ਮਧੂ ਮੱਖੀ ਪਾਲਣ ਦਾ ਧੰਦਾ ਕਿਵੇਂ ਅਤੇ ਕਦੋ ਸ਼ੁਰੂ ਕਰੀਏ?

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਮਧੂ ਮੱਖੀ ਪਾਲਣ ਦਾ ਧੰਦਾ ਬਹੁਤ ਹੀ ਸਰਲ ਅਤੇ ਸੌਖੇ ਢੰਗ ਨਾਲ ਕੀਤਾ ਜਾ ਸਕਦਾ ਹੈ। ਇਸ ਧੰਦੇ

Bee keeping

ਮਧੂ ਮੱਖੀ ਪਾਲਣ ਦਾ ਧੰਦਾ ਬਹੁਤ ਹੀ ਸਰਲ ਅਤੇ ਸੌਖੇ ਢੰਗ ਨਾਲ ਕੀਤਾ ਜਾ ਸਕਦਾ ਹੈ। ਇਸ ਧੰਦੇ ਨੂੰ  ਛੋਟੇ ਕਿਸਾਨ, ਖੇਤ ਮਜ਼ਦੂਰ, ਬੇਰੁਜ਼ਗਾਰ ਨੌਜਵਾਨ, ਨੌਕਰੀਪੇਸ਼ਾ, ਵਿਦਿਆਰਥੀ, ਕਿਸਾਨ ਬੀਬੀਆਂ, ਸੇਵਾ-ਮੁਕਤ ਕਰਮਚਾਰੀ ਜਾਂ ਸ਼ੌਕ ਦੇ ਤੌਰ 'ਤੇ ਰੱਜੇ-ਪੁੱਜੇ ਕਿਸਾਨ ਇਸ ਧੰਦੇ ਨੂੰ ਅਪਣਾ ਕੇ ਕਾਮਯਾਬੀ ਨਾਲ ਚਲਾ ਸਕਦੇ ਹਨ।ਮੱਖੀਆਂ ਪਾਲਣ ਦੀ ਸਿਖਲਾਈ : ਇਸ ਧੰਦੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਿਖਲਾਈ ਪ੍ਰਾਪਤ ਕਰਨੀ ਬਹੁਤ ਜ਼ਰੂਰੀ ਹੈ। ਸਿਖਲਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਜਾਂ ਜ਼ਿਲ੍ਹਿਆਂ ਵਿਚ ਬਣੇ ਕ੍ਰਿਸ਼ੀ ਵਿਗਿਆਨ ਕੇਂਦਰਾਂ, ਖਾਦੀ ਗ੍ਰਾਮ ਉਦਯੋਗ, ਬਾਗਬਾਨੀ/ਖੇਤੀਬਾੜੀ ਵਿਭਾਗ, ਮਧੂ-ਮੱਖੀ ਪਾਲਣ ਸੰਘ ਆਦਿ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਇਸ ਧੰਦੇ ਬਾਰੇ ਮੁਢਲੀ ਲਿਖਤੀ ਅਤੇ ਅਮਲੀ ਜਾਣਕਾਰੀ ਦਿੱਤੀ ਜਾਂਦੀ ਹੈ। ਸ਼ਹਿਦ ਦੀਆਂ ਮੱਖੀਆਂ ਦੇ ਕਟੁੰਬ ਵਿਚ ਤਿੰਨ ਜਾਤਾਂ ਦੀਆਂ ਮੱਖੀਆਂ ਹੁੰਦੀਆਂ ਹਨ ਜਿਵੇਂ ਕਿ ਇਕ ਰਾਣੀ ਮੱਖੀ, ਸੈਂਕੜਿਆਂ ਵਿਚ ਡਰੋਨ ਅਤੇ ਹਜ਼ਾਰਾਂ ਵਿਚ ਵਰਕਰ (ਕਾਮਾ) ਮੱਖੀਆਂ ਹੁੰਦੀਆਂ ਹਨ। ਸਿਖਲਾਈ ਦੌਰਾਨ ਤਿੰਨਾਂ ਜਾਤਾਂ ਦੀ ਪਛਾਣ ਅਤੇ ਕੰਮ ਦੀ ਵੰਡ ਬਾਰੇ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਮੌਸਮਾਂ ਵਿਚ ਮੱਖੀਆਂ ਦੀ ਸਾਂਭ-ਸੰਭਾਲ, ਕੀੜੇ-ਮਕੌੜੇ, ਬਿਮਾਰੀਆਂ ਅਤੇ ਹੋਰ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਹੱਲ ਅਤੇ ਲੋੜੀਂਦੇ ਸਾਜ਼ੋ-ਸਮਾਨ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ।

