗ੍ਰੇਟ ਲੈਕਸ ਖੇਤਰ ਵਿਚ ਬਰਫ਼ੀਲੇ ਤੂਫ਼ਾਨ ਨੇ ਤਬਾਹੀ ਮਚਾ ਦਿਤੀ.........
ਨਿਊਯਾਰਕ : ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ਨਾਲ ਲੱਗਦੇ ਗ੍ਰੇਟ ਲੈਕਸ ਖੇਤਰ ਵਿਚ ਬਰਫ਼ੀਲੇ ਤੂਫ਼ਾਨ ਨੇ ਤਬਾਹੀ ਮਚਾ ਦਿਤੀ ਹੈ। ਇਸ ਨਾਲ ਸਾਢੇ 3 ਕਰੋੜ ਤੋਂ ਜ਼ਿਆਦਾ ਲੋਕ ਪ੍ਰਭਾਵਤ ਹੋਏ। ਖਰਾਬ ਮੌਸਮ ਦੇ ਕਾਰਨ 1600 ਤੋਂ ਜ਼ਿਆਦਾ ਉਡਾਣਾਂ ਰਦ ਕਰ ਦਿਤੀਆਂ ਗਈਆਂ। ਪੰਜ ਹਜ਼ਾਰ ਤੋਂ ਜ਼ਿਆਦਾ ਜਹਾਜ਼ਾਂ ਦੀ ਉਡਾਣ ਵਿਚ ਦੇਰੀ ਹੋਈ। ਸੜਕਾਂ 'ਤੇ ਛੇ ਇੰਚ ਤਕ ਬਰਫ਼ ਜਮ ਗਈ। ਲੋਕਾਂ ਨੂੰ ਕਿਹਾ ਗਿਆ ਹੈ ਕਿ ਹੋ ਸਕੇ ਤਾਂ ਉਹ ਅਪਣੀ ਯਾਤਰਾ ਟਾਲ ਦੇਣ ਨਹੀਂ ਤਾਂ ਫਸ ਸਕਦੇ ਹੋ। 56 ਕਿਲੋਮੀਟਰ ਦੀ ਰਫ਼ਤਾਰ ਨਾਲ ਆਏ ਤੂਫ਼ਾਨ ਦੇ ਨਾਲ ਬਰਫ਼ਬਾਰੀ ਹੋਣ ਕਾਰਨ ਕੜਾਕੇ ਦੀ ਸਰਦੀ ਸ਼ੁਰੂ ਹੋ ਗਈ ਹੈ।
ਕਈ ਇਲਾਕਿਆਂ ਵਿਚ ਪਾਰਾ ਮਾਈਨਸ 10 ਡਿਗਰੀ ਤਕ ਦਰਜ ਕੀਤਾ ਗਿਆ। 770 ਉਡਾਣਾਂ ਸ਼ਿਕਾਗੋ ਦੇ ਕੌਮਾਂਤਰੀ ਏਅਰਪੋਰਟ 'ਤੇ ਰਦ ਹੋਈਆਂ। ਕੰਸਾਸ ਸਿਟੀ ਇੰਟਰਨੈਸ਼ਨਲ ਏਅਰਪੋਰਟ 'ਤੇ 187 ਉਡਾਣਾਂ ਰਦ ਕੀਤੀਆਂ ਗਈਆਂ। ਕੰਸਾਸ, ਮਿਸੌਰੀ, ਨੇਬਰਾਸਕਾ ਅਤੇ Îਆਇਓਵਾ ਦੀ ਆਬਾਦੀ 1.4 ਕਰੋੜ ਹੈ। ਕੈਨੇਡਾ ਨੂੰ ਮਿਲਾ ਕੇ ਤੂਫ਼ਾਨ ਨਾਲ 3.4 ਕਰੋੜ ਲੋਕ ਪ੍ਰਭਾਵਤ ਹਨ। ਕੰਸਾਸ ਤੋਂ ਮਿਸੌਰੀ ਦਾ 375 ਕਿਲੋਮੀਟਰ ਲੰਬਾ ਹਾਈਵੇ ਬੰਦ ਕਰ ਦਿਤਾ ਗਿਆ ਹੈ। ਇਸ ਨਾਲ ਦਸ ਕਿਲੋਮੀਟਰ ਜਾਮ ਲੱਗ ਗਿਆ।
ਰਾਸ਼ਟਰਮੀ ਮੌਸਮ ਸੇਵਾ ਨੇ ਦਸਿਆ ਕਿ ਕੰਸਾਸ, ਸੈਂਟਰਲ ਮਿਸੌਰੀ, ਦਖਣ ਪੂਰਵ ਨੇਬਰਾਸਕਾ ਵਿਚ ਹੋਰ ਬਰਫ਼ਬਾਰੀ ਹੋਵੇਗੀ। ਬਰਫ਼ਬਾਰੀ ਵਿਚ 70 ਹਜ਼ਾਰ ਘਰਾਂ ਦੀ ਬਿਜਲੀ ਗੁੱਲ ਹੋ ਗਈ। ਕੈਨੇਡਾ ਦੇ ਕੈਲਗਰੀ ਵਿਚ ਨਵੰਬਰ ਦੀ ਬਰਫ਼ਬਾਰੀ ਦਾ 76 ਸਾਲ ਦਾ ਰਿਕਾਰਡ ਟੁੱਟ ਗਿਆ ਹੈ। ਉਥੇ 5.28 ਇੰਚ ਬਰਫ਼ਬਾਰੀ ਹੋਈ।
ਇਸ ਤੋਂ ਪਹਿਲਾਂ ਉਥੇ 1942 ਵਿਚ 3.76 ਇੰਚ ਬਰਫ਼ਬਾਰੀ ਹੋਈ ਸੀ। ਕੈਲਗਰੀ ਵਿਚ ਇਸ ਮਹੀਨੇ ਔਸਤ ਦੋ ਗੁਣਾ ਬਰਫ਼ ਪੈ ਚੁੱਕੀ ਹੈ। (ਏਜੰਸੀਆਂ)