ਮਸ਼ਹੂਰ ਹੋਣ ਜਾ ਰਹੇ ਨੇ ਗਰਮਾ-ਗਰਮ ਚਟਪਟੇ ਤੇ ਤੀਖੇ ਰਸਗੁੱਲੇ, ਸਵਾਦ ਚਖ ਹੋ ਜਾਵੋਗੇ ਹੈਰਾਨ!

ਏਜੰਸੀ

ਜੀਵਨ ਜਾਚ, ਖਾਣ-ਪੀਣ

ਚਟਪਟੇ ਤੇ ਤਿੱਖੇ ਰਸਗੁਲਿਆਂ ਦੇ ਦੀਵਾਨੇ ਹੋਏ ਲੋਕ

file photo

ਕੋਲਕਾਤਾ : ਆਮ 'ਤੇ ਰਸਗੁੱਲੇ ਦਾ ਨਾਂ ਸੁਣਦਿਆਂ ਹੀ ਮੂੰਹ 'ਚ ਮਿਠਾਸ ਭਰ ਜਾਂਦੀ ਹੈ। ਜ਼ਿਆਦਾਤਰ ਲੋਕ ਕੁੱਝ ਚਟਪਟਾ ਖਾਣ ਤੋਂ ਬਾਅਦ ਮਿੱਠਾ-ਮਿੱਠਾ ਰਸਗੁੱਲਾ ਖਾਣਾ ਪਸੰਦ ਕਰਦੇ ਹਨ। ਪਰ ਹੁਣ ਗਰਮਾ-ਗਰਮ ਚਟਪਟੇ ਤੇ ਤੀਖੇ ਰਸਗੁੱਲੇ ਵੀ ਮਸ਼ਹੂਰ ਹੁੰਦੇ ਜਾ ਰਹੇ ਹਨ।

ਇਸ ਦਾ ਵਿਲੱਖਣ ਤਜਰਬਾ ਪੱਛਮੀ ਬੰਗਾਲ ਦੇ ਮਿਦਨਾਪੁਰ ਵਿਖੇ ਇਕ ਮਠਿਆਈ ਦੇ ਦੁਕਾਨਦਾਰ ਵਲੋਂ ਕੀਤਾ ਗਿਆ ਹੈ। ਸੁਣਨ ਨੂੰ ਭਾਵੇਂ ਇਹ ਤਜਰਬਾ ਅਨੋਖਾ ਲੱਗਦਾ ਹੋਵੇ ਪਰ ਲੋਕਾਂ ਵਲੋਂ ਇਹ ਰਸਗੁਲੇ ਵੱਡੀ ਪੱਧਰ 'ਤੇ ਪਸੰਦ ਕੀਤੇ ਜਾ ਰਹੇ ਹਨ। ਦੁਕਾਨਦਾਰ ਦੇ ਇਹ ਰਸਗੁਲੇ ਹੱਥੋਂ-ਹੱਥ ਵਿਕ ਰਹੇ ਹਨ।

ਆਮ ਪ੍ਰਚੱਲਤ ਮਿੱਠੇ ਰਸਗੁਲਿਆਂ ਨੂੰ ਪਸੰਦ ਕਰਨ ਵਾਲੇ ਲੋਕ ਵੀ ਇਨ੍ਹਾਂ ਚਟਪਟੇ ਤੇ ਤੀਖੇ ਰਸਗੁਲਿਆਂ ਨੂੰ ਮਜ਼ੇ ਨਾਲ ਚਖ ਰਹੇ ਹਨ। ਮਿਦਨਾਪੁਰ ਵਿਚ ਚਰਚ ਸਕੂਲ ਨੇੜੇ ਮੌਜੂਦ ਮਠਿਆਈਆਂ ਦੀ ਇਸ ਦੁਕਾਨ 'ਤੇ ਇਨ੍ਹਾਂ ਰਸਗੁਲਿਆਂ ਕਾਰਨ ਭੀੜ ਲੱਗੀ ਰਹਿੰਦੀ ਹੈ।

ਤਜਰਬਾ ਰਿਹਾ ਬੇਹੱਦ ਸਫ਼ਲ : ਇਨ੍ਹਾਂ ਰਸਗੁਲਿਆਂ ਦਾ ਸਫ਼ਲ ਤਜਰਬਾ ਕਰਨ ਵਾਲੇ ਦੁਕਾਨਦਾਰ ਅਰਿੰਦਮ ਸ਼ਾਹ ਦਾ ਕਹਿਣਾ ਹੈ ਕਿ ਪਹਿਲਾਂ ਮੈਂ ਗੁੜ, ਕੇਸਰ, ਅੰਬ ਆਦਿ ਨਾਲ ਆਮ ਪ੍ਰਚੱਲਤ ਕਿਸਮ ਦੇ ਰਸਗੁਲੇ ਬਣਾਉਂਦਾ ਹੁੰਦਾ ਸੀ। ਫਿਰ ਮੈਨੂੰ ਖ਼ਿਆਲ ਆਇਆ ਕਿ ਲੋਕ ਕਿਸੇ ਅਲੱਗ ਸਵਾਦ ਦੀ ਭਾਲ ਵਿਚ ਰਹਿੰਦੇ ਹਨ। ਇਸੇ ਅਹਿਸਾਸ ਤਹਿਤ ਮੈਂ ਇਹ ਤਜਰਬਾ ਕਰਨ ਦੀ ਸੋਚੀ, ਸੋਚ ਸਫ਼ਲ ਸਾਬਤ ਹੋਇਆ ਹੈ।

