ਇਸ ਤਰੀਕੇ ਨਾਲ ਕਰੋ ਫ਼ਲਾਂ ਦੀ ਤੁੜਾਈ ਅਤੇ ਸਾਂਭ - ਸੰਭਾਲ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਨਿੰਬੂ ਜਾਤੀ ਦੇ ਬਾਗਾਂ ਨੂੰ ਮੁਨਾਫੇ ਯੋਗ ਫ਼ਲ ਲੱਗਣ ਵਿੱਚ ਕਾਫੀ ਸਮਾਂ ਲਗਦਾ ਹੈ। ਪਹਿਲੇ ਚਾਰ - ਪੰਜ ਸਾਲਾਂ ਦੌਰਾਨ ਕਿਸਾਨ ਨੂੰ ਆਪਣੀ ਆਮਦਨ ਵਧਾਉਣ ਲਈ ਬਾਗ ਵਿਚ ਜਲਦੀ ...

citrus fruits

ਨਿੰਬੂ ਜਾਤੀ ਦੇ ਬਾਗਾਂ ਨੂੰ ਮੁਨਾਫੇ ਯੋਗ ਫ਼ਲ ਲੱਗਣ ਵਿੱਚ ਕਾਫੀ ਸਮਾਂ ਲਗਦਾ ਹੈ। ਪਹਿਲੇ ਚਾਰ - ਪੰਜ ਸਾਲਾਂ ਦੌਰਾਨ ਕਿਸਾਨ ਨੂੰ ਆਪਣੀ ਆਮਦਨ ਵਧਾਉਣ ਲਈ ਬਾਗ ਵਿਚ ਜਲਦੀ ਤਿਆਰ ਹੋਣ ਵਾਲੀਆਂ ਫਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਨਿੰਬੂ ਜਾਤੀ ਦੇ ਫ਼ਲ ਬਹੁਤ ਛੇਤੀ ਖਰਾਬ ਹੋਣ ਵਾਲੇ ਹੁੰਦੇ ਹਨ। ਇਸ ਲਈ ਇਹਨਾਂ ਦੀ ਤੁੜਾਈ ਅਤੇ ਸਾਂਭ - ਸੰਭਾਲ ਬਹੁਤ ਧਿਆਨ ਨਾਲ ਕਰਨੀ ਚਾਹੀਦੀ ਹੈ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 25 - 35 ਪ੍ਰਤੀਸ਼ਤ ਨਿੰਬੂ ਜਾਤੀ ਦੇ ਫ਼ਲ ਬਾਗ ਤੋਂ ਉਪਭੋਗਤਾ ਤੱਕ ਪਹੁੰਚਣ ਤੱਕ ਖਰਾਬ ਹੋ ਜਾਂਦੇ ਹਨ। ਇਹ ਦੇਖਣ ਵਿੱਚ ਆਇਆ ਹੈ ਕਿ ਬਾਗਾਂ ਦੇ ਮਾਲਿਕ ਦਰਜਾਬੰਦੀ ਅਤੇ ਚੰਗੀ ਡੱਬਾਬੰਦੀ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ ਜਿਸ ਕਾਰਨ ਮੰਡੀ ਵਿਚ ਚੰਗਾ ਮੁੱਲ ਨਹੀਂ ਮਿਲਦਾ।

ਇਸ ਤੋਂ ਇਲਾਵਾ ਨਿੰਬੂ ਜਾਤੀ ਦੇ ਫ਼ਲਾਂ ਦੇ ਕਈ ਉਤਪਾਦਕ ਫ਼ਲਾਂ ਦੇ ਪੱਕਣ ਦੇ ਸਹੀ ਸਮੇਂ ਦਾ ਅੰਦਾਜ਼ਾ ਚੰਗੀ ਤਰ੍ਹਾਂ ਨਹੀਂ ਲਗਾ ਸਕਦੇ ਅਤੇ ਮੰਡੀਕਰਨ ਵੇਲੇ ਉਹ ਕੱਚੇ, ਪੱਕੇ ਅਤੇ ਅਲਗ - ਅਲਗ ਦਰਜੇ ਦੇ ਫ਼ਲ ਇਕੱਠੇ ਕਰ ਦਿੰਦੇ ਹਨ। ਤੁੜਾਈ ਤੋਂ ਬਾਅਦ ਫ਼ਲਾਂ ਦੀ ਸਾਂਭ ਸੰਭਾਲ ਵੱਲ ਬਹੁਤ ਘੱਟ ਧਿਆਨ ਦਿਤਾ ਜਾਂਦਾ ਹੈ, ਜੋ ਕਿਸਾਨਾਂ ਦੇ ਘਾਟੇ ਦਾ ਮੁੱਖ ਕਾਰਨ ਬਣਦਾ ਹੈ। ਨਿੰਬੂ ਜਾਤੀ ਦੇ ਫ਼ਲ ਤੁੜਾਈ ਤੋਂ ਬਾਅਦ ਨਹੀਂ ਪੱਕਦੇ, ਇਸ ਲਈ ਪੂਰੇ ਪੱਕੇ ਹੋਏ ਫ਼ਲ ਹੀ ਰੁੱਖ ਨਾਲੋਂ ਤੋੜਨੇ ਚਾਹੀਦੇ ਹਨ। ਕੱਚੇ ਤੋੜੇ ਫ਼ਲ ਕਦੀ ਵੀ ਨਹੀਂ ਪੱਕਦੇ ਅਤੇ ਉਹਨਾਂ ਦਾ ਸੁਆਦ ਖੱਟਾ ਜਾਂ ਬਕਬਕਾ ਰਹਿੰਦਾ ਹੈ।