ਥਾਂ ਦੀ ਚੋਣ : ਮਧੂ-ਮੱਖੀਆਂ ਦੇ ਬਕਸੇ ਲਿਆਉਣ ਤੋਂ ਪਹਿਲਾਂ ਢੁਕਵੀਂ ਥਾਂ ਦੀ ਚੋਣ ਕਰਨੀ ਬਹੁਤ ਜ਼ਰੂਰੀ ਹੈ। ਬਹੁਤ ਛੋਟੇ ਪੱਧਰ 'ਤੇ ਮੱਖੀਆਂ ਰੱਖਣ ਸਮੇਂ ਆਪਣੀ ਸੌਖ ਦਾ ਖਿਆਲ ਰੱਖਿਆ ਜਾਂਦਾ ਹੈ। ਪਰ ਵਪਾਰਕ ਪੱਧਰ 'ਤੇ ਮੱਖੀਆਂ ਪਾਲਣ ਸਮੇਂ ਅਜਿਹੀ ਥਾਂ ਦੀ ਚੋਣ ਕਰੋ ਜਿੱਥੇ ਮੱਖੀਆਂ ਨੂੰ ਤਿੰਨ ਕਿਲੋਮੀਟਰ ਦੇ ਘੇਰੇ ਵਿਚ ਫੁੱਲ-ਫੁਲਾਕਾ ਮਿਲਦਾ ਰਹੇ, ਤਾਜ਼ੇ ਪਾਣੀ ਦਾ ਪ੍ਰਬੰਧ ਹੋਵੇ, ਧੁੱਪ ਅਤੇ ਛਾਂ ਦਾ ਪ੍ਰਬੰਧ ਹੋਵੇ, ਘੱਟ ਖੜਕਾ ਅਤੇ ਗੱਡੀ ਜਾਂ ਟ੍ਰੈਕਟਰ ਟਰਾਲੀ ਆਦਿ ਪਹੁੰਚਣ ਦੀ ਸੌਖ ਹੋਵੇ। ਇਹ ਜਗ੍ਹਾ ਪੱਧਰੀ, ਸਾਫ-ਸੁਥਰੀ, ਆਮ ਥਾਂ ਨਾਲੋਂ ਉੱਚੀ ਅਤੇ ਹੜ੍ਹ ਆਦਿ ਦੀ ਮਾਰ ਤੋਂ ਦੂਰ ਹੋਣੀ ਚਾਹੀਦੀ ਹੈ।

