
ਸ਼ਹਿਰ ਦੇ ਮਿੱਠਾ ਪੁਰ ਖੇਤਰ ਵਿਚ ਪੈਂਦੀ ਕਾਲੋਨੀ ਕਲਗੀਧਰ ਐਵੇਨਿਊ ਵਿਖੇ ਪਿਛਲੇ 8 ਸਾਲਾਂ ਤੋਂ ਚਲ ਰਹੇ ਗੁਰਦੁਆਰਾ ਸਾਹਿਬ ਨੂੰ ਹਲਕਾ ਵਿਧਾਇਕ ਦੇ ਕਰੀਬੀ............
ਜਲੰਧਰ : ਸ਼ਹਿਰ ਦੇ ਮਿੱਠਾ ਪੁਰ ਖੇਤਰ ਵਿਚ ਪੈਂਦੀ ਕਾਲੋਨੀ ਕਲਗੀਧਰ ਐਵੇਨਿਊ ਵਿਖੇ ਪਿਛਲੇ 8 ਸਾਲਾਂ ਤੋਂ ਚਲ ਰਹੇ ਗੁਰਦੁਆਰਾ ਸਾਹਿਬ ਨੂੰ ਹਲਕਾ ਵਿਧਾਇਕ ਦੇ ਕਰੀਬੀ ਰਿਸ਼ਤੇਦਾਰ ਵਲੋਂ ਕਥਿਤ ਤੌਰ 'ਤੇ ਮਨਮਾਨੇ ਢੰਗ ਨਾਲ ਤਾਲਾ ਲਗਾ ਦਿਤੇ ਜਾਣ ਦੀ ਘਟਨਾ ਤੋਂ ਬਾਅਦ ਸਥਾਨਕ ਸਿੱਖ ਜਥੇਬੰਦੀਆਂ ਵਿਚ ਰੋਸ ਦੀ ਲਹਿਰ ਪੈਦਾ ਹੋ ਚੁੱਕੀ ਹੈ। ਆਗਆਂ ਨੇ ਇਸ ਨੂੰ ਆਪਹੁਦਰੀ ਕਾਰਵਾਈ ਕਰਾਰ ਦਿੰਦੇ ਹੋਏ ਇਸ ਕਾਰਵਾਈ ਵਿਰੁਧ ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਤਕ ਪਹੁੰਚ ਕਰਨ ਦਾ ਐਲਾਨ ਕੀਤਾ ਹੈ।
ਪ੍ਰੈੱਸ ਕਲੱਬ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਅਕਾਲੀ ਆਗੂ ਗੁਰਚਰਨ ਸਿੰਘ ਚੰਨੀ, ਅਮਰਜੀਤ ਸਿੰਘ ਮਿੱਠਾ, ਅਮਰਜੀਤ ਸਿੰਘ ਕਿਸ਼ਨਪੁਰਾ, ਗੁਰਮੀਤ ਸਿੰਘ ਲਾਟੀ, ਜਸਵਿੰਦਰ ਸਿੰਘ ਜੱਸਾ, ਚਰਨਜੀਤ ਸਿੰਘ ਮਿੰਟਾ, ਹਰਕੋਮਲਪ੍ਰੀਤ ਸਿੰਘ ਰੋਮੀ, ਸਤਨਾਮ ਸਿੰਘ ਲਾਇਲ, ਸਰਬਜੀਤ ਸਿੰਘ ਪਨੇਸਰ ਅਤੇ ਹਰਪ੍ਰੀਤ ਸਿੰਘ ਆਦਿ ਨੇ ਦਸਿਆ ਕਿ ਪਿਛਲੇ 8 ਸਾਲਾਂ ਤੋਂ ਉਪਰੋਕਤ ਗੁਰਦੁਆਰਾ ਸਾਹਿਬ ਦੇ ਅੰਦਰ ਗੁਰੂ ਗਰੰਥ ਸਾਹਿਬ ਤੋਂ ਇਲਾਵਾ ਨਿਸ਼ਾਨ ਸਾਹਿਬ ਵੀ ਸੁਸ਼ੋਭਤ ਹਨ। ਇਥੇ ਬਕਾਇਦਾ ਸੰਗਤ ਵਿਆਹ ਸ਼ਾਦੀ ਦੇ ਪ੍ਰੋਗਰਾਮ ਵੀ ਕਰਦੀਆਂ ਆ ਰਹੀਆਂ ਹਨ ਅਤੇ ਆਨੰਦ ਕਾਰਜ ਸਬੰਧੀ ਸਰਟੀਫ਼ੀਕੇਟ ਵੀ ਜਾਰੀ ਕੀਤੇ ਜਾਂਦੇ ਰਹੇ ਹਨ।
ਇਸ ਤਰ੍ਹਾਂ ਇਲਾਕੇ ਦੀਆਂ ਸੰਗਤਾਂ ਵਿਚ ਇਸ ਅਸਥਾਨ ਪ੍ਰਤੀ ਭਾਰੀ ਸ਼ਰਧਾ ਪਾਈ ਜਾ ਰਹੀ ਸੀ ਪਰ ਬੀਤੇ ਦਿਨ ਇਸ ਅਸਥਾਨ ਨੂੰ ਅਚਾਨਕ ਹੀ ਇਕ ਵਿਅਕਤੀ ਵਲੋਂ ਤਾਲੇ ਲਗਾ ਕੇ ਬੰਦ ਕਰ ਦਿਤਾ ਗਿਆ। ਸਿੱਖ ਕੌਂਸਲ ਅਤੇ ਸਿੱਖ ਧਾਰਮਕ ਜਥੇਬੰਦੀਆਂ ਦੇ ਆਗੂਆਂ ਨੇ ਮੌਕੇ 'ਤੇ ਪਹੁੰਚ ਕੇ ਇਸ ਸਬੰਧੀ ਇਤਰਾਜ਼ ਪ੍ਰਗਟਾਇਆ ਤਾਂ ਮੁਲਜ਼ਮਾਂ ਵਲੋਂ ਜਠੇਰਿਆਂ ਦੇ ਇਕ ਅਸਥਾਨ ਦੀ ਆੜ ਹੇਠ ਇਸ ਆਪਹੁਦਰੀ ਕਾਰਵਾਈ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅਕਾਲੀ ਆਗੂ ਗੁਰਚਰਨ ਸਿੰਘ ਚੰਨੀ ਨੇ ਦਾਅਵਾ ਕੀਤਾ ਕਿ ਗੁਰਦੁਆਰਾ ਸਾਹਿਬ ਨੂੰ ਬੰਦ ਕਰਨ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਕੋਲੋਂ ਬਣਦੀ ਇਜਾਜ਼ਤ ਨਹੀਂ ਲਈ ਗਈ ਹੈ। ਉਨ੍ਹਾਂ ਦਸਿਆ ਕਿ ਜੇਕਰ ਜਠੇਰਿਆਂ ਦੇ ਅਸਥਾਨ ਸਬੰਧੀ ਕੋਈ ਸ਼ਿਕਾਇਤ ਸੀ ਤਾਂ ਉਸ ਨੂੰ ਚਾਰਦੀਵਾਰੀ ਰਾਹੀਂ ਵਖਰਾ ਕੀਤਾ ਜਾ ਸਕਦਾ ਸੀ ਅਤੇ ਗੁਰਦੁਆਰਾ ਸਾਹਿਬ ਸਬੰਧੀ ਕੋਈ ਵੀ ਫ਼ੈਸਲਾ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਕੋਲੋਂ ਹੀ ਕਰਵਾਇਆ ਜਾਣਾ ਚਾਹੀਦਾ ਸੀ।