ਪਹਿਲੇ ਹਫ਼ਤੇ 'ਚ ਬਿਲੀਅਨ ਡਾਲਰ ਦਾ ਬਿਜਨਸ ਕਰਨ ਵਾਲੀ ਪਹਿਲੀ ਫ਼ਿਲਮ ਬਣ ਸਕਦੀ ਹੈ Avengers:Endgame 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਭਾਰਤ 'ਚ 10 ਲੱਖ ਤੋਂ ਵੱਧ ਟਿਕਟਾਂ ਦੀ ਐਡਵਾਂਸ ਬੁਕਿੰਗ ਹੋਈ

'Avengers: Endgame' set for biggest Hollywood release in India

ਨਵੀਂ ਦਿੱਲੀ : ਮਾਰਵਲ ਸਿਨੇਮੈਟਿਕ ਯੂਨੀਵਰਸ ਦੀ ਹੁਣ ਤਕ 21 ਫ਼ਿਲਮਾਂ ਬਣ ਚੁੱਕੀਆਂ ਹਨ ਅਤੇ ਇਸੇ ਲੜੀ ਦੀ 22ਵੀਂ ਫ਼ਿਲਮ Avengers: Endgame ਰਿਲੀਜ਼ ਲਈ ਤਿਆਰ ਹੈ। ਇਹ ਫ਼ਿਲਮ ਭਲਕੇ (26 ਅਪ੍ਰੈਲ) ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਬਾਰੇ ਕਿਹਾ ਜਾ ਰਿਹਾ ਹੈ ਕਿ ਸਿਲਵਰ ਸਕ੍ਰੀਨ 'ਤੇ ਇਹ ਫ਼ਿਲਮ ਕਈ ਨਵੇਂ ਰਿਕਾਰਡ ਕਾਇਮ ਕਰ ਸਕਦੀ ਹੈ। Avengers: Endgame ਨੂੰ ਭਾਰਤ 'ਚ 24 ਘੰਟੇ ਆਪਣਾ ਸ਼ੋਅ ਚਲਾਉਣ ਦੀ ਮਨਜੂਰੀ ਮਿਲ ਗਈ ਹੈ। ਜਿਸ ਤੋਂ ਇਕ ਗੱਲ ਤਾਂ ਸਾਫ਼ ਜਾਹਰ ਹੈ ਕਿ ਇਹ ਫ਼ਿਲਮ ਬਾਕਸ ਆਫ਼ਿਸ 'ਤੇ ਸਾਰੇ ਰਿਕਾਰਡ ਤੋੜ ਦੇਵੇਗੀ।

Avengers: Endgame ਦੇ ਪਹਿਲੀ ਦਿਨ ਦੀ ਕਮਾਈ ਦਾ ਜੇ ਅੰਦਾਜਾ ਲਗਾਇਆ ਜਾਵੇ ਤਾਂ ਇਹ ਫ਼ਿਲਮ 45 ਤੋਂ 50 ਕਰੋੜ ਰੁਪਏ ਤਕ ਦਾ ਕਾਰੋਬਾਰ ਕਰ ਸਕਦੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਫ਼ਿਲਮ ਬਾਹੁਬਲੀ-2 ਦਾ ਵੀ ਰਿਕਾਰਡ ਤੋੜ ਸਕਦੀ ਹੈ। ਜ਼ਿਕਰਯੋਗ ਹੈ ਕਿ ਬਾਹੁਬਲੀ-2 ਨੇ ਆਪਣੇ ਪਹਿਲੇ ਦਿਨ ਕੁਲ 41 ਕਰੋੜ ਰੁਪਏ ਦੀ ਕਮਾਈ ਕੀਤੀ ਸੀ। 

ਇਸ ਫ਼ਿਲਮ ਦਾ ਪੂਰੀ ਦੁਨੀਆਂ 'ਚ ਇੰਤਜਾਰ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਦੇ ਕਰੇਜ਼ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਐਡਵਾਂਸ ਬੁਕਿੰਗ 'ਚ ਪਹਿਲਾਂ ਹੀ ਇਸ ਫ਼ਿਲਮ ਦੇ ਸ਼ੋਅ ਹਾਊਸਫੁਲ ਹੋ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਹਾਲੀਵੁਡ ਦੀ ਅਜਿਹੀ ਫ਼ਿਲਮ ਬਣ ਸਕਦੀ ਹੈ ਜੋ ਆਪਣੇ ਰਿਲੀਜ਼ ਵਾਲੇ ਪਹਿਲੇ ਹਫ਼ਤੇ 'ਚ ਦੁਨੀਆਂ ਭਰ ਵਿਚ 1 ਬਿਲੀਅਨ ਡਾਲਰ ਦਾ ਬਿਜਨਸ ਕਰਨ ਦਾ ਰਿਕਾਰਡ ਬਣਾ ਸਕਦੀ ਹੈ। ਭਾਰਤ 'ਚ ਇਸ ਫ਼ਿਲਮ ਦੇ 10 ਲੱਖ ਤੋਂ ਵੱਧ ਟਿਕਟਾਂ ਐਡਵਾਂਸ 'ਚ ਬੁੱਕ ਹੋ ਚੁੱਕੀਆਂ ਹਨ। ਇਸ ਦੀ ਸਭ ਤੋਂ ਮਹਿੰਗੀ ਟਿਕਟ 2400 ਰੁਪਏ ਦੀ ਵਿਕੀ।

Avengers: Endgame ਲਈ ਭਾਰਤ 'ਚ 2700 ਸਕ੍ਰੀਨਾਂ ਬੁੱਕ ਕੀਤੀਆਂ ਜਾ ਚੁੱਕੀਆਂ ਹਨ। ਇਸ ਫ਼ਿਲਮ ਨੂੰ 24x7 ਸਿਨੇਮਾ ਘਰਾਂ 'ਚ ਵਿਖਾਇਆ ਜਾਵੇਗਾ। Avengers: Endgame ਨੂੰ ਸਾਊਥ 'ਚ 750 ਸਕ੍ਰੀਨਾਂ 'ਤੇ ਡਬ ਕਰ ਕੇ ਚਲਾਇਆ ਜਾਵੇਗਾ। ਭਾਰਤ 'ਚ 2-3 ਹਫ਼ਤੇ ਪਹਿਲਾਂ ਹੀ ਇਸ ਫ਼ਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਸੀ। ਇਸੇ ਕਾਰਨ ਟਿਕਟਾਂ ਤੈਅ ਕੀਮਤਾਂ ਨਾਲੋਂ ਦੁਗਣੀ-ਤਿਗੁਣੀ ਕੀਮਤਾਂ 'ਤੇ ਵਿੱਕ ਰਹੀਆਂ ਹਨ।