ਇਸ ਤੋਂ ਉਲਟ ਪੱਕਣ ਤੋਂ ਬਹੁਤ ਬਾਅਦ ਤੋੜੇ ਫ਼ਲ ਛੇਤੀ ਖਰਾਬ ਹੋ ਜਾਂਦੇ ਹਨ ਅਤੇ ਇਹਨਾਂ ਦਾ ਚੰਗਾ ਮੁੱਲ ਨਹੀਂ ਮਿਲਦਾ। ਫ਼ਲਾਂ ਦਾ ਰੰਗ, ਸੁਗੰਧੀ ਅਤੇ ਸੁਆਦ ਰੁੱਖਾਂ ਉਪਰ ਪੂਰਾ ਵਿਕਸਿਤ ਹੋਣ ਦੇਣਾ ਚਾਹੀਦਾ ਹੈ। ਨਿੰਬੂ ਜਾਤੀ ਦੇ ਫ਼ਲਾਂ ਵਿੱਚ ਕਈ ਨਿਸ਼ਾਨੀਆਂ ਹਨ ਜਿਹਨਾਂ ਤੋਂ ਉਹਨਾਂ ਦੇ ਪੱਕੇ ਹੋਣ ਦਾ ਪਤਾ ਲਗਦਾ ਹੈ। ਛੋਟੇ ਕਿਸਾਨ ਆਮ ਤੌਰ ਤੇ ਫ਼ਲ ਦੇ ਅਕਾਰ ਅਤੇ ਰੰਗ ਤੋਂ ਪੱਕੇ ਹੋਣ ਦਾ ਪਤਾ ਲਗਾਉਂਦੇ ਹਨ। ਪਰ ਪੰਜਾਬ ਦੀ ਮੁੱਖ ਕਿਸਮ ਕਿੰਨੋ ਵਿੱਚ ਇਹ ਢੰਗ ਭਰੋਸੇਯੋਗ ਨਹੀਂ ਹੈ ਕਿਉਂਕਿ ਕਿੰਨੋ ਦਾ ਅਕਤੂਬਰ - ਨਵੰਬਰ ਵਿੱਚ ਰੰਗ ਬਦਲਣਾ ਸ਼ੁਰੂ ਹੋ ਜਾਂਦਾ ਹੈ ਪਰ ਅੰਦਰੋਂ ਉਹ ਕੱਚੇ ਹੁੰਦੇ ਹਨ। ਨਿੰਬੂ ਜਾਤੀ ਦੇ ਫ਼ਲਾਂ ਵਿੱਚ ਮਿਠਾਸ ਤੇ ਖਟਾਸ ਦੇ ਅਨੁਪਾਤ ਤੋਂ ਬਹੁਤ ਭਰੋਸੇ ਨਾਲ ਪੱਕੇ ਹੋਣ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਆਮ ਤੌਰ ਤੇ ਨਿੰਬੂ ਜਾਤੀ ਦੇ ਫ਼ਲਾਂ ਦਾ ਤੁੜਾਈ ਲਈ ਪੱਕੇ ਹੋਣ ਦਾ ਅੰਦਾਜ਼ਾ ਹੇਠ ਦਿੱਤੀਆਂ ਨਿਸ਼ਾਨੀਆਂ ਤੋਂ ਲਗਾਇਆ ਜਾਂਦਾ ਹੈ। ਬੂਟੇ ਦੇ ਬਾਹਰੀ ਭਾਗ ਤੇ ਲੱਗੇ ਹੋਏ ਕਿੰਨੋ ਦੇ ਫ਼ਲਾਂ ਨੂੰ ਉਸ ਵਕਤ ਤੋੜ ਲੈਣਾ ਚਾਹੀਦਾ ਹੈ ਜਦੋਂ ਇਹਨਾਂ ਵਿੱਚ ਮਿਠਾਸ ਤੇ ਖਟਾਸ 12:1 ਦੇ ਅਨੁਪਾਤ ਵਿੱਚ ਹੋਵੇ, ਪਰ ਅੰਦਰਲੇ ਫ਼ਲਾਂ ਨੂੰ ਕੁੱਝ ਸਮੇਂ ਬਾਅਦ ਉਸ ਵੇਲੇ ਤੋੜੋ ਜਦੋਂ ਉਹਨਾਂ ਵਿੱਚ ਮਿਠਾਸ ਤੇ ਖਟਾਸ 14:1 ਦੇ ਅਨੁਪਾਤ ਵਿਚ ਹੋਵੇ।

