ਬਨਵਾਸ (ਭਾਗ 6)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਉਸ ਦਿਨ ਤਾਂ ਹੱਦ ਹੋ ਗਈ। ਉਹ ਤਿੰਨ ਵਾਰੀ ਸਿਰਹਾਣੇ 'ਚ ਮੂੰਹ ਲਪੇਟੀ ਪਏ ਅਪਣੇ ਪੁੱਤਰ ਨੂੰ ਵੇਖ ਕੇ ਮੁੜ ਗਈ। ਮੈਨੂੰ ਉਸ ਦੇ ਫਫੇਕੁੱਟਣੇ ਵਿਹਾਰ ਉਤੇ ਖਿੱਝ ਚੜ੍ਹੀ ਜਾ...

Love

ਉਸ ਦਿਨ ਤਾਂ ਹੱਦ ਹੋ ਗਈ। ਉਹ ਤਿੰਨ ਵਾਰੀ ਸਿਰਹਾਣੇ 'ਚ ਮੂੰਹ ਲਪੇਟੀ ਪਏ ਅਪਣੇ ਪੁੱਤਰ ਨੂੰ ਵੇਖ ਕੇ ਮੁੜ ਗਈ। ਮੈਨੂੰ ਉਸ ਦੇ ਫਫੇਕੁੱਟਣੇ ਵਿਹਾਰ ਉਤੇ ਖਿੱਝ ਚੜ੍ਹੀ ਜਾ ਰਹੀ ਸੀ। ਪਛਤਾਵਾ ਵੀ ਵੱਧ ਰਿਹਾ ਸੀ ਕਿਉਂਕਿ ਇਸ ਮੁੰਡੇ ਦੇ ਗਲ ਲੱਗ ਕੇ ਜ਼ਿੱਲਤ ਸਹਿ ਰਹੀ ਹਾਂ। ਬੀਜੀ ਚੌਥੀ ਵਾਰ ਆਈ। ਉਹ ਉਸੇ ਹੀ ਸਾਹ-ਸਤਹੀਣ ਪਿਆ ਸੀ। ਬੀਜੀ ਉਸ ਦੇ ਬੈੱਡ ਕੋਲ ਬਹਿ ਗਈ। ਜਸਵੀਰ ਦਾ ਨਾਂ ਲੈ ਕੇ, ਮੱਥੇ ਉਤੇ ਹੱਥ ਧਰ ਕੇ ਉੱਚੀ ਉੱਚੀ ਵੈਣ ਪਾਉਣ ਲੱਗ ਪਈ। ਉਸ ਦੇ ਵੈਣਾਂ ਨਾਲ ਸਰਾਪੇ ਘਰ ਦੀਆਂ ਕੰਧਾਂ ਹਿੱਲਣ ਲੱਗ ਪਈਆਂ। ਮੈਂ ਕਾਕੂ ਨੂੰ ਗੋਦੀ ਚੁੱਕ ਲਿਆ।

ਕੰਮ ਨੂੰ ਹੱਥ ਪਾਉਣ ਨੂੰ ਜੀਅ ਨਾ ਕੀਤਾ। ਵੈਣ ਮੇਰੇ ਕਾਲਜੇ 'ਚ ਛੁਰੀਆਂ ਵਾਂਗ ਵੱਜ ਰਹੇ ਸਨ। ਜੀਅ ਕਰਦਾ ਸੀ ਇਸ ਡੈਣ ਬੁੜ੍ਹੀ ਨੂੰ ਗੁੱਤ ਤੋਂ ਫੜ ਕੇ ਪੁੱਛਾਂ, ''ਜਦੋਂ ਤੁਹਾਨੂੰ ਅਪਣੇ ਪੰਦਰਾਂ ਕਿੱਲਿਆਂ ਨਾਲ ਸਬਰ ਨਾ ਆਇਆ, ਉਨ੍ਹਾਂ ਉਜੜੇ ਉਖੜਿਆਂ ਦੇ ਦੋ ਕਿੱਲੇ ਦੱਬ ਕੇ ਧੌਲਰ ਉਸਾਰ ਲਏ? ਮੇਰੇ ਸਿਰ ਚੜ੍ਹ ਕੇ ਵੈਣ ਪਾਉਨੀ ਏਂ, ਮੇਰਾ ਰੱਬ ਜਾਣਦੈ, ਜਸਵੀਰ ਦੀ ਮੌਤ ਲਈ ਕੌਣ ਜ਼ਿੰਮੇਵਾਰ ਹੈ?'' ਕਾਕੂ ਬੀਜੀ ਨੂੰ ਵੇਖ ਕੇ ਰੋਣ ਲੱਗਾ।

