ਕੁਦਰਤੀ ਤਰੀਕੇ ਨਾਲ ਇੰਝ ਕਰੋ ਝੋਨੇ ਦੀ ਕਾਸ਼ਤ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਅੱਜਕੱਲ੍ਹ ਹਰ ਚੀਜ਼ ਵਿਚ ਜ਼ਹਿਰ ਭਰੀ ਪਈ ਹੈ। ਫ਼ਸਲਾਂ 'ਤੇ ਲਗਾਤਾਰ ਕੀੜੇਮਾਰ ਦਵਾਈਆਂ ਦਾ ਸਪਰੇਅ ਕੀਤਾ ਜਾਂਦਾ ਹੈ, ਜਿਸ ਕਾਰਨ ਜ਼ਹਿਰੀਲੀਆਂ ਦਵਾਈਆਂ...

PADDY FARMING

ਅੱਜਕੱਲ੍ਹ ਹਰ ਚੀਜ਼ ਵਿਚ ਜ਼ਹਿਰ ਭਰੀ ਪਈ ਹੈ। ਫ਼ਸਲਾਂ 'ਤੇ ਲਗਾਤਾਰ ਕੀੜੇਮਾਰ ਦਵਾਈਆਂ ਦਾ ਸਪਰੇਅ ਕੀਤਾ ਜਾਂਦਾ ਹੈ, ਜਿਸ ਕਾਰਨ ਜ਼ਹਿਰੀਲੀਆਂ ਦਵਾਈਆਂ ਦਾ ਕੁੱਝ ਨਾ ਕੁੱਝ ਅਸਰ ਫ਼ਸਲਾਂ ਵਿਚ ਰਹਿ ਜਾਂਦਾ ਹੈ, ਜੋ ਮਨੁੱਖ ਨੂੰ ਲਗਾਤਾਰ ਪ੍ਰਭਾਵਤ ਕਰਦਾ ਹੈ ਪਰ ਹੁਣ ਇਸ ਜ਼ਹਿਰ ਤੋਂ ਬਚਣ ਲਈ ਬਹੁਤ ਸਾਰੇ ਲੋਕ ਕੁਦਰਤੀ ਖੇਤੀ ਵੱਲ ਉਤਸ਼ਾਹਿਤ ਹੋ ਰਹੇ ਹਨ। ਝੋਨੇ ਦੀ ਫ਼ਸਲ ਨੂੰ ਵੀ ਕੁਦਰਤੀ ਖੇਤੀ ਨਾਲ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਬਾਰੇ ਕਿ ਇਹ ਕਿਵੇਂ ਹੋ ਸਕਦੀ ਹੈ?

ਪਨੀਰੀ ਬੀਜਣ ਦਾ ਸਹੀ ਤਰੀਕਾ : ਪੌਧ ਬੀਜਣ ਲਈ ਚੰਗੂ ਤਿਆਰ ਕਿਆਰੀ ਵਿਚ ਬੀਜ ਅੰਮ੍ਰਿਤ ਨਾਲ ਸ਼ੁੱਧ ਕੀਤੇ ਬੀਜਾਂ ਦਾ ਇਕਸਾਰ ਛੱਟਾ ਦੇ ਕੇ ਉਹਨਾਂ 'ਤੇ ਕੰਘੇ-ਤੰਗਲੀ ਨਾਲ ਮਿੱਟੀ ਚੜ੍ਹਾ ਦਿਉ। ਹੁਣ ਸਮੁੱਚੀ ਕਿਆਰੀ ਉੱਤੇ ਝੋਨੇ ਜਾਂ ਕਣਕ ਦੀ ਪਰਾਲੀ ਦੀ 2 ਇੰਚ ਮੋਟੀ ਅਤੇ ਪੂਰੀ ਸੰਘਣੀ ਪਰਤ ਵਿਛਾ ਕੇ ਕਿਆਰੀ ਵਿਚ ਪਾਣੀ ਛੱਡ ਦਿਉ ਪਾਣੀ ਨਾਲ ਪ੍ਰਤੀ ਮਰਲਾ 1 ਲੀਟਰ ਗੁੜਜਲ ਅੰਮ੍ਰਿਤ ਲਾਜ਼ਮੀ ਪਾਓ। ਛੇਵੇਂ ਦਿਨ ਸ਼ਾਮ ਨੂੰ ਪਰਾਲੀ ਚੁੱਕ ਕੇ ਦੂਜਾ ਪਾਣੀ ਲਾ ਦਿਉ। ਸੱਤਵੇ ਦਿਨ ਸਵੇਰ ਤੱਕ ਤੁਹਾਡੀ ਪੌਦ ਵਾਲੀ ਕਿਆਰੀ ਵਿੱਚ ਢਾਈ-ਤਿੰਨ ਇੰਚ ਦੀ ਤੇ ਇਕਸਾਰ ਪੌਧ ਖੜੀ ਮਿਲੇਗੀ।

