ਕਿਸਾਨ ਜਸਪ੍ਰੀਤ ਸਿੰਘ ਨੇ ਛੇ ਗਾਵਾਂ ਨਾਲ ਸ਼ੁਰੂ ਕੀਤਾ ਡੇਅਰੀ ਫ਼ਾਰਮ, ਹੁਣ ਪਾਲਦੇ ਹਨ 125 ਗਾਵਾਂ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਪੰਜਾਬ ਦਾ ਕਿਸਾਨ ਪੂਰੇ ਦੇਸ਼ ਦਾ ਪੇਟ ਭਰਦਾ ਹੈ। ਖੇਤੀ ਵਿਚ ਘਾਟਾ ਪੈਣ ਕਰ ਕੇ ਉਹ ਸਹਾਇਕ ਧੰਦੇ ਨੂੰ ਵੀ ਸ਼ੁਰੂ ਕਰਨਾ ਚਾਹੁੰਦਾ ਹੈ ...

Jaspreet Singh

ਪੰਜਾਬ ਦਾ ਕਿਸਾਨ ਪੂਰੇ ਦੇਸ਼ ਦਾ ਪੇਟ ਭਰਦਾ ਹੈ। ਖੇਤੀ ਵਿਚ ਘਾਟਾ ਪੈਣ ਕਰ ਕੇ ਉਹ ਸਹਾਇਕ ਧੰਦੇ ਨੂੰ ਵੀ ਸ਼ੁਰੂ ਕਰਨਾ ਚਾਹੁੰਦਾ ਹੈ ਪਰ ਇਸ ਧੰਦੇ ਬਾਰੇ ਜਾਣਕਾਰੀ ਨਾ ਹੋਣ ਕਰ ਕੇ ਉਸ ਦੇ ਇਸ ਕਿੱਤੇ ਵਿਚ ਪੈਰ ਨਹੀਂ ਜੰਮਦੇ। ਅੱਜ ਅਸੀ ਤੁਹਾਨੂੰ ਦਸਾਂਗੇ ਅਜਿਹੇ ਹੀ ਇਕ ਡੇਅਰੀ ਫ਼ਾਰਮਿੰਗ ਵਿਚ ਨਾਮਣਾ ਖੱਟਣ ਵਾਲੇ ਕਿਸਾਨ ਜਸਪ੍ਰੀਤ ਸਿੰਘ ਬਾਰੇ ਜਿਨ੍ਹਾਂ ਨੇ ਜ਼ੀਰੋ ਬਜਟ  ਨਾਲ ਡੇਅਰੀ ਫ਼ਾਰਮ ਦਾ ਉਤਪਾਦਨ ਵਧਾਉਣ ਦੇ ਨਾਲ-ਨਾਲ ਮਾਰਕੀਟਿੰਗ ਵਿਚ ਵੀ ਮੱਲਾਂ ਮਾਰੀਆਂ ਹਨ। ਜਸਪ੍ਰੀਤ ਸਿੰਘ ਨੇ ਸਪੋਕਸਮੈਨ ਟੀ.ਵੀ. ਨਾਲ ਗੱਲਬਾਤ ਦੌਰਾਨ ਦਸਿਆ ਕਿ ਉਨ੍ਹਾਂ ਨੇ 2012 ਵਿਚ ਛੇ ਵੱਛੀਆਂ ਨਾਲ ਡੇਅਰੀ ਫ਼ਾਰਮ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਉਨ੍ਹਾਂ ਕੋਲ 125 ਗਾਵਾਂ ਹਨ ਜਿਨ੍ਹਾਂ ਦੀ ਨਸਲ ਗਿਰ, ਸਾਹੀਵਾਲ, ਜਰਸੀ ਅਤੇ ਐਚਐਫ਼ ਹੈ।

ਛੇ ਗਾਵਾਂ ਤੋਂ 125 ਗਾਵਾਂ ਤਕ ਦੇ ਸਫ਼ਰ ਵਾਲੇ ਸਵਾਲ 'ਤੇ ਉਨ੍ਹਾਂ ਦਸਿਆ ਕਿ ਉਨ੍ਹਾਂ ਦਾ ਇਰਾਦਾ ਵੱਡਾ ਫ਼ਾਰਮ ਲਗਾਉਣ ਦਾ ਸੀ ਪਰ ਇਹ ਕੰਮ ਜ਼ਿੰਦਗੀ ਭਰ ਦਾ ਹੈ ਅਤੇ ਇਸ ਵਿਚ ਅਨੁਭਵ ਦੀ ਵੀ ਲੋੜ ਹੈ। ਜਸਪ੍ਰੀਤ ਸਿੰਘ ਮੁਤਾਬਕ ਉਹ ਇਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਜਿਹੇ ਲੋਕਾਂ ਨੂੰ ਮਿਲੇ ਜਿਹੜੇ ਇਸ ਧੰਦੇ ਵਿਚ ਘਾਟਾ ਖਾ ਚੁਕੇ ਹਨ ਅਤੇ ਉਨ੍ਹਾਂ ਤੋਂ ਇਸ ਕੰਮ ਵਿਚ ਘਾਟਾ ਪਾਉਣ ਦਾ ਕਾਰਨ ਜਾਣਿਆ। ਉਨ੍ਹਾਂ ਮੁਤਾਬਕ ਲੋਕ ਬਿਨਾਂ ਜਾਣਕਾਰੀ ਤੋਂ ਅਜਿਹੇ ਧੰਦੇ ਸ਼ੁਰੂ ਕਰਦੇ ਅਤੇ ਫਿਰ ਘਾਟਾ ਪੈਣ 'ਤੇ ਕਰਜ਼ਾਈ ਹੋ ਕੇ ਜ਼ਮੀਨਾਂ ਵੇਚਦੇ ਹਨ। ਕਿਸਾਨ ਅਨੁਸਾਰ ਇਸ ਲਈ ਉਨ੍ਹਾਂ ਨੇ ਛੇ ਮੱਝਾਂ ਨਾਲ ਇਹ ਕੰਮ ਸ਼ੁਰੂ ਕੀਤਾ ਤੇ ਹੌਲੀ-ਹੌਲੀ ਇਸ ਤੋਂ ਸਿਖਿਆ ਅਤੇ ਅੱਜ ਵੀ 125 ਗਾਵਾਂ ਤਕ ਪਹੁੰਚਣ 'ਤੇ ਸਿਖ ਰਹੇ ਹਨ।

