ਹੁਣ ਅੰਤਰਰਾਸ਼ਟੀ ਪੁਲਾੜ ਕੇਂਦਰ ਵਿਚ ਜਾ ਸਕਣਗੇ ਯਾਤਰੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਨਾਸਾ ਹੁਣ ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਪੁਲਾੜ ਕੇਂਦਰ ਵਿਚ ਯਾਤਰਾ ਲਈ ਇਜਾਜ਼ਤ ਦੇਵੇਗਾ।

International Space Station

ਵਾਸ਼ਿੰਗਟਨ: ਨਾਸਾ ਹੁਣ ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਪੁਲਾੜ ਕੇਂਦਰ ਵਿਚ ਯਾਤਰਾ ਲਈ ਇਜਾਜ਼ਤ ਦੇਵੇਗਾ। ਇਸ ਦੇ ਨਾਲ ਹੀ ਪ੍ਰਿਥਵੀ ਦੀ ਹੇਠਲੇ ਖੇਤਰ ਵਿਚ ਸਥਿਤ ਆਈਐਸਐਸ ਦੇ ਦਰਵਾਜ਼ੇ ਵਪਾਰਕ ਹਿੱਤਾਂ ਲਈ ਵੀ ਖੋਲ ਦਿੱਤੇ ਗਏ ਹਨ। ਹੁਣ ਇਥੇ ਕੰਪਨੀਆਂ ਵਿਗਿਆਪਨ ਫਿਲਮ ਬਣਾਉਣ ਲਈ ਜਾ ਸਕਣਗੀਆਂ।ਹੁਣ ਤੱਕ ਨਾਸਾ ਨੇ ਪੁਲਾੜ ਵਿਚ ਸਥਿਤ ਇਸ ਪ੍ਰਯੋਗਸ਼ਾਲਾ ਨੂੰ ਵਿਗਿਆਨਕ ਹਿੱਤਾਂ ਦੇ ਅਧੀਨ ਹੋਰ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਤੋਂ ਦੂਰ ਰੱਖਿਆ ਸੀ।

ਜਦਕਿ ਰੂਸ ਨੇ ਅਪਣੀ ਪੁਲਾੜ ਪ੍ਰਯੋਗਸ਼ਾਲਾ ਨੂੰ ਵਪਾਰਕ ਗਤੀਵਿਧੀਆਂ ਲਈ ਖੁੱਲਾ ਰੱਖਿਆ ਹੈ। ਨਾਸਾ ਦੇ ਇਸ ਕਦਮ ਨੂੰ ਪੈਸਾ ਇਕੱਠਾ ਕਰਨ ਦੇ ਯਤਨ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਨਾਸਾ ਨੇ ਯੋਜਨਾ ਬਣਾਈ ਹੈ ਕਿ ਹਰ ਸਾਲ ਜ਼ਿਆਦਾ ਤੋਂ ਜ਼ਿਆਦਾ ਨਿੱਜੀ ਪੁਲਾੜ ਯਾਤਰੀ ਅੰਤਰਰਾਸ਼ਟਰੀ ਪੁਲਾੜ ਕੇਂਦਰ ਜਾ ਕੇ 30 ਦਿਨ ਤੱਕ ਰਹਿ ਸਕਣਗੇ।

ਨਾਸਾ ਦੇ ਮੁੱਖ ਵਿੱਤੀ ਅਧਿਕਾਰੀ ਜੇਫ ਡੇਵਿਟ ਦਾ ਅਨੁਮਾਨ ਹੈ ਕਿ ਪ੍ਰਤੀ ਯਾਤਰਾ ਦੀ ਲਾਗਤ ਲਗਭਗ 50 ਕਰੋੜ ਡਾਲਰ ਪ੍ਰਤੀ ਸੀਟ ਹੋਵੇਗੀ। ਨਾਸਾ ਨੇ ਇਹਨਾਂ ਯਾਤਰੀਆਂ ਦੇ ਇੰਤਜ਼ਾਮ ਦੀ ਜ਼ਿੰਮੇਵਾਰੀ ਸਪੇਸਐਕਸ ਅਤੇ ਬੋਇੰਗ ਕੰਪਨੀ ਨੂੰ ਦਿੱਤੀ ਹੈ। ਨਾਸਾ ਖੁਦ ਕੇਂਦਰ ਵਿਚ ਰਹਿਣ ਲਈ ਭੋਜਨ ਅਤੇ ਸੰਚਾਰ ਦੇ ਪੈਸੇ ਲਵੇਗਾ ਜੋ ਕਿ ਲਗਭਗ 35 ਹਜ਼ਾਰ ਡਾਲਰ ਪ੍ਰਤੀ ਰਾਤ ਹੋਵੇਗਾ।