ਖੇਤ ਤਿਆਰ ਕਰਦੇ ਸਮੇਂ : ਖੇਤ ਵਾਹ ਕੇ ਉਸਨੂੰ ਸੁਹਾਗਣ ਤੋਂ ਪਹਿਲਾਂ ਪ੍ਰਤੀ ਏਕੜ 2 ਕੁਇੰਟਲ ਗਾੜਾ ਜੀਵ ਅੰਮ੍ਰਿਤ ਅਤੇ 2 ਕੁਇੰਟਲ ਰੂੜੀ ਦੀ ਖਾਦ ਵਿੱਚ ਮਿਲਾ ਕੇ 20 ਕਿੱਲੋ ਨਿੰਮ ਦੀ ਖਲ ਦਾ ਛਿੱਟਾ ਦਿਓ। ਇਹ ਮਿਸ਼ਰਣ ਜਿੱਥੇ ਫਸਲ ਲਈ ਡੀ. ਏ. ਪੀ. ਦਾ ਕੰਮ ਕਰੇਗਾ ਓਥੇ ਹੀ ਫਸਲ ਨੂੰ ਜੜ ਦੇ ਰੋਗਾਂ ਤੋਂ ਗ੍ਰਸਤ ਕਰਨ ਵਾਲੇ ਕੀੜਿਆਂ ਅਤੇ ਜੀਵਾਣੂਆਂ ਦੀ ਵੀ ਰੋਕਥਾਮ ਕਰੇਗਾ। 

ਸਿੰਜਾਈ: ਪਿਆਰੇ ਕਿਸਾਨ ਵੀਰੋ ਜਿਵੇਂ ਕਿ ਹੁਣ ਤੱਕ ਪ੍ਰਚਾਰਿਤ ਕੀਤਾ ਗਿਆ ਹੈ ਉਸਦੇ ਉਲਟ ਝੋਨਾ ਆਪਣੇ ਆਪ ਵਿੱਚ ਕਦੇ ਵੀ ਪਾਣੀ ਦਾ ਪੌਦਾ ਨਹੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਸ ਵਹਿਮ ਚੋਂ ਹੁਣੇ ਤੋਂ ਹੀ ਬਾਹਰ ਆ ਜਾਣਾ ਚਾਹੀਦਾ ਹੈ। ਇਸ ਲਈ ਹਰ 8ਵੇਂ 10ਵੇਂ ਦਿਨ ਹੀ ਝੋਨੇ ਨੂੰ ਪਾਣੀ ਦੇਣਾ ਚਾਹੀਦਾ ਹੈ। ਪਰ ਹਾਂ ਜਦੋਂ ਫਸਲ ਦੋਧੇ 'ਤੇ ਹੋਵੇ ਉਦੋਂ ਖੇਤ ਪਾਣੀ ਖੁਣੋਂ ਸੁੱਕਾ ਨਹੀਂ ਹੋਣਾ ਚਾਹੀਦਾ। ਹਰੇਕ ਪਾਣੀ ਨਾਲ ਪ੍ਰਤੀ ਏਕੜ 200 ਲਿਟਰ ਗੁੜਜਲ ਅੰਮ੍ਰਿਤ ਫਸਲ ਨੂੰ ਦੇਣਾ ਲਾਜ਼ਮੀ ਹੈ ਤੇ ਨਾਲ ਹੀ ਪਾਣੀ ਲਾਉਂਦੇ ਸਮੇਂ, ਹਰ ਵਾਰ ਫ਼ਸਲ 'ਤੇ ਪਾਥੀਆਂ ਦੇ ਪਾਣੀ ਦੇ ਛਿੜਕਾਅ ਤੋਂ ਵੀ ਟਾਲਾ ਨਹੀਂ ਵੱਟਣਾ।