ਉਨ੍ਹਾਂ ਦਸਿਆ ਕਿ ਉਨ੍ਹਾਂ ਦਾ ਅਗਲਾ ਟੀਚਾ 700 ਪਸ਼ੂਆਂ ਨਾਲ ਫ਼ਾਰਮ ਵਧਾਉਣਾ ਹੈ। 125 ਗਾਵਾਂ ਦਾ ਖ਼ਿਆਲ ਰੱਖਣ ਬਾਰੇ ਪੁਛੇ ਸਵਾਲ 'ਤੇ ਉਨ੍ਹਾਂ ਦਸਿਆ ਕਿ ਉਹ ਸਵੇਰ ਤੋਂ ਲੈ ਕੇ ਰਾਤ 9 ਵਜੇ ਤਕ ਫ਼ਾਰਮ ਵਿਚ ਰਹਿੰਦੇ ਹਨ। ਉਨ੍ਹਾਂ ਅਨੁਸਾਰ ਉਨ੍ਹਾਂ ਨੂੰ ਘਰ ਵਿਚ ਅਪਣੇ ਬੱਚੇ ਦੀ ਸਿਹਤ ਦਾ ਇੰਨਾ ਪਤਾ ਨਹੀਂ ਹੁੰਦਾ ਜਿੰਨਾ ਕਿ ਅਪਣੇ ਪਸ਼ੂਆ ਬਾਰੇ ਪਤਾ ਹੁੰਦਾ ਹੈ ਕਿ ਅੱਜ ਸਾਡਾ ਕੋਈ ਪਸ਼ੂ ਬੀਮਾਰ ਤਾਂ ਨਹੀਂ ਹੈ ਜਾਂ ਉਹ ਸਿਹਤਮੰਦ ਤਾਂ ਹੈ। ਜਦੋਂ ਤਕ ਉਨ੍ਹਾਂ ਹਾਂ ਪੱਖੀ ਰੀਪੋਰਟ ਨਹੀਂ ਮਿਲ ਜਾਂਦੀ ਉਦੋਂ ਤਕ ਉਹ ਚੈਨ ਦੀ ਨੀਂਦ ਨਹੀਂ ਸੌਂਦੇ। ਕਿਸਾਨ ਜਸਪ੍ਰੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਦਾ ਫ਼ਾਰਮ ਪੰਜਾਬ ਦਾ ਪਹਿਲਾ ਜੈਵਿਕ ਡੇਅਰੀ ਫ਼ਾਰਮ ਰਜਿਸਟਰ ਹੈ।

