ਭਾਰਤ-ਕੈਨੇਡਾ ਤਣਾਅ ਤੋਂ ਲੈ ਕੇ ਫਿਰਕੂ ਨਫਰਤੀ ਦਾਅਵਿਆਂ ਤਕ, ਪੜ੍ਹੋ Top 5 Fact Checks
ਇਸ ਹਫਤੇ ਦੇ Top 5 Fact Checks
RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"
1. India-Canada Tensions: ਰਾਸ਼ਟਰਪਤੀ ਭਵਨ ਤੋਂ ਨਹੀਂ ਕੱਢੇ ਗਏ ਸਿੱਖ ਸੁਰੱਖਿਆ ਕਰਮੀ, ਇਸ ਫਰਜ਼ੀ ਦਾਅਵੇ ਨੂੰ ਨਾ ਕਰੋ ਸ਼ੇਅਰ
ਗਰਮਖਿਆਲੀ ਗਤੀਵਿਧੀਆਂ 'ਤੇ ਗਰਮਖਿਆਲੀ ਆਗੂ ਹਰਦੀਪ ਨਿੱਜਰ ਦੇ ਕਤਲ ਸਬੰਧੀ ਭਾਰਤ-ਕੈਨੇਡਾ ਵਿਚਕਾਰ ਤਕਰਾਰ ਦੀ ਸ਼ੁਰੂਆਤ ਹੋਈ। ਇਸ ਤਕਰਾਰ ਵਿਚ ਸੋਸ਼ਲ ਮੀਡੀਆ 'ਤੇ ਵੱਖ-ਵੱਖ ਦਾਅਵੇ ਵਾਇਰਲ ਹੋ ਰਹੇ ਹਨ। ਇਸੇ ਵਿਚਕਾਰ ਸੋਸ਼ਲ ਮੀਡੀਆ 'ਤੇ ਇੱਕ ਦਾਅਵਾ ਵਾਇਰਲ ਹੋਇਆ ਜਿਸਦੇ ਅਨੁਸਾਰ ਇਸ ਤਕਰਾਰ ਵਿਚ ਰਾਸ਼ਟਰਪਤੀ ਭਵਨ ਵਿਚੋਂ ਸਿੱਖ ਸੁਰੱਖਿਆ ਕਰਮੀਆਂ ਨੂੰ ਹਟਾ ਦਿੱਤਾ ਗਿਆ ਹੈ ਤੇ ਭਾਰਤ ਦੀ ਆਰਮੀ ਨੇ ਸਿੱਖ ਜਵਾਨਾਂ ਦੀਆਂ ਛੁੱਟੀਆਂ ਵੀ ਕੈਂਸਲ ਕਰ ਦਿੱਤੀਆਂ ਹਨ। ਇਸ ਪੋਸਟ ਨੂੰ ਵਾਇਰਲ ਕਰਦਿਆਂ ਸਿੱਖ ਸਮਾਜ ਪ੍ਰਤੀ ਨਫਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਸੀ। ਸਰਕਾਰ ਦੁਆਰਾ ਵਾਇਰਲ ਦਾਅਵੇ ਦਾ ਖੰਡਨ ਕੀਤਾ ਗਿਆ ਹੈ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
2. ਕੀ ਕੈਨੇਡਾ 'ਚ ਬੈਨ ਹੋ ਗਈ RSS? ਜਾਣੋ ਵਾਇਰਲ ਵੀਡੀਓ ਕਲਿਪ ਦਾ ਅਸਲ ਸੱਚ
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਇੱਕ ਵਿਅਕਤੀ ਭਾਰਤ ਅਤੇ ਕੈਨੇਡਾ ਵਿਚਕਾਰ ਸਬੰਧਾਂ ਬਾਰੇ ਬੋਲਦਾ ਨਜ਼ਰ ਆ ਰਿਹਾ ਸੀ। ਦਾਅਵਾ ਕੀਤਾ ਗਿਆ ਕਿ ਕੈਨੇਡਾ ਸਰਕਾਰ ਨੇ ਰਾਸ਼ਟਰੀ ਸਵੈਮ ਸੇਵਕ ਸੰਘ (RSS) ਨੂੰ ਬੈਨ ਕਰ ਦਿੱਤਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਹਾਲੇ ਤਕ ਕੈਨੇਡਾ ਸਰਕਾਰ ਨੇ RSS 'ਤੇ ਪਾਬੰਦੀ ਨੂੰ ਲੈ ਕੇ ਕੋਈ ਹੁਕਮ ਜਾਰੀ ਨਹੀਂ ਕੀਤੇ ਹਨ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
3. ਭਾਰਤੀ ਸੰਵਿਧਾਨ ਵਿਚੋਂ ਹਟਾਏ ਗਏ "ਸਮਾਜਵਾਦ ਤੇ ਧਰਮਨਿਰਪੱਖ" ਸ਼ਬਦ?
