ਲਗਾਤਾਰ 11ਵੇਂ ਦਿਨ ਹੋਈ ਪਟਰੌਲ - ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਐਤਵਾਰ ਨੂੰ ਲਗਾਤਾਰ 11ਵੇਂ ਦਿਨ ਗਿਰਾਵਟ ਦਾ ਸਿਲਸਿਲਾ ਜਾਰੀ ਰਿਹਾ। ਪਿਛਲੇ ਦਿਨੀਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੇ ...

Petrol Diesel

ਨਵੀਂ ਦਿੱਲੀ (ਭਾਸ਼ਾ) : ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਐਤਵਾਰ ਨੂੰ ਲਗਾਤਾਰ 11ਵੇਂ ਦਿਨ ਗਿਰਾਵਟ ਦਾ ਸਿਲਸਿਲਾ ਜਾਰੀ ਰਿਹਾ। ਪਿਛਲੇ ਦਿਨੀਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੇ ਮੁੱਲ ਵਿਚ ਆਈ ਗਿਰਾਵਟ ਤੋਂ ਬਾਅਦ ਪਟਰੌਲ ਅਤੇ ਡੀਜ਼ਲ ਦੇ ਮੁੱਲ ਵਿਚ ਖਪਤਕਾਰਾਂ ਨੂੰ ਥੋੜ੍ਹੀ ਹੋਰ ਰਾਹਤ ਮਿਲ ਸਕਦੀ ਹੈ। ਆਇਲ ਮਾਰਕਟਿੰਗ ਕੰਪਨੀਆਂ ਨੇ ਦਿੱਲੀ ਅਤੇ ਕੋਲਕਾਤਾ ਵਿਚ ਪਟਰੌਲ ਦੇ ਭਾਅ ਵਿਚ 30 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ, ਜਦੋਂ ਕਿ ਮੁੰਬਈ ਵਿਚ ਪਟਰੌਲ ਦੇ ਮੁੱਲ ਵਿਚ 29 ਪੈਸੇ ਅਤੇ ਚੇਨਈ ਵਿਚ 32 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ।

 

ਦਿੱਲੀ ਅਤੇ ਕੋਲਕਾਤਾ ਵਿਚ ਡੀਜ਼ਲ ਦੇ ਮੁੱਲ ਵਿਚ 33 ਪੈਸੇ, ਜਦੋਂ ਕਿ ਮੁੰਬਈ ਅਤੇ ਚੇਨਈ ਵਿਚ 35 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ। ਇੰਡੀਅਨ ਆਇਲ ਦੀ ਵੈਬਸਾਈਟ ਦੇ ਅਨੁਸਾਰ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਐਤਵਾਰ ਨੂੰ ਪਟਰੌਲ ਦੇ ਭਾਅ ਕ੍ਰਮਵਾਰ : 72.23 ਰੁਪਏ, 74.25 ਰੁਪਏ, 77.80 ਰੁਪਏ ਅਤੇ 74.94 ਰੁਪਏ ਪ੍ਰਤੀ ਲੀਟਰ ਦਰਜ ਕੀਤੇ ਗਏ। ਚਾਰਾਂ ਮਹਾਨਗਰਾਂ ਵਿਚ ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ : 67.02 ਰੁਪਏ, 68.75 ਰੁਪਏ, 70.15 ਰੁਪਏ ਅਤੇ 70.77 ਰੁਪਏ ਪ੍ਰਤੀ ਲੀਟਰ ਦਰਜ ਕੀਤੀਆਂ ਗਈਆਂ।

ਏਂਜਲ ਬ੍ਰੋਕਿੰਗ ਹਾਊਸ ਦੇ ਡਿਪਟੀ ਵਾਈਸ ਪ੍ਰੈਸੀਡੈਂਟ ਅਨੁਜ ਗੁਪਤਾ (ਰਿਸਰਚ ਕਮੋਡਿਟੀ ਅਤੇ ਕਰੰਸੀ) ਦੀ ਮੰਨੀਏ ਤਾਂ ਪਟਰੌਲ ਅਤੇ ਡੀਜ਼ਲ ਦੇ ਮੁੱਲ ਵਿਚ ਦੋ ਤੋਂ ਤਿੰਨ ਰੁਪਏ ਦੀ ਕਮੀ ਹੋ ਸਕਦੀ ਹੈ ਕਿਉਂਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੇ ਮੁੱਲ ਵਿਚ ਤਿੰਨ ਅਕਤੂਬਰ ਤੋਂ ਬਾਅਦ ਕਰੀਬ 27 ਡਾਲਰ ਪ੍ਰਤੀ ਬੈਰਲ ਦੀ ਕਮੀ ਆਈ ਹੈ।

ਇੰਡੀਅਨ ਆਇਲ ਦਾ ਕਹਿਣਾ ਹੈ ਕਿ ਪਟਰੌਲ ਅਤੇ ਡੀਜ਼ਲ ਦਾ ਮੁੱਲ ਤੈਅ ਕਰਦੇ ਸਮੇਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਪਿਛਲੇ 15 ਦਿਨ ਦੇ ਔਸਤ ਮੁੱਲ ਅਤੇ ਨਾਲ ਹੀ ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਵੀ ਦਰ ਨੂੰ ਗਿਣਤੀ ਵਿਚ ਲਿਆ ਜਾਂਦਾ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਜਾਰੀ ਹੈ ਜਿਸ ਦਾ ਅਸਰ ਇੱਥੇ ਭਾਰਤ ਵਿਚ ਦੇਖਣ ਨੂੰ ਮਿਲ ਰਿਹਾ ਹੈ। ਰਿਪੋਰਟ ਦੇ ਮੁਤਾਬਕ ਨਵੰਬਰ ਮਹੀਨਾ ਕਰੂਡ ਆਇਲ ਲਈ ਪਿਛਲੇ 10 ਸਾਲ ਦਾ ਸਭ ਤੋਂ ਖ਼ਰਾਬ ਸਾਲ ਰਿਹਾ। ਸ਼ੁੱਕਰਵਾਰ ਨੂੰ ਵਾਅਦਾ ਬਰੈਂਟ ਕਰੂਡ 60 ਡਾਲਰ ਪ੍ਰਤੀ ਬੈਰਲ ਤੋਂ ਵੀ ਹੇਠਾਂ ਆ ਗਿਆ।