ਸਵਾਦ ਬਦਲਣ ਦੇ ਮਕਸਦ ਨਾਲ ਕੀਤਾ ਤਜਰਬਾ : ਇਸ ਖਾਸ ਤਰ੍ਹਾਂ ਦੇ ਰਸਗੁਲੇ ਦੀ ਕੀਮਤ ਕੇਵਲ 10 ਰੁਪਏ ਰੱਖੀ ਗਈ ਹੈ। ਮਿਦਨਾਪੁਰ ਦੇ ਡਿਲਾ ਮਠਿਆਈ ਵਿਕਰੇਤਾ ਕਮੇਟੀ ਦੇ ਸਕੱਤਰ ਸੁਕੁਮਾਰ ਡੇ ਦਾ ਕਹਿਣਾ ਹੈ ਕਿ ਮਿਦਨਾਪੁਰ ਰਸਗੁਲਿਆਂ ਦੇ ਵੱਖ-ਵੱਖ ਸਵਾਦਾਂ ਲਈ ਮਸ਼ਹੂਰ ਹੈ। ਲੋਕਾਂ ਦੇ ਬਦਲਦੇ ਸਵਾਦ ਦੇ ਮੱਦੇਨਜ਼ਰ ਅਸੀਂ ਨਵੇਂ-ਨਵੇਂ ਤਜਰਬੇ ਕਰਦੇ ਰਹਿੰਦੇ ਹਾਂ।

ਪ੍ਰਚੱਲਿਤ ਇਤਿਹਾਸ ਅਨੁਸਾਰ 1845-1855 ਵਿਚ ਫੂਲਿਆ ਦੇ ਹਰਧਨ ਮੋਇਰਾ ਨੇ ਅਪਣੀ ਧੀ ਲਈ ਨਵੀਂ ਮਠਿਆਈ ਬਣਾਉਣ ਦਾ ਤਜਰਬਾ ਕੀਤਾ ਸੀ। ਉਨ੍ਹਾਂ ਨੇ ਤਾਜੇ ਕਾਟੇਜ ਚੀਜ ਨੂੰ ਉਬਲਦੀ ਚਾਸ਼ਨੀ ਵਿਚ ਪਾ ਦਿਤਾ ਸੀ। ਇਸ ਤੋਂ ਬਾਅਦ ਵੀ ਰਸਗੁਲਿਆਂ ਬਾਰੇ ਕਈ ਤਜਰਬੇ ਕੀਤੇ ਗਏ।

ਮਠਿਆਈ ਦੇ ਦੁਕਾਨਦਾਰਾਂ ਅਨੁਸਾਰ ਕਈ ਲੋਕ ਡਾਇਬਿਟੀਜ਼ ਦੀ ਸਮੱਸਿਆ ਕਾਰਨ ਚਾਸ਼ਨੀ ਵਿਚ ਡੁਬੇ ਰਸਗੁੱਲੇ ਖਾਣ ਤੋਂ ਗੁਰੇਜ਼ ਕਰਦੇ ਹਨ। ਰਸਗੁਲੇ ਖਾਣ ਦੇ ਸ਼ੌਕੀਨਾਂ ਦਾ ਹਰ ਹਾਲਤ ਵਿਚ ਸ਼ੌਕ ਪੂਰਾ ਕਰਨ ਅਤੇ ਇਸ ਦਾ ਅਸਰ ਅਪਣੇ ਕਾਰੋਬਾਰ 'ਤੇ ਨਾ ਪੈਣ ਦੇਣ ਦੇ ਮਕਸਦ ਨਾਲ ਰਸਗੁਲਿਆਂ 'ਤੇ ਨਵੇਂ ਨਵੇਂ ਤਜਰਬੇ ਕੀਤੇ ਜਾਂਦੇ ਰਹਿੰਦੇ ਹਨ। ਇਸ ਨਾਲ ਜਿੱਥੇ ਦੁਕਾਨਦਾਰਾਂ ਨੂੰ ਮਾਇਕੀ ਲਾਭ ਹੁੰਦਾ ਹੈ ਉਥੇ ਖਾਣ-ਪੀਣ ਦੇ ਸ਼ੌਕੀਨਾਂ ਨੂੰ ਵੀ ਵੱਖ-ਵੱਖ ਸਵਾਦ ਚੱਖਣ ਦਾ ਮੌਕਾ ਮਿਲਦਾ ਰਹਿੰਦਾ ਹੈ।