19 ਸਿਤੰਬਰ 2023 ਨੂੰ ਦੇਸ਼ ਨੇ ਪੁਰਾਣੀ ਸੰਸਦ ਦੀ ਇਮਾਰਤ ਤੋਂ ਨਵੀਂ ਇਮਾਰਤ ਦਾ ਸਫ਼ਰ ਸ਼ੁਰੂ ਕੀਤਾ। ਇਸ ਮੌਕੇ ਕੇਂਦਰ ਸਰਕਾਰ ਵੱਲੋਂ ਪਾਰਲੀਮੈਂਟ ਦੀ ਨਵੀਂ ਬਿਲਡਿੰਗ ਦਾ ਜ਼ੋਰਾਂ-ਸ਼ੋਰਾਂ ਨਾਲ ਉਦਘਾਟਨ ਕੀਤਾ ਗਿਆ। ਇਸ ਮੌਕੇ ਕੇਂਦਰ ਨੇ ਸਾਰੇ ਸੰਸਦ ਮੈਂਬਰ ਸੱਦੇ ਤੇ ਇਸ ਇਤਿਹਾਸਕ ਮੌਕੇ ਦਾ ਉਨ੍ਹਾਂ ਸਾਰਿਆਂ ਨੂੰ ਗਵਾਹ ਬਣਾਇਆ। ਉਦਘਾਟਨ ਮੌਕੇ ਕੇਂਦਰ ਨੇ ਸਾਰੇ ਸੰਸਦ ਮੈਂਬਰਾਂ ਨੂੰ ਭਾਰਤੀ ਸੰਵਿਧਾਨ ਦੀਆਂ ਕਾਪੀ ਦਿੱਤੀ ਜਿਸਨੇ ਇੱਕ ਨਵਾਂ ਮੁੱਦਾ ਛੇੜ ਦਿੱਤਾ ਸੀ। ਇਹ ਮੁੱਦਾ ਸੀ ਸੰਵਿਧਾਨ ਨਾਲ ਛੇੜਛਾੜ ਦਾ। ਕਾਂਗਰੇਸ ਆਗੂ ਅਧੀਰ ਰੰਜਨ ਚੌਧਰੀ ਨੇ ਪਾਰਲੀਮੈਂਟ ਦੇ ਸੈਸ਼ਨ ਤੋਂ ਬਾਅਦ ਬਾਹਰ ਆਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੋਦੀ ਸਰਕਾਰ 'ਤੇ ਸੰਵਿਧਾਨ ਦੀ ਕਾਪੀ ਨਾਲ ਛੇੜਛਾੜ ਕਰਨ ਦਾ ਦੋਸ਼ ਲਾਇਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਅਧੀਰ ਰੰਜਨ ਚੌਧਰੀ ਵੱਲੋਂ ਕੀਤਾ ਗਿਆ ਦਾਅਵਾ ਸਹੀ ਹੈ, ਹਾਲਾਂਕਿ ਭਾਜਪਾ ਨੇ ਵੀ ਦਾਅਵੇ ਨੂੰ ਲੈ ਕੇ ਆਪਣਾ ਪੱਖ ਰੱਖਿਆ ਹੈ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
4. ਨਹੀਂ ਤੋੜਿਆ ਗਿਆ ਕੋਈ ਮੰਦਿਰ, ਮੂਰਤੀ ਨੂੰ ਘਸੀਟਣ ਦਾ ਇਹ ਵੀਡੀਓ ਇੱਕ ਪਰੰਪਰਾ ਨਾਲ ਸਬੰਧਿਤ ਹੈ
ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ। ਇਸ ਵੀਡੀਓ ਵਿਚ ਪੁਲਿਸ ਮੁਲਾਜ਼ਮਾਂ ਨੂੰ ਇੱਕ ਟਰੈਕਟਰ ਤੋਂ ਇੱਕ ਮੂਰਤੀ ਨੂੰ ਘਸੀਟਦੇ ਹੋਏ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਹੈ ਜਿਥੇ ਭੈਰੋ ਭਗਵਾਨ ਦਾ ਮੰਦਿਰ ਤੋੜਿਆ ਗਿਆ ਅਤੇ ਓਥੇ ਮੌਜੂਦ ਮੂਰਤੀ ਨੂੰ ਟਰੈਕਟਰ ਰਾਹੀਂ ਪੂਰੇ ਪਿੰਡ 'ਚ ਘਸੀਟਿਆ ਗਿਆ। ਇਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਰਾਜਸਥਾਨ 'ਚ ਸ਼ਾਸਤ ਕਾਂਗਰੇਸ ਸਰਕਾਰ 'ਤੇ ਨਿਸ਼ਾਨੇ ਸਾਧੇ ਗਏ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ। ਵਾਇਰਲ ਹੋ ਰਿਹਾ ਇਹ ਵੀਡੀਓ 2021 ਦਾ ਸੀ ਅਤੇ ਇਸ ਮਾਮਲੇ ਵਿਚ ਕੋਈ ਵੀ ਫਿਰਕੂ ਐਂਗਲ ਨਹੀਂ ਹੈ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
5. ਭਾਈਚਾਰੇ ਵਿਚਕਾਰ ਨਫਰਤ ਫੈਲਾਉਣ ਦੀ ਕੋਸ਼ਿਸ਼: ਧਾਰਮਿਕ ਰੈਲੀ ਦੌਰਾਨ ਝੰਡਾ ਖੋਹਣ ਦੇ ਇਸ ਮਾਮਲੇ ਵਿਚ ਕੋਈ ਫਿਰਕੂ ਕੋਣ ਨਹੀਂ ਹੈ
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ। ਇਸ ਵੀਡੀਓ 'ਚ ਇੱਕ ਵਿਅਕਤੀ ਨੂੰ ਰੈਲੀ ਦੌਰਾਨ ਧਾਰਮਿਕ ਝੰਡਾ ਫੜੇ ਇਕ ਲੜਕੇ ਤੋਂ ਝੰਡਾ ਖੋਹਂਦੇ ਦੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਮਾਮਲਾ ਹਰਿਆਣਾ ਦੇ ਪਾਣੀਪਤ ਦੇ ਪਿੰਡ ਸਨੌਲੀ ਦਾ ਸੀ, ਜਿੱਥੇ ਇੱਕ ਵਿਸ਼ੇਸ਼ ਭਾਈਚਾਰੇ ਦੇ ਵਿਅਕਤੀ ਵੱਲੋਂ ਇੱਕ ਧਾਰਮਿਕ ਰੈਲੀ ਦੌਰਾਨ ਇੱਕ ਹਿੰਦੂ ਵਿਅਕਤੀ ਤੋਂ ਧਾਰਮਿਕ ਝੰਡਾ ਖੋਹ ਲਿਆ ਗਿਆ। ਇਸ ਵੀਡੀਓ ਨੂੰ ਵਾਇਰਲ ਕਰਕੇ ਫਿਰਕੂ ਨਫਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ ਸੀ। ਇਸ ਮਾਮਲੇ ਵਿਚ ਕੋਈ ਫਿਰਕੂ ਕੋਣ ਨਹੀਂ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ 'ਤੇ ਵਿਜ਼ਿਟ ਕਰੋ।