ਟੀਬੀ ਮਰੀਜ਼ਾਂ ਲਈ ਖ਼ੁਸ਼ਖ਼ਬਰੀ, ਬਿਹਤਰ ਇਲਾਜ ਲਈ ਨਵੀਂ ਤਕਨੀਕ ਦੀ ਖੋਜ
20 ਲੱਖ ਦੇ ਕਰੀਬ ਹੈ ਭਾਰਤ 'ਚ ਟੀਬੀ ਦੇ ਮਰੀਜ਼ਾਂ ਦੀ ਗਿਣਤੀ...
ਚੰਡੀਗੜ੍ਹ : ਭਿਆਨਕ ਬਿਮਾਰੀ ਟੀਬੀ ਨੂੰ ਲੈ ਕੇ ਵਿਗਿਆਨੀਆਂ ਨੇ ਇਕ ਨਵੀਂ ਤਕਨੀਕ ਦੀ ਖੋਜ ਕੀਤੀ ਹੈ। ਜਿਸ ਨਾਲ ਟੀਬੀ ਰੋਗ ਤੋਂ ਪੀੜਤ ਮਰੀਜ਼ਾਂ ਦਾ ਇਲਾਜ ਹੋਰ ਪ੍ਰਭਾਵਸ਼ਾਲੀ ਹੋ ਸਕੇਗਾ, ਜੀ ਹਾਂ ਈਐਮਬੀਓ ਮੈਗਜ਼ੀਨ ਵਿਚ ਪ੍ਰਕਾਸ਼ਤ ਇਕ ਖੋਜ ਰਿਪੋਰਟ ਵਿਚ ਇਸ ਗੱਲ ਦਾ ਖ਼ੁਲਾਸਾ ਕੀਤਾ ਗਿਆ ਹੈ। ਦਰਅਸਲ ਵਿਗਿਆਨੀਆਂ ਵਲੋਂ ਟੀਬੀ ਤੋਂ ਗ੍ਰਸਤ ਕੋਸ਼ਿਕਾਵਾਂ ਵਿਚੋਂ ਨਿਕਲਣ ਵਾਲੇ ਸਟਰੱਕਚਰ ਨੂੰ ਐਂਟੀਬਾਇਓਟਿਕ ਦਵਾਈਆਂ ਨਾਲ ਮਿਲਾ ਕੇ ਇਕ ਨਵੀਂ ਦਵਾਈ ਬਣਾਉਣ ਦਾ ਯਤਨ ਕੀਤਾ ਗਿਆ ਹੈ, ਜੋ ਟੀਬੀ ਦੇ ਪ੍ਰਤੀ ਰੋਗੀਆਂ ਵਿਚ ਪ੍ਰਤੀਰੋਧਕ ਸਮਰੱਥਾ ਨੂੰ ਵਿਕਸਤ ਕਰੇਗੀ।
ਖੋਜ ਮੁਤਾਬਕ ਟੀਬੀ ਕੋਸ਼ਿਕਾਵਾਂ ਵਿਚੋਂ ਨਿਕਲਣ ਵਾਲੇ ਇਸ ਸਟਰੱਕਚਰ ਨੂੰ ਐਕਸਟ੍ਰਾ–ਸੈਲਯੂਲਰ ਵੈਸੀਕਲਜ਼ ਕਿਹਾ ਜਾਂਦਾ ਹੈ। ਜਿਨ੍ਹਾਂ ਵਿਚ ਮਾਈਕ੍ਰੋ ਬੈਕਟੀਰੀਅਮ ਟਿਊਬਰਕਿਊਲੌਸਿਸ RN1 ਨਾਂਅ ਦਾ ਇਕ ਅਣੂ ਹੁੰਦਾ ਹੈ, ਜੋ ਕਈ ਸਰੀਰਕ ਪ੍ਰਕਿਰਿਆਵਾਂ ਲਈ ਅਹਿਮ ਹੁੰਦਾ ਹੈ। ਯੂਨੀਵਰਸਿਟੀ ਆਫ਼ ਨਾਟਰਡਮ ਦੇ ਖੋਜੀਆਂ ਮੁਤਾਬਕ ਇਹ ਅਣੂ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦਾ ਹੈ। ਪ੍ਰੀਖਣ ਕਰਨ 'ਤੇ ਇਸ ਦੇ ਨਤੀਜੇ ਕਾਫ਼ੀ ਜ਼ਿਆਦਾ ਬਿਹਤਰ ਪਾਏ ਗਏ ਹਨ। ਜ਼ਿਕਰਯੋਗ ਹੈ ਕਿ ਟੀਬੀ ਫੇਫੜਿਆਂ ਦੀ ਇਕ ਭਿਆਨਕ ਬੀਮਾਰੀ ਹੈ।
ਛੂਤ ਦਾ ਰੋਗ ਹੋਣ ਕਰਕੇ ਇਸ ਦੇ ਮਰੀਜ਼ਾਂ ਨੂੰ ਅਲੱਗ ਰੱਖਣਾ ਜ਼ਰੂਰੀ ਹੈ। 'ਵਿਸ਼ਵ ਸਿਹਤ ਸੰਸਥਾ' ਵੱਲੋਂ ਜਾਰੀ ਕੀਤੀ ਗਈ 2012 ਦੀ ਰਿਪੋਰਟ ਅਨੁਸਾਰ ਦੁਨੀਆਂ ਦੇ ਲਗਪਗ 90 ਲੱਖ ਮਰੀਜ਼ਾਂ ਵਿਚੋਂ 20 ਲੱਖ ਤੋਂ ਵੱਧ ਟੀਬੀ ਦੇ ਮਰੀਜ਼ ਇਕੱਲੇ ਭਾਰਤ ਵਿਚ ਹਨ। ਭਾਰਤ ਤੋਂ ਬਾਅਦ ਚੀਨ, ਪਾਕਿਸਤਾਨ ਅਤੇ ਦੱਖਣੀ ਅਫ਼ਰੀਕਾ ਵਿਚ ਵੀ ਟੀਬੀ ਨੇ ਵੱਡੇ ਪੱਧਰ 'ਤੇ ਪੈਰ ਪਸਾਰੇ ਹੋਏ ਹਨ। ਪੈਨਸਲੀਨ ਦੇ ਆਉਣ ਤੋਂ ਪਹਿਲਾਂ ਸੰਨ 1940 ਤਕ ਇਸ ਬੀਮਾਰੀ ਨੂੰ ਮੌਤ ਦਾ ਵਾਰੰਟ ਹੀ ਸਮਝਿਆ ਜਾਂਦਾ ਸੀ।
ਭਾਵੇਂ ਕਿ ਐਂਟੀ-ਬਾਇਓਟਿਕ ਦਵਾਈਆਂ ਟੀਬੀ ਦੇ ਕੀਟਾਣੂਆਂ ਨੂੰ ਮਾਰਨ ਲਈ ਕਾਫ਼ੀ ਸਹਾਇਕ ਸਿੱਧ ਹੋਈਆਂ ਹਨ ਪਰ ਇਨ੍ਹਾਂ ਦਵਾਈਆਂ ਦਾ ਸੇਵਨ ਕਾਫ਼ੀ ਲੰਬਾ ਸਮਾਂ ਕਰਨਾ ਪੈਂਦਾ ਹੈ। ਹੁਣ ਜੇਕਰ ਇਸ ਨਵੀਂ ਤਕਨੀਕ ਨਾਲ ਟੀਬੀ ਦਾ ਇਲਾਜ ਹੋਰ ਬਿਹਤਰ ਹੁੰਦਾ ਹੈ ਤਾਂ ਇਹ ਟੀਬੀ ਦੇ ਮਰੀਜ਼ਾਂ ਲਈ ਵੱਡੀ ਰਾਹਤ ਵਾਲੀ ਗੱਲ ਹੋਵੇਗੀ।