ਫ਼ਲਾਂ ਦੀ ਤੁੜਾਈ - ਨਿੰਬੂ ਜਾਤੀ ਦੇ ਫ਼ਲਾਂ, ਖਾਸ ਕਰਕੇ ਕਿੰਨੋ ਦੇ ਫ਼ਲਾਂ ਦੀ ਤੁੜਾਈ ਅਤੇ ਰੱਖ - ਰਖਾਵ ਵੱਲ ਬਹੁਤ ਧਿਆਣ ਦੇਣਾ ਚਾਹੀਦਾ ਹੈ ਤਾਂ ਜੋ ਉਹਨਾਂ ਦੀ ਗੁਣਵਤਾ ਬਚੀ ਰਹੇ। ਫ਼ਲ ਉਪਰ ਲੱਗੀਆਂ ਝਰੀਟਾਂ, ਰਗੜਾਂ ਅਤੇ ਸੱਟਾਂ ਤੋਂ ਕਈ ਤਰ੍ਹਾਂ ਦੇ ਰੁਗਾਣੂ ਫ਼ਲ ਅੰਦਰ ਚਲੇ ਜਾਂਦੇ ਹਨ ਅਤੇ ਫ਼ਲਾਂ ਦੇ ਗਲਣ ਦਾ ਕਾਰਨ ਬਣਦੇ ਹਨ। ਨਿੰਬੂ ਜਾਤੀ ਦੇ ਫ਼ਲਾਂ ਬਾਰੇ ਇੱਕ ਗਲਤ ਧਾਰਨਾ ਹੈ ਕਿ ਇਹ ਗਲਤ ਰੱਖ - ਰਖਾਵ ਸਹਾਰ ਲੈਂਦੇ ਹਨ। ਨਿੰਬੂ ਜਾਤੀ ਦੇ ਫ਼ਲ ਹੋਰ ਫ਼ਲਾਂ ਨਾਲੋਂ ਜ਼ਿਆਦਾ ਮਜ਼ਬੂਤ ਜਰੂਰ ਹੁੰਦੇ ਹਨ ਪਰ ਇਹਨਾਂ ਨੂੰ ਝਰੀਟਾਂ ਬਹੁਤ ਛੇਤੀ ਲਗਦੀਆਂ ਹਨ।

ਪਰ ਇਹਨਾਂ ਉਪਰ ਝਰੀਟਾਂ ਕਈ ਦਿਨਾਂ ਬਾਅਦ ਨਜ਼ਰ ਆਉਂਦੀਆਂ ਹਨ ਅਤੇ ਉਦੋਂ ਤੱਕ ਫ਼ਲ ਬਾਗ ਵਿਚੋਂ ਜਾ ਚੁੱਕੇ ਹੁੰਦੇ ਹਨ। ਇਸ ਲਈ ਫ਼ਲਾਂ ਦੀ ਤੁੜਾਈ ਤੇ ਰੱਖ - ਰਖਾਵ ਬਹੁਤ ਧਿਆਨ ਨਾਲ ਕਰਨਾ ਚਾਹੀਦਾ ਹੈ। ਨਿੰਬੂ ਜਾਤੀ ਦੇ ਫ਼ਲਾਂ, ਖਾਸ ਕਰਕੇ ਨਰਮ ਛਿੱਲ ਵਾਲੇ ਸੰਤਰਿਆਂ ਨੂੰ ਕਦੇ ਵੀ ਟਾਹਣੀਆਂ ਨਾਲੋਂ ਖਿੱਚ੍ਹ ਕੇ ਨਹੀਂ ਤੋੜਨਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਤਣੇ ਦੇ ਉੱਪਰਲੇ ਹਿੱਸੇ ਦੀ ਛਿੱਲ ਲਹਿ ਜਾਂਦੀ ਹੈ। ਫ਼ਲ ਸਦਾ ਕੈਂਚੀ (ਛਲਪਿਪੲਰ) ਨਾਲ ਤੋੜੋ ਅਤੇ ਫ਼ਲਾਂ ਉਪਰਲੀ ਛੋਟੀ ਡੰਡੀ ਕਾਇਮ ਰੱਖੋ। ਤੁੜਾਈ ਸਮੇਂ ਫ਼ਲਾਂ ਉਪਰ ਰੱਖੀਆਂ ਲੰਬੀਆਂ ਡੰਡੀਆਂ ਡੱਬਾ ਬੰਦੀ ਤੋਂ ਪਹਿਲਾਂ ਕੱਟ ਦਿਉ। ਇਹ ਡੰਡੀਆਂ ਆਪਣੇ ਨਾਲ ਦੇ ਫ਼ਲਾਂ ਦੀ ਛਿੱਲ ਵਿੱਚ ਸੁਰਾਖ ਕਰ ਦਿੰਦੀਆਂ ਹਨ ਜਿਥੋਂ ਫ਼ਲਾਂ ਦਾ ਗਲਣਾਂ ਤੇ ਸੜਨਾ ਸ਼ੁਰੂ ਹੋ ਜਾਂਦਾ ਹੈ।