ਅੱਕੀ ਨੇ ਮੈਂ ਕਾਕੂ ਨੂੰ ਦੋ ਧੌਲਾਂ ਧਰ ਦਿਤੀਆਂ, ''ਮਾੜੇ ਕਰਮਾਂ ਆਲਿਆ, ਮੇਰੀ ਤਾਂ ਕਿਸਮਤ ਫੁੱਟ ਗਈ ਸੀ, ਤੂੰ ਕਿਉਂ ਇਸ ਨਰਕ 'ਚ ਜਨਮ ਧਾਰ ਲਿਆ?'' ਮੁੰਡਾ ਹੁਬਕੀਆਂ ਲੈ ਕੇ ਰੋਣ ਲੱਗਾ। ਪਛਤਾਵੇ ਨਾਲ ਮੇਰਾ ਕਾਲਜਾ ਪਾਟਣ ਲੱਗਾ। ਇਸ ਵਿਚਾਰੇ ਦਾ ਕੀ ਕਸੂਰ ਹੈ? ਇਸ ਨੂੰ ਕਿਸ ਜੁਰਮ ਦੀ ਸਜ਼ਾ ਮਿਲ ਰਹੀ ਹੈ। ਮੈਂ ਉਸ ਦੀ ਕੰਡ ਪਲੋਸਣ ਲੱਗੀ। ਮੁੰਡਾ ਮੇਰੇ ਨਾਲ ਚਿਪਟ ਗਿਆ ਜਿਵੇਂ ਡਰਦਾ ਹੋਵੇ, ਪਿਉ ਵਾਂਗ ਮਾਂ ਵੀ ਬਾਂਹ ਛੱਡ ਕੇ ਨਾ ਤੁਰ ਜਾਵੇ।

ਵੈਣ ਸੁਣ ਕੇ ਬਲਕਾਰ ਜਾਗ ਪਿਆ। ਬੀਜੀ ਨੂੰ ਉਸ ਨੇ ਗੰਦੀਆਂ ਗਾਲਾਂ ਦੀ ਸੂੜ ਧਰ ਲਈ, ''ਥੋਡੀਆਂ ਕਰਤੂਤਾਂ ਨੇ ਆਹ ਦਿਨ ਵਿਖਾਏ ਨੇ। ਸੜੋ ਹੁਣ ਨਰਕਾਂ ਦੀ ਅੱਗ 'ਚ ਕੰਜਰੋ। ਦੋਵੇਂ ਤੜਪ ਤੜਪ ਕੇ ਮਰੋਗੇ।'' ਮੇਰੇ ਵਲ ਉਸ ਨੇ ਮੂੰਹ ਵੀ ਨਾ ਕੀਤਾ। ਮੋਟਰ ਸਾਈਕਲ ਚੁੱਕ ਕੇ ਬਿਨਾਂ ਚਾਹ ਪੀਤੇ ਤੁਰ ਗਿਆ। ਉਸ ਦੇ ਮਗਰ ਹੀ ਬੀਜੀ ਉੱਚੀ ਉੱਚੀ ਵੈਣ ਪਾਉਂਦੀ ਬੱਸ ਅੱਡੇ ਵਲ ਝੋਲਾ ਚੁੱਕ ਕੇ ਤੁਰ ਗਈ। ਆਥਣੇ ਬਲਕਾਰ ਮੁੜਿਆ ਤਾਂ ਮੈਂ ਸਾਫ਼ ਆਖ ਦਿਤਾ, ''ਬਲਕਾਰ, ਉਪਰ ਚੁਬਾਰੇ 'ਚ ਪਿਆ ਕਰ। ਮੈਂ ਤਾਂ ਪਹਿਲਾਂ ਈ ਬਥੇਰੀ ਦੁਖੀ ਹਾਂ। ਮੇਰੇ ਤੇ ਰਹਿਮ ਕਰ।'' (ਸੁਖਦੇਵ ਸਿੰਘ ਮਾਨ)  ਸੰਪਰਕ : 94170-59142