
ਬੇਅਦਬੀ ਕਾਂਡ ਦੀਆਂ ਤਾਰਾਂ ਡੇਰਾ ਸੌਦਾ ਸਾਧ ਨਾਲ ਜੁੜਨ ਦਾ ਮਾਮਲਾ
ਅੰਮ੍ਰਿਤਸਰ: ਬੇਅਦਬੀ ਕਾਂਡ ਦੀਆਂ ਤਾਰਾਂ ਡੇਰਾ ਸੌਦਾ ਸਾਧ ਨਾਲ ਜੁੜਨ ਕਰ ਕੇ ਬਾਦਲਾਂ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ 'ਤੇ ਮਾਰੂ ਅਸਰ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਪੰਥਕ ਸੰਗਠਨਾਂ ਵਲੋਂ ਬਰਗਾੜੀ ਵਿਖੇ ਲਾਇਆ ਮੋਰਚਾ ਮਜ਼ਬੂਤ ਹੋ ਰਿਹਾ ਹੈ। ਸਿੱਖ ਹਲਕਿਆਂ ਵਲੋਂ ਭਰਵਾਂ ਹੁੰਗਰਾ ਮਿਲਣ ਕਰ ਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂ ਵੀ ਅਪਣਾ ਭਵਿੱਖ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਗੰਭੀਰ ਹੈ ਜਿਸ ਨੂੰ ਸਿੱਖ ਕੌਮ ਕਦੇ ਮਾਫ਼ ਨਹੀਂ ਕਰੇਗੀ।
ਸੌਦਾ ਸਾਧ ਨੂੰ ਬਚਾਉਣ ਦੇ ਮਕਸਦ ਨਾਲ ਉਸ ਸਮੇਂ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹੋ ਰਹੀ ਪੜਤਾਲ ਨੂੰ ਵਿਚਾਲੇ ਛੱਡਣ ਦੇ ਆਦੇਸ਼ ਪੁਲਿਸ ਅਧਿਕਾਰੀਆਂ ਨੂੰ ਦਿਤੇ ਸਨ। ਬਾਦਲਾਂ ਨੇ ਵੋਟਾਂ ਬਟੋਰਨ ਲਈ ਸੌਦਾ ਸਾਧ ਨੂੰ ਬਿਨਾਂ ਪੇਸ਼ੀ ਦੇ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਰਾਹੀਂ ਬਰੀ ਕਰ ਦਿਤਾ ਸੀ ਪਰ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਤੇ ਪੰਥਕ ਆਗੂਆਂ ਵਲੋਂ ਵਿਰੋਧ ਕਰਨ 'ਤੇ ਮੁੜ ਜਥੇਦਾਰ ਨੂੰ ਮਾਫ਼ੀਨਾਮਾ ਵਾਪਸ ਲੈਣਾ ਪਿਆ ਸੀ। ਇਹ ਵੀ ਪਤਾ ਲੱਗਾ ਹੈ
ਕਿ ਸਿੱਖ ਸੰਗਠਨਾ ਵੱਲੋ ਲਾਇਆ ਗਿਆ ਮੋਰਚਾ ਲੰਮਾ ਵੀ ਹੋ ਸਕਦਾ ਹੈ। ਕਾਂਗਰਸ ਸਰਕਾਰ ਵੀ ਬਾਦਲ ਪਰਵਾਰ ਤੋਂ ਪੰਥਕ ਏਜੰਡਾ ਖੋਹਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਤਾਕਿ 2019 ਦੀਆਂ ਲੋਕ ਸਭਾ ਚੋਣਾ ਵਿਚ ਵੱਧ ਤੋ ਵੱਧ ਸੀਟਾਂ 'ਤੇ ਜਿੱਤ ਦਰਜ ਕੀਤੀ ਜਾ ਸਕੇ। ਇਹ ਵੀ ਚਰਚਾ ਹੈ ਕਿ ਬਰਗਾੜੀ ਮੋਰਚੇ ਦੀ ਸਫ਼ਲਤਾ ਬਾਅਦ ਸਰਬੱਤ ਖ਼ਾਲਸਾ ਵੀ ਬੁਲਾਇਆ ਜਾ ਸਕਦਾ ਹੈ
ਜਿਸ ਵਿਚ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਖ਼ਾਸ ਕਰ ਕੇ ਬਾਦਲਾਂ ਨੂੰ ਚੁਨੌਤੀ ਵੀ ਦਿਤੀ ਜਾ ਸਕਦੀ ਹੈ। ਇਹ ਵੀ ਪਤਾ ਲੱਗਾ ਹੈ ਕਿ ਦੀਵਾਲੀ ਨੇੜੇ ਸਰਬੱਤ ਖ਼ਾਲਸਾ ਬੁਲਾਉਣ ਲਈ ਵਿਚਾਰ ਹੋ ਰਹੀ ਹੈ। ਸੂਚਨਾ ਮੁਤਾਬਕ ਪੰਥਕ ਆਗੂ ਇਤਿਹਾਸਿਕ ਸਰਬੱਤ ਖ਼ਾਲਸਾ ਬੁਲਾਉਣ ਲਈ ਗੰਭੀਰ ਹਨ ਤੇ 10 ਲੱਖ ਤੋ ਵੱਧ ਇਕੱਠ ਕਰਨ ਦੇ ਮੂਡ ਵਿਚ ਹਨ।