ਖੇਤਾਂ ਵਿਚ ਰਾਤ ਸਮੇਂ ਅੱਗ ਬਾਲਣਾ: ਜੇਕਰ ਖੇਤਾਂ ਵਿੱਚ ਰਾਤੀ 8 ਵਜੇ ਤੋਂ 9 ਵਜੇ ਤੱਕ ਵੱਖ-ਵੱਖ ਥਾਂਵਾਂ 'ਤੇ ਅੱਗ ਬਾਲੀ ਜਾਵੇ ਤਾਂ ਸੁੰਡੀਆਂ ਦੇ ਬਹੁਤ ਸਾਰੇ ਪਤੰਗੇ ਅੱਗ ਦੀ ਭੇਟ ਚੜ ਜਾਂਦੇ ਹਨ ਕਿਉਂਕਿ ਉਹ ਰੌਸ਼ਨੀ ਵੱਲ ਭੱਜੇ ਰਹਿੰਦੇ ਨੇ। ਇਕ ਨਰ ਪਤੰਗੇ ਦੇ ਅੰਤ ਦਾ ਅਰਥ ਏ 500 ਮਾਦਾ ਪਤੰਗਿਆਂ ਦਾ ਅੰਡੇ ਨਾ ਦੇਣਾ।

ਲਾਈਟ ਟਰੈਪ: ਹਰ ਕਿਸਾਨ ਦੇ ਖੇਤ ਮੋਟਰ ਤੇ ਬਲਬ ਲੱਗਾ ਹੁੰਦਾ ਹੈ। ਬਸ ਓਸੇ ਦਾ ਇਸਤੇਮਾਲ ਕਰਨ ਲਾਈਟ ਟਰੈਪ ਦੇ ਤੌਰ 'ਤੇ। ਬੱਲਬ 'ਤੇ ਇਕ ਛਤਰੀ ਜਿਹੀ ਬਣਾ ਕੇ ਉਹਦੇ ਹੇਠ ਇੱਕ ਚੌੜੇ ਭਾਂਡੇ ਵਿਚ ਪਾਣੀ ਰੱਖ ਕੇ ਥੋੜ੍ਹਾ ਜਿਹਾ ਮਿੱਟੀ ਜਾਂ ਸਰ੍ਹੋਂ ਦਾ ਤੇਲ ਪਾ ਦਿਓ। ਪਤੰਗੇ ਬਲਬ ਨਾਲ ਟਕਰਾ-ਟਕਰਾ ਪਾਣੀ ਵਿਚ ਡਿੱਗ-ਡਿੱਗ ਕੇ ਮਰ ਜਾਣਗੇ।

ਬਰਡ ਪਰਚਰ: ਖੇਤ ਵਿਚ ਥਾਂ-ਥਾਂ ਪੰਛੀਆਂ ਦੇ ਬੈਠਣ ਲਈ ਫ਼ਸਲ ਦੇ ਕੱਦ ਤੋਂ ਇੱਕ ਜਾਂ ਡੇਢ ਫੁੱਟ ਦੀ ਉੱਚਾਈ ਦੇ ਹਿਸਾਬ ਨਾਲ ਖੇਤ ਵਿੱਚ ਬਰਡ ਪਰਚਰ ਲਗਾਓ ( ਇਹੋ ਜਿਹੀਆਂ ਸੋਟੀਆਂ ਗੱਡੋ) ਜਹਨਾਂ ਤੇ ਕਈ ਕਈ ਪੰਛੀ ਆ ਕੇ ਬੈਠ ਸਕਣ। ਪੰਛੀਆਂ ਦੀ ਨਿਗ੍ਹਾ ਸਾਡੇ ਨਾਲੋਂ 6 ਗੁਣਾਂ ਤੇਜ਼ ਹੁੰਦੀ ਹੈ ਤੇ ਸੁੰਡੀਆਂ ਉਹਨਾਂ ਦਾ ਪਸੰਦੀਦਾ ਭੋਜਨ। ਰਸ ਚੂਸਣ ਵਾਲੇ ਕੀੜਿਆਂ ਲਈ ਪ੍ਰਤੀ ਏਕੜ 4 ਪੀਲੇ ਰੰਗ ਦੇ ਤੇ 4 ਹੀ ਚਿੱਟੇ ਰੰਗ ਦੇ ਸਰੋਂ ਦਾ ਤੇਲ ਜਾਂ ਸਾਫ ਗਰੀਸ ਲੱਗੇ ਹੋਏ ਬੋਰਡ ਫਸਲ ਦੇ ਕੱਦ ਤੋਂ ਇੱਕ ਜਾਂ ਡੇਢ ਫੁੱਟ ਦੀ ਉੱਚਾਈ ਦੇ ਹਿਸਾਬ ਨਾਲ ਖੇਤ ਵਿਚ ਸੋਟੀ ਤੇ ਟੰਗ ਕੇ ਗੱਡ ਦਿਓ।