ਪਟਰੌਲ - ਡੀਜ਼ਲ ਦੇ ਭਾਅ 'ਚ ਲਗਾਤਾਰ ਕਟੌਤੀ ਜਾਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਨੌਵੇਂ ਦਿਨ ਕਟੌਤੀ ਦੇਖਣ ਨੂੰ ਮਿਲੀ ਹੈ। ਸ਼ੁੱਕਰਵਾਰ ਨੂੰ ਬਾਲਣ ਦੀਆਂ ਕੀਮਤਾਂ ਵਿਚ ਹੋਈ ਕਟੌਤੀ ਤੋਂ ਬਾਅਦ ਇਹ ਦਿੱਲੀ ...

Petrol Diesel

ਨਵੀਂ ਦਿੱਲੀ (ਭਾਸ਼ਾ) :- ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਨੌਵੇਂ ਦਿਨ ਕਟੌਤੀ ਦੇਖਣ ਨੂੰ ਮਿਲੀ ਹੈ। ਸ਼ੁੱਕਰਵਾਰ ਨੂੰ ਬਾਲਣ ਦੀਆਂ ਕੀਮਤਾਂ ਵਿਚ ਹੋਈ ਕਟੌਤੀ ਤੋਂ ਬਾਅਦ ਇਹ ਦਿੱਲੀ ਵਿਚ ਜੁਲਾਈ 2018 ਤੋਂ ਬਾਅਦ ਦਾ ਨੀਵਾਂ ਪੱਧਰ ਹੈ। ਅੱਜ ਦੀ ਕਟੌਤੀ ਤੋਂ ਬਾਅਦ ਸਾਰੇ ਪ੍ਰਮੁੱਖ ਮਹਾਨਗਰਾਂ ਵਿਚ ਪਟਰੌਲ 37 ਤੋਂ 40 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 40 ਤੋਂ 45 ਪੈਸੇ ਪ੍ਰਤੀ ਲੀਟਰ ਤੱਕ ਸਸਤਾ ਹੋਇਆ ਹੈ।

ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਨਾਨ ਬਰੈਂਡੇਡ ਪਟਰੌਲ ਦੀ ਕੀਮਤ 72.87 ਰੁਪਏ ਹੋ ਗਈ ਹੈ, ਜਦੋਂ ਕਿ ਵੀਰਵਾਰ ਨੂੰ ਇਸ ਦੇ ਮੁੱਲ 73.24 ਰੁਪਏ ਪ੍ਰਤੀ ਲੀਟਰ ਸਨ, ਉਥੇ ਹੀ ਦਿੱਲੀ ਵਿਚ ਅੱਜ ਡੀਜ਼ਲ ਦੀ ਕੀਮਤ 40 ਪੈਸੇ ਘੱਟ ਹੋ ਕੇ 67.72 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਹ ਡੇਟਾ ਇੰਡੀਅਨ ਆਇਲ ਦੀ ਵੈਬਸਾਈਟ ਦੇ ਜਰੀਏ ਸਾਹਮਣੇ ਆਇਆ ਹੈ। ਉਥੇ ਹੀ ਦੇਸ਼ ਦੀ ਆਰਥਕ ਰਾਜਧਾਨੀ ਮੁੰਬਈ ਵਿਚ ਪਟਰੌਲ 78.43 ਰੁਪਏ ਪ੍ਰਤੀ ਲੀਟਰ ਦੇ ਭਾਅ ਨਾਲ ਵਿਕ ਰਿਹਾ ਹੈ, ਜਦੋਂ ਕਿ ਇੱਥੇ ਡੀਜ਼ਲ ਦੀ ਕੀਮਤ 70.89 ਰੁਪਏ ਹੈ।

ਇਹ ਮਈ 2018 ਤੋਂ ਬਾਅਦ ਦਾ ਨੀਵਾਂ ਪੱਧਰ ਹੈ। ਮੁੰਬਈ ਵਿਚ ਪਟਰੌਲ ਦੀ ਕੀਮਤ 37 ਪੈਸੇ ਅਤੇ ਡੀਜ਼ਲ ਦੀ ਕੀਮਤ 44 ਪੈਸੇ ਘੱਟ ਹੋਈ ਹੈ। ਠੀਕ ਇਸੇ ਤਰ੍ਹਾਂ ਦੋ ਹੋਰ ਪ੍ਰਮੁੱਖ ਮਹਾਨਗਰਾਂ ਦੀ ਜੇਕਰ ਗੱਲ ਕਰੀਏ ਤਾਂ ਚੇਨਈ ਵਿਚ ਪਟਰੌਲ ਦੀ ਕੀਮਤ 75.62 ਰੁਪਏ ਅਤੇ ਕੋਲਕਾਤਾ ਵਿਚ 74.88 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਉਥੇ ਹੀ ਚੇਨਈ ਵਿਚ ਡੀਜ਼ਲ 71.52 ਰੁਪਏ ਅਤੇ ਕੋਲਕਾਤਾ ਵਿਚ 69.57 ਰੁਪਏ ਪ੍ਰਤੀ ਲੀਟਰ ਦੇ ਭਾਅ ਤੋਂ ਵਿਕ ਰਿਹਾ ਹੈ। ਇਸ ਤੋਂ ਇਲਾਵਾ ਨੋਏਡਾ ਵਿਚ ਪਟਰੌਲ 72.18 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 66.59 ਰੁਪਏ ਪ੍ਰਤੀ ਲੀਟਰ ਦੇ ਭਾਅ ਨਾਲ ਵਿਕ ਰਿਹਾ ਹੈ।