Foreign ਤੋਂ ਆਏ Offer Letter ਨੂੰ ਲੱਤ ਮਾਰ ਖੇਤਾਂ 'ਚ ਪਿਤਾ ਨਾਲ ਕੰਮ ਕਰਦੀ ਹੈ Amanpreet
ਉਸ ਨੇ ਅੱਗੇ ਦਸਿਆ ਕਿ ਉਸ ਦੇ ਸਾਰੇ ਦੋਸਤ ਵਿਦੇਸ਼ ਜਾ ਰਹੇ ਸਨ...
ਸੰਗਰੂਰ: ਅੱਜ ਦੇ ਯੁੱਗ ਵਿਚ ਕੁੜੀਆਂ ਕਿਸੇ ਤੋਂ ਘਟ ਨਹੀਂ ਹਨ, ਉਹ ਅੱਗੇ ਆ ਕੇ ਅਪਣੇ ਮਾਪਿਆਂ ਦੇ ਕੰਮਾਂ ਵਿਚ ਹੱਥ ਵਟਾਉਂਦੀਆਂ ਹਨ। ਅਜਿਹੀ ਹੀ ਸੰਗਰੂਰ ਦੀ ਇਕ ਧੀ ਜਿਸ ਦਾ ਨਾਮ ਹੈ ਅਮਨਪ੍ਰੀਤ ਕੌਰ ਜੋ ਕਿ ਪਿਛਲੇ 4 ਸਾਲ ਤੋਂ ਖੇਤੀ ਦਾ ਕੰਮ ਕਰ ਰਹੀ ਤੇ ਅਪਣੇ ਪਿਤਾ ਦੀ ਖੇਤੀ ਕਰਨ ਵਿਚ ਮਦਦ ਕਰ ਰਹੀ ਹੈ। ਜਿੱਥੇ ਲੋਕ ਖੇਤੀਬਾੜੀ ਨੂੰ ਛੱਡ ਕੇ ਵਿਦੇਸ਼ਾਂ ਨੂੰ ਭੱਜ ਰਹੇ ਹਨ ਉੱਥੇ ਹੀ ਅਮਨਪ੍ਰੀਤ ਇਕ ਮਿਸਾਲ ਹੈ ਕਿ ਭਾਰਤ ਵਿਚ ਹੀ ਰਹਿ ਕਿ ਕਮਾਈ ਕਰਨੀ ਚਾਹੀਦੀ ਹੈ।
ਉਸ ਨੇ ਦਸਿਆ ਕਿ ਉਸ ਨੇ ਛੋਟੇ ਹੁੰਦੇ ਹੀ ਖੇਤੀ ਵਿਚ ਅਪਣੇ ਪਿਤਾ ਦਾ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ ਸੀ। ਉਹ ਅਪਣੇ ਪਿਤਾ ਨਾਲ ਖੇਤਾਂ ਵਿਚ ਜਾਂਦੀ ਰਹੀ ਸੀ। +2 ਤੋਂ ਬਾਅਦ ਉਸ ਨੇ ਵਿਦੇਸ਼ ਜਾਣ ਦੀ ਯੋਜਨਾ ਬਣਾਈ। ਉਸ ਦਾ ਮੈਡੀਕਲ ਵੀ ਹੋ ਗਿਆ ਸੀ ਪਰ ਉਸ ਨੇ ਸੋਚਿਆ ਕਿ ਉਸ ਦਾ ਭਰਾ ਵੀ ਚੰਡੀਗੜ੍ਹ ਵਿਚ ਪੜ੍ਹਾਈ ਕਰਦਾ ਹੈ ਤੇ ਉਸ ਦੇ ਪਿਤਾ ਇਕੱਲੇ ਰਹਿ ਜਾਣਗੇ। ਇਸ ਲਈ ਉਸ ਨੇ ਵਿਦੇਸ਼ ਜਾਣ ਦੇ ਆਫਰ ਲੈਟਰ ਨੂੰ ਲੱਤ ਮਾਰ ਕੇ ਅਪਣੇ ਪਿਤਾ ਨਾਲ ਖੇਤੀ ਕਰਨਾ ਸਹੀ ਸਮਝਿਆ।
ਉਸ ਨੇ ਅੱਗੇ ਦਸਿਆ ਕਿ ਉਸ ਦੇ ਸਾਰੇ ਦੋਸਤ ਵਿਦੇਸ਼ ਜਾ ਰਹੇ ਸਨ ਤਾਂ ਉਸ ਦਾ ਵੀ ਮਨ ਕਰਦਾ ਸੀ ਕਿ ਉਹ ਵੀ ਵਿਦੇਸ਼ ਜਾਵੇ। ਉਸ ਨੂੰ ਵਿਦੇਸ਼ ਜਾਣ ਦਾ ਬਹੁਤ ਸ਼ੌਂਕ ਸੀ। ਪਰ ਉਸ ਦੇ ਦੋਸਤਾਂ ਤੋਂ ਉਸ ਨੂੰ ਪਤਾ ਚੱਲਿਆ ਕਿ ਉਹਨਾਂ ਨੂੰ ਉੱਥੇ ਕੋਈ ਕੰਮ ਨਹੀਂ ਮਿਲ ਰਿਹਾ ਤੇ ਰਹਿਣ ਲਈ ਰੂਮ ਲੈਣ ਵਿਚ ਬਹੁਤ ਦਿੱਕਤਾਂ ਆ ਰਹੀਆਂ ਹਨ ਤਾਂ ਉਸ ਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਉਹ ਵਿਦੇਸ਼ ਨਹੀਂ ਗਈ ਸਗੋਂ ਇੱਧਰ ਹੀ ਅਪਣੇ ਪਿਤਾ ਨਾਲ ਕੰਮ ਕਰਵਾ ਰਹੀ ਹੈ।
ਉਸ ਨੇ ਵਿਦੇਸ਼ ਜਾਣ ਵਾਲਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵਿਦੇਸ਼ ਨਾ ਜਾਣ ਤੇ ਭਾਰਤ ਵਿਚ ਹੀ ਰਹਿ ਕੇ ਕੋਈ ਕਾਰੋਬਾਰ ਕਰਨ। ਵਿਦੇਸ਼ਾਂ ਵਿਚ ਜਾ ਕੇ ਵੀ ਤਾਂ ਕੰਮ ਕਰਨਾ ਪੈਂਦਾ ਹੈ ਤੇ ਇੱਥੇ ਵੀ ਕੰਮ ਕਰਨਾ ਪੈਂਦਾ ਹੈ। ਇਸ ਲਈ ਵਿਦੇਸ਼ ਜਾਣ ਦੀ ਲਾਲਸਾ ਛੱਡ ਦੇਣੀ ਚਾਹੀਦੀ ਹੈ।
ਅਮਨਪ੍ਰੀਤ ਦਾ ਕਹਿਣਾ ਹੈ ਕਿ ਉਸ ਨੂੰ ਪਿੰਡ ਵਾਲਿਆਂ ਨੇ ਕਦੇ ਨਹੀਂ ਕਿਹਾ ਕਿ ਉਹ ਬਾਹਰ ਕਿਉਂ ਨਹੀਂ ਗਈ, ਜਾਂ ਉਸ ਨੇ ਖੇਤੀ ਵਿਚ ਪੈਰ ਧਰ ਕੇ ਬਹੁਤ ਗਲਤ ਕੀਤਾ ਹੈ, ਸਗੋਂ ਪਿੰਡ ਦੇ ਲੋਕ ਉਸ ਨੂੰ ਹੌਂਸਲਾ ਦਿੰਦੇ ਹਨ ਤੇ ਉਸ ਦੇ ਕੰਮ ਦੀ ਤਾਰੀਫ ਕਰਦੇ ਨਹੀਂ ਥੱਕਦੇ। ਇਸ ਤੋਂ ਇਲਾਵਾ ਉਸ ਨੇ ਲੜਕੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਵੀ ਘਰ ਚੋਂ ਨਿਕਲ ਕੇ ਕੰਮ ਕਰਨ ਤੇ ਹੋ ਸਕੇ ਤਾਂ ਅਪਣੇ ਪਿਤਾ ਦੀ ਮਦਦ ਵੀ ਕਰਨ।
ਅੱਜ ਦੇ ਸਮੇਂ ਵਿਚ ਕੋਈ ਵੀ ਕੁੜੀ ਹਰ ਕੰਮ ਕਰ ਸਕਦੀ ਹੈ ਤੇ ਉਸ ਨੂੰ ਹੋਰਨਾਂ ਲਈ ਵੀ ਪ੍ਰੇਰਣਾ ਬਣਨਾ ਚਾਹੀਦਾ ਹੈ। ਉੱਥੇ ਹੀ ਅਮਨਪ੍ਰੀਤ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦੀ ਬੇਟੀ ਖੇਤੀ ਦਾ ਕੰਮ ਕਰਦੀ ਹੈ ਇਸ ਤੇ ਉਸ ਨੂੰ ਮਾਣ ਹੈ, ਤੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਲੜਕੀਆਂ ਨੂੰ ਘਟ ਨਾ ਸਮਝਣ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।