ਉੱਚੀਆਂ ਟਾਹਣੀਆਂ ਤੇ ਲੱਗੇ ਫ਼ਲਾਂ ਦੀ ਤੁੜਾਈ ਮੁਸ਼ਕਿਲ ਹੁੰਦੀ ਹੈ। ਆਮ ਤੌਰ ਤੇ ਲੰਬੇ ਡੰਡੇ ਤੇ ਲੱਗੀ ਕੁੰਡੀ ਨਾਲ ਖਿੱਚ ਕੇ ਇਹਨਾਂ ਫ਼ਲਾਂ ਨੂੰ ਤੋੜਿਆ ਜਾਂਦਾ ਹੈ। ਇਸ ਤਰ੍ਹਾਂ ਸਿਰਫ ਫ਼ਲ ਹੀ ਖਰਾਬ ਨਹੀਂ ਹੁੰਦੇ ਸਗੋਂ ਟਾਹਣੀਆਂ ਵੀ ਟੁੱਟ ਜਾਂਦੀਆਂ ਹਨ। ਬੂਟੇ ਦੇ ਉਪਰ ਲੱਗੇ ਫ਼ਲ ਪੌੜੀ ਲਗਾ ਕੇ ਤੋੜਨੇ ਚਾਹੀਦੇ  ਹਨ। ਰੁਖਾਂ ਉਪਰ ਪੌੜੀ ਧਿਆਨ ਨਾਲ ਲਗਾਉਣੀ ਚਾਹੀਦੀ ਹੈ ਜਿਸ ਨਾਲ ਕਿਸੇ ਫ਼ਲ ਅਤੇ ਸ਼ਾਖਾ ਨੂੰ ਨੁਕਸਾਨ ਨਾਂ ਪਹੁੰਚੇ। ਫ਼ਲਾਂ ਨੂੰ ਬਾਰਸ਼ ਤੋਂ ਇੱਕ ਦਮ ਬਾਅਦ ਜਾਂ ਸਵੇਰ ਵੇਲੇ, ਜਦੋਂ ਉਹਨਾਂ ਤੇ ਤਰੇਲ ਪਈ ਹੋਵੇ, ਤੋੜਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਸ ਸਮੇਂ ਫ਼ਲਾਂ ਦੀ ਛਿੱਲ ਸਖਤ ਹੁੰਦੀ ਹੈ ਅਤੇ ਛੇਤੀ ਰਗੜਾ ਲੱਗ ਜਾਂਦੀਆਂ ਹਨ। ਫ਼ਲ ਤੁੜਾਈ ਕਰਨ ਵਾਲਿਆਂ ਦੇ ਮੋਢਿਆ ਉਪਰ ਲਟਕਾਏ ਥੈਲਿਆਂ ਵਿੱਚ ਇਕੱਠੇ ਕਰਨੇ ਚਾਹੀਦੇ ਹਨ। ਇਸ ਥੈਲੇ ਵਿੱਚੋਂ ਫ਼ਲ ਧਿਆਨ ਨਾਲ ਬਾਹਰ ਕੱਢੇ  ਜਾਂਦੇ ਹਨ। ਸਾਰੇ ਫ਼ਲ ਦਰਜਾ ਬੰਦੀ ਕਰਨ ਲਈ ਛਾਂ ਵਿੱਚ ਇਕੱਠੇ ਕਰੋ।