ਇਹ ਯਾਦ ਰੱਖੋ ਕਿ ਮੱਖੀ ਫਾਰਮ ਦੇ ਨੇੜੇ ਜੀ. ਟੀ. ਰੋਡ, ਰੇਲਵੇ ਲਾਈਨ ਅਤੇ ਟੈਲੀਫੋਨ ਜਾਂ ਬਿਜਲੀ ਦੀਆਂ ਤਾਰਾਂ ਦਾ ਜਾਲ ਨਾ ਹੋਵੇ।ਢੁਕਵਾਂ ਫੁੱਲ-ਫੁਲਾਕਾ : ਫੁੱਲਾਂ ਤੋਂ ਮੱਖੀਆਂ ਨੂੰ ਨੈਕਟਰ (ਫੁੱਲਾਂ ਦਾ ਰਸ) ਅਤੇ ਪੋਲਨ ਮਿਲਦਾ ਹੈ ਜੋ ਕਿ ਮੱਖੀਆਂ ਦੀ ਖੁਰਾਕ ਹੁੰਦੇ ਹਨ। ਵਾਧੂ ਸ਼ਹਿਦ ਇਕੱਠਾ ਕਰਨ ਲਈ ਫੁੱਲਾਂ ਵਾਲੀਆਂ ਮੁੱਖ ਫਸਲਾਂ ਸਰ੍ਹੋਂ, ਤੋਰੀਆ, ਰਾਇਆ, ਗੋਭੀ ਸਰ੍ਹੋਂ, ਸਫੈਦਾ, ਬਰਸੀਮ, ਸੂਰਜਮੁਖੀ, ਲੀਚੀ, ਅਰਹਰ, ਟਾਹਲੀ, ਕਪਾਹ/ਨਰਮਾ ਆਦਿ ਹਨ। ਜਿਨ੍ਹਾਂ ਇਲਾਕਿਆਂ ਵਿਚ ਇਹ ਫੁੱਲ-ਫੁਲਾਕੇ ਦੇ ਸੋਮੇ ਸਮੇਂ-ਸਮੇਂ ਸਿਰ ਮਿਲਦੇ ਹਨ, ਉਨ੍ਹਾਂ ਇਲਾਕਿਆਂ ਵਿਚ ਇਸ ਧੰਦੇ ਨੂੰ ਬਹੁਤ ਕਾਮਯਾਬੀ ਨਾਲ ਅਪਣਾਇਆ ਜਾ ਸਕਦਾ ਹੈ। ਜੇਕਰ ਸਾਰਾ ਸਾਲ ਫੁੱਲ ਫੁਲਾਕਾ ਉਪਲਬਧ ਨਾ ਹੋਵੇ ਤਾਂ ਕਟੁੰਬਾਂ ਦੀ ਹਿਜਰਤ ਵੀ ਕੀਤੀ ਜਾ ਸਕਦੀ ਹੈ।

ਢੁਕਵਾਂ ਸਮਾਂ : ਮਧੂ-ਮੱਖੀ ਪਾਲਣ ਦਾ ਧੰਦਾ ਢੁਕਵੇਂ ਸਮੇਂ ਹੀ ਸ਼ੁਰੂ ਕਰਨਾ ਚਾਹੀਦਾ ਹੈ। ਇਹ ਧੰਦਾ ਕਰਨ ਲਈ ਦੋ ਢੁਕਵੇਂ ਮੌਸਮ ਹਨ-ਬਸੰਤ ਰੁੱਤ (ਫਰਵਰੀ-ਮਾਰਚ) ਅਤੇ ਪੱਤਝੜ (ਸਤੰਬਰ-ਅਕਤੂਬਰ/ਨਵੰਬਰ)। ਫਰਵਰੀ-ਮਾਰਚ ਦਾ ਸਮਾਂ ਮੱਖੀਆਂ ਦਾ ਧੰਦਾ ਸ਼ੁਰੂ ਕਰਨ ਲਈ ਫੁੱਲ-ਫੁਲਾਕੇ ਦੀ ਬਹੁਤਾਤ ਹੋਣ ਕਰਕੇ ਜ਼ਿਆਦਾ ਢੁਕਵਾਂ ਹੁੰਦਾ ਹੈ, ਦਿਨ ਵੱਡੇ ਅਤੇ ਮੌਸਮ ਨਿੱਘਾ ਹੋਣਾ ਸ਼ੁਰੂ ਹੋ ਜਾਂਦੇ ਹਨ । ਸਤੰਬਰ-ਅਕਤੂਬਰ ਵੀ ਮੱਖੀਆਂ ਦਾ ਧੰਦਾ ਸ਼ੁਰੂ ਕਰਨ ਲਈ ਠੀਕ ਹੁੰਦਾ ਹੈ ਪਰ ਇਸ ਮੌਸਮ ਤੋਂ ਬਾਅਦ ਇਕਦਮ ਸਰਦੀ ਦੀ ਰੁੱਤ ਆਉਂਦੀ ਹੈ। ਜੇਕਰ ਮੱਖੀਆਂ ਦੀ ਬਲਤਾ ਘੱਟ ਹੋਵੇ ਤਾਂ ਮੱਖੀਆਂ ਦੇ ਕੰਮ ਵਿਚ ਤੇਜ਼ੀ ਨਹੀਂ ਆਉਂਦੀ ਅਤੇ ਕਟੁੰਬ ਕਮਜ਼ੋਰ ਰਹਿ ਜਾਂਦੇ ਹਨ।

-ਡਾ. ਐਸ. ਐਸ. ਔਲਖ,