ਜਦੋਂ ਉਨ੍ਹਾਂ ਫ਼ਾਰਮ ਜੈਵਿਕ ਵਜੋਂ ਰਜਿਸਟਰਡ ਕੀਤਾ ਤਾਂ ਉਹ ਅੰਗ੍ਰੇਜ਼ੀ ਦਵਾਈਆਂ ਤੋਂ ਪਿੱਛੇ ਹਟੇ। ਇਹ ਦਵਾਈਆਂ ਲੰਮੇ ਸਮੇਂ ਲਈ ਨੁਕਸਾਨਦਾਇਕ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਅਪਣੇ ਪਸ਼ੂਆਂ ਨੂੰ ਰਵਾਇਤੀ ਤਰੀਕੇ ਨਾਲ ਫ਼ੀਡ ਪਾਉਂਦੇ ਹਨ ਭਾਵ ਜੈਵਿਕ ਖ਼ੁਰਾਕ ਦਾ ਇਸਤਮਾਲ ਕਰਦੇ ਹਨ ਜੋ ਕਿ ਪੁਰਾਣੇ ਬਜ਼ੁਰਗ ਕਰਿਆ ਕਰਦੇ ਸਨ। ਇਸ ਨਾਲ ਪਸ਼ੂ ਕਦੇ ਬਿਮਾਰ ਨਹੀਂ ਹੁੰਦਾ, ਜੇਕਰ ਹੁੰਦਾ ਵੀ ਹੈ ਤਾਂ ਇਲਾਜ ਲਈ ਰਵਾਇਤੀ ਤਰੀਕੇ ਵਰਤਦੇ ਹਨ। ਕਿਸਾਨ ਅਨੁਸਾਰ ਉਹ ਖੇਤਾਂ ਵਿਚ ਅਪਣੇ ਪਸ਼ੂਆਂ ਲਈ ਹਲਦੀ ਉਗਾਉਂਦੇ ਹਨ ਜੋ ਕਿ ਪਸ਼ੂਆਂ ਨੂੰ ਪਾਉਂਦੇ ਹਨ ਜਿਸ ਨਾਲ ਪਸ਼ੂਆਂ ਨੂੰ ਲੱਗਣ ਵਾਲੀ ਹਰ ਬੀਮਾਰੀ ਤੋਂ ਬਚਾਅ ਹੁੰਦਾ ਹੈ। ਕਿਸਾਨ ਨੇ ਦਸਿਆ ਕਿ ਪਸ਼ੂਆਂ ਦੇ ਗੋਬਰ ਅਤੇ ਪਿਸ਼ਾਬ ਲਈ ਸੀਵਰੇਜ ਸਿਸਟਮ ਬਣਾਇਆ ਹੋਇਆ ਹੈ

ਜਿਸ ਨਾਲ ਗੈਸ ਵੀ ਬਣਦੀ ਹੈ ਅਤੇ ਜਦੋਂ ਉਹ ਗੋਹਾ ਚਾਲੀ ਦਿਨ ਬਾਅਦ ਬਾਹਰ ਨਿਕਲਦਾ ਹੈ ਤਾਂ ਉਹ ਖੇਤਾਂ ਵਿਚ ਵਰਤ ਲਿਆ ਜਾਂਦਾ ਹੈ। ਇਸ ਲਈ ਉਨ੍ਹਾਂ ਦਾ ਜ਼ੀਰੋ ਬਜਟ ਫ਼ਾਰਮ ਹੈ ਅਤੇ ਉਹ ਕੁੱਝ ਵੀ ਫ਼ਜ਼ੂਲ ਨਹੀਂ ਜਾਣ ਦਿੰਦੇ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਪਨੀਰ ਦਾ ਪਾਣੀ ਵੀ ਅਪਣੇ ਪਸ਼ੂਆਂ ਲਈ ਵਰਤਦੇ ਹਨ ਜੋ ਕਿ ਹਾਈਪ੍ਰੋਟੀਨ ਹੁੰਦਾ ਹੈ। ਉਨ੍ਹਾਂ ਨੇ ਅਪਣੇ 700 ਗਾਵਾਂ ਦੇ ਅਗਲੇ ਟੀਚੇ ਬਾਰੇ ਗੱਲ ਕਰਦੇ ਹੋਏ ਦਸਿਆ ਕਿ ਉਨ੍ਹਾਂ ਦਾ ਇਕ ਮੈਗਾਵਾਟ ਬਿਜਲੀ ਲਗਾਉਣ ਦਾ ਪਲਾਨ ਹੈ ਅਤੇ ਗੋਹੇ ਅਤੇ ਪਿਸ਼ਾਬ ਨਾਲ ਬਣਨ ਵਾਲੀ ਗੈਸ ਨਾਲ ਹੀ ਬਿਜਲੀ ਪੈਦਾ ਕੀਤੀ ਜਾਵੇਗੀ।

ਜਸਪ੍ਰੀਤ ਸਿੰਘ ਨੇ ਦਸਿਆ ਉਨ੍ਹਾਂ ਕੋਲ ਰੋਜ਼ ਦਾ 800 ਤੋਂ 900 ਲੀਟਰ ਦੁੱਧ ਦਾ ਉਤਪਾਦਨ ਹੈ ਜੋ ਕਿ ਪੂਰੀ ਤਰ੍ਹਾਂ ਸ਼ੁਧ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਡੇਅਰੀ ਵਿਚ ਸੱਭ ਤੋਂ ਵੱਡਾ ਜੋਖਮ ਮਿਲਾਵਟੀ ਕੰਮ ਹੈ ਕਿਉਂਕਿ ਬਜ਼ਾਰ ਵਿਚ ਮਿਲਾਵਟ ਜ਼ਿਆਦਾ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਚੀਜ਼ 'ਤੇ ਨਕੇਲ ਕੱਸਣ ਦੀ ਲੋੜ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋਣਾ ਬੰਦ ਹੋ ਜਾਵੇ। ਜਸਪ੍ਰੀਤ ਨੇ ਦਸਿਆ ਕਿ ਜੇਕਰ ਮਿਲਾਵਟੀ ਕੰਮ ਬੰਦ ਹੋ ਜਾਵੇਗਾ ਤਾਂ ਫ਼ਾਰਮ ਅਪਣੇ-ਆਪ ਕਾਮਯਾਬ ਹੋ ਜਾਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।