ਭਾਰਤੀ ਅਰਥ-ਵਿਵਸਥਾ ਲਈ ਆਈ ਬੁਰੀ ਖ਼ਬਰ, ਵਿਸ਼ਵ ਪੱਧਰੀ ਏਜੰਸੀਆਂ ਵਲੋਂ ਗਿਰਾਵਟ ਦਾ ਅੰਦਾਜ਼ਾ!

ਏਜੰਸੀ

ਸਰਕਾਰ ਦੀ ਕਾਰਗੁਜ਼ਾਰੀ 'ਤੇ ਵੀ ਉਠ ਲੱਗੇ ਸਵਾਲ

Indian economy

ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੇ ਪ੍ਰਕੋਪ ਕਾਰਨ ਭਾਰਤੀ ਅਰਥ-ਵਿਵਸਥਾ 'ਚ ਗਿਰਾਵਟ ਦਾ ਰੁਝਾਨ ਜਾਰੀ ਹੈ। ਪਹਿਲਾਂ ਨੋਟਬੰਦੀ ਅਤੇ ਫਿਰ ਜੀਐਸਟੀ ਵਰਗੇ ਫ਼ੈਸਲਿਆਂ 'ਚੋਂ ਉਭਰਨ ਲਈ ਭਾਰਤੀ ਅਰਥ ਵਿਵਸਥਾ ਅਜੇ  ਸੰਘਰਸ਼ ਹੀ ਕਰ ਰਹੀ ਸੀ ਕਿ ਕਰੋਨਾ ਮਹਾਮਾਰੀ ਨੇ ਆਣ ਦਸਤਕ ਦਿਤੀ। ਇਸ ਤੋਂ ਬਾਅਦ ਅਰਥ ਵਿਵਸਥਾ ਦੇ ਮੁੜ ਪੈਰ ਸਿਰ ਹੋਣ ਦੀਆਂ ਕੋਸ਼ਿਸ਼ਾਂ ਵੀ ਠੰਡੇ ਬਸਤੇ 'ਚ ਪੈਂਦੀਆਂ ਵਿਖਾਈ ਦੇ ਰਹੀਆਂ ਸਨ। ਹੁਣ ਕੁੱਝ ਵਿਸ਼ਵ ਵਿਆਪੀ ਰੇਟਿੰਗ ਏਜੰਸੀਆਂ ਨੇ ਵੀ ਚਾਲੂ ਵਿੱਤੀ ਵਰ੍ਹੇ ਦੌਰਾਨ ਭਾਰਤੀ ਅਰਥ-ਵਿਸਥਾ 'ਚ ਵੱਡੀ ਗਿਰਾਵਟ ਆਉਣ ਦਾ ਅੰਦਾਜ਼ਾ ਲਾਇਆ ਹੈ।

ਇਨ੍ਹਾਂ 'ਚ ਅਮਰੀਕਾ ਦੀ ਬ੍ਰੋਕਰੇਜ਼ ਕੰਪਨੀ ਗੋਲਡਮੈਨ ਸਾਕਸ ਵੀ ਸ਼ਾਮਲ ਹੈ। ਅਮਰੀਕੀ ਕੰਪਨੀ ਨੇ ਵਿੱਤੀ ਵਰ੍ਹੇ 2020-21 ਦੌਰਾਨ ਭਾਰਤ ਦੇ ਸਕਲ ਘਰੇਲੂ ਉਤਪਾਦ 'ਚ ਸਭ ਤੋਂ ਜ਼ਿਆਦਾ 14.8 ਪ੍ਰਤੀਸ਼ਤ ਗਿਰਾਵਟ ਆਉਣ ਦਾ ਅੰਦਾਜ਼ਾ ਲਾਇਆ ਹੈ। ਇਸੇ ਤਰ੍ਹਾਂ ਫਿਚ ਰੇਟਿੰਗਜ਼ ਨਾਮ ਦੇ ਏਜੰਸੀ ਨੇ 10.5 ਪ੍ਰਤੀਸ਼ਤ ਤੇ ਇੰਡੀਆ ਰੇਟਿੰਗ ਏਜੰਸੀ ਨੇ ਸਾਲ ਦੌਰਾਨ ਜੀਡੀਪੀ 11.8 ਪ੍ਰਤੀਸ਼ਤ ਘਟਣ ਦਾ ਅਨੁਮਾਨ ਲਾਇਆ ਹੈ। ਫਿਚ ਰੇਟਿੰਗਜ਼ ਨੇ ਸਾਲ 2020 'ਚ ਵਿਸ਼ਵ ਅਰਥਵਿਵਸਥਾ 'ਚ 4.4 ਪ੍ਰਤੀਸ਼ਤ ਗਿਰਾਵਟ ਦਾ ਅੰਦਾਜ਼ਾ ਲਾਇਆ ਹੈ। ਇਸ ਏਜੰਸੀ ਦੇ ਮੁਤਾਬਕ ਚੀਨ ਦੀ ਜੀਡੀਪੀ ਇਸ ਸਾਲ ਵਧੇਗੀ ਤੇ ਉਸ ਦੀ ਆਰਥਿਕ ਵਾਧਾ ਦਰ 2.7 ਤਕ ਰਹਿ ਸਕਦੀ ਹੈ।

ਗੋਲਡਮੈਨ ਸਾਕਸ ਮੁਤਾਬਕ ਜੀਡੀਪੀ 'ਚ 14.8 ਪ੍ਰਤੀਸ਼ਤ ਦੀ ਵੱਡੀ ਗਿਰਾਵਟ ਆਵੇਗੀ। ਇਸ ਕੰਪਨੀ ਨੇ ਭਾਰਤ ਦੀ ਆਰਥਿਕ ਵਾਧੇ ਦੇ ਬਾਰੇ ਅਪਣੇ ਪਹਿਲੇ ਅੰਦਾਜ਼ੇ 'ਚ ਵੱਡੀ ਕਟੌਤੀ ਕਰਦਿਆਂ ਕਿਹਾ ਕਿ 2020-21 'ਚ ਭਾਰਤ ਦੀ ਜੀਡੀਪੀ 'ਚ 14.8 ਪ੍ਰਤੀਸ਼ਤ ਦੀ ਵੱਡੀ ਗਿਰਾਵਟ ਆਵੇਗੀ। ਉਸ ਨੇ ਇਸ ਤੋਂ ਪਹਿਲਾਂ 11.8 ਪ੍ਰਤੀਸ਼ਤ ਗਿਰਾਵਟ ਆਉਣ ਦਾ ਅੰਦਾਜ਼ਾ ਲਾਇਆ ਸੀ। ਬ੍ਰੋਕਰੇਜ਼ ਕੰਪਨੀ ਦਾ ਤਾਜ਼ਾ ਅੰਦਾਜ਼ਾ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੇ ਸਕਲ ਘਰੇਲੂ ਉਤਪਾਦ ਦੇ ਅੰਕੜੇ ਜਾਰੀ ਹੋਣ ਦੇ ਕੁਝ ਹੀ ਦਿਨ ਬਾਅਦ ਸਾਹਮਣੇ ਆਇਆ ਹੈ।

ਜੀਡੀਪੀ ਦੇ ਅਗਸਤ ਅੰਤ 'ਚ ਜਾਰੀ ਸਰਕਾਰੀ ਅੰਕੜਿਆਂ ਮੁਤਾਬਕ ਅਪ੍ਰੈਲ ਤੋਂ ਜੂਨ 2020 ਤਿਮਾਹੀ 'ਚ ਭਾਰਤ ਦਾ ਸਕਲ ਘਰੇਲੂ ਉਤਪਾਦ 23.9 ਪ੍ਰਤੀਸ਼ਤ ਘਟਿਆ। ਇਸ ਦੌਰਾਨ ਲੌਕਡਾਊਨ ਦੇ ਕਾਰਨ ਖੇਤੀ ਖੇਤਰ ਨੂੰ ਛੱਡ ਕੇ ਜ਼ਿਆਦਾਤਰ ਗਤੀਵਿਧੀਆਂ ਹੇਠਾਂ ਆ ਗਈਆਂ। ਫਿਚ ਮੁਤਾਬਕ ਅਰਥਵਿਵਸਥਾ 'ਚ 10.5 ਪ੍ਰਤੀਸ਼ਤ ਦੀ ਗਿਰਾਵਟ ਆ ਸਕਦੀ ਹੈ। ਏਜੰਸੀ ਦਾ ਕਹਿਣਾ ਹੈ ਕਿ ਅਗਲੇ ਸਾਲ ਵਿੱਤੀ ਵਰ੍ਹੇ 'ਚ ਵਾਧੇ ਦੀ ਰਾਹ 'ਤੇ ਪਰਤਣ ਤੋਂ ਪਹਿਲਾਂ ਭਾਰਤੀ ਅਰਥਵਿਵਸਥਾ 'ਚ ਇਸ ਵਿੱਤੀ ਵਰ੍ਹੇ 'ਚ 10.5 ਪ੍ਰਤੀਸ਼ਤ ਦੀ ਵੱਡੀ ਗਿਰਾਵਟ ਆ ਸਕਦੀ ਹੈ।

ਕਾਬਲੇਗੌਰ ਹੈ ਕਿ ਭਾਰਤੀ ਅਰਥ ਵਿਵਸਥਾ ਦੀ ਵਿਗੜ ਰਹੀ ਸਿਹਤ ਨੂੰ ਲੈ ਕੇ ਵਿਰੋਧੀ ਧਿਰਾਂ ਵਲੋਂ ਸਰਕਾਰ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਇਸ ਨੂੰ ਸਰਕਾਰ ਦੀ ਨਕਾਮੀ ਦੱਸ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਇਲਾਵਾ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਵੀ ਸਰਕਾਰ ਨੂੰ ਕੁੱਝ ਸੁਝਾਅ ਦਿਤੇ ਸਨ।