ਸੀ.ਈ.ਓ. ਦੇ ਅਹੁਦੇ ਤੋਂ ਮੁਅੱਤਲੀ ਵਿਰੁਧ ਹਾਈ ਕੋਰਟ ਪੁੱਜੀ ਚੰਦਾ ਕੋਚਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀ. ਈ. ਓ. ਚੰਦਾ ਕੋਚਰ ਨੇ ਆਪਣੇ ਵਿਰੁਧ ਬੈਂਕ ਤੋਂ ਜਾਰੀ ਬਰਖਾਸਤੀ ਲੇਟਰ ਨੂੰ ਬੰਬਈ ਹਾਈਕੋਰਟ 'ਚ ਚੁਣੌਤੀ ਦਿਤੀ ਹੈ।

Chanda Kochhar

ਨਵੀਂ ਦਿੱਲੀ : ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀ. ਈ. ਓ. ਚੰਦਾ ਕੋਚਰ ਨੇ ਆਪਣੇ ਵਿਰੁਧ ਬੈਂਕ ਤੋਂ ਜਾਰੀ ਬਰਖਾਸਤੀ ਲੇਟਰ ਨੂੰ ਬੰਬਈ ਹਾਈਕੋਰਟ 'ਚ ਚੁਣੌਤੀ ਦਿਤੀ ਹੈ। ਉਨ੍ਹਾਂ ਨੇ ਹਾਈਕੋਰਟ 'ਚ ਉਸ ਲੇਟਰ ਨੂੰ ਵੈਲਿਡ ਐਲਾਨੇ ਜਾਣ ਦੀ ਮੰਗ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਅਕਤੂਬਰ 2018 'ਚ ਜਲਦ ਸੇਵਾਮੁਕਤੀ ਲੈਣ ਦੀ ਅਪੀਲ ਕੀਤੀ ਸੀ ਤੇ ਬੈਂਕ ਨੇ ਇਹ ਸਵੀਕਾਰ ਵੀ ਕਰ ਲਿਆ ਸੀ।

ਜ਼ਿਕਰਯੋਗ ਹੈ ਕਿ ਬੈਂਕ ਦੀ ਕਰਜ਼ਦਾਰ ਕੰਪਨੀ ਵੀਡੀਓਕਾਨ ਇੰਡਸਟਰੀਜ਼ ਵਲੋਂ ਕੋਚਰ ਦੇ ਪਤੀ ਦੀ ਕੰਪਨੀ 'ਚ ਨਿਵੇਸ਼ ਨੂੰ ਲੈ ਕੇ ਗੜਬੜੀ ਦੇ ਦੋਸ਼ਾਂ ਤੋਂ ਬਾਅਦ ਚੰਦਾ ਕੋਚਰ ਨੇ ਪਿਛਲੇ ਸਾਲ ਅਕਤੂਬਰ 'ਚ ਅਸਤੀਫਾ ਦੇ ਦਿਤਾ ਸੀ। ਬੈਂਕ ਨੇ ਜਲਦ ਸੇਵਾਮੁਕਤ ਹੋਣ ਦੀ ਉਨ੍ਹਾਂ ਦੀ ਅਰਜ਼ੀ ਨੂੰ ਸਵੀਕਾਰ ਕਰ ਲਿਆ ਸੀ ਤੇ ਸੰਦੀਪ ਬਖਸ਼ੀ ਨੂੰ ਐੱਮ. ਡੀ. ਤੇ ਸੀ. ਈ. ਓ. ਨਿਯੁਕਤ ਕੀਤਾ ਸੀ।

ਇਸ ਸਾਲ ਫਰਵਰੀ 'ਚ ਚੰਦਾ ਕੋਚਰ ਨੂੰ ਆਈਸੀਆਈਸੀਆਈ ਬੈਂਕ ਤੋਂ ਇਕ ਪੱਤਰ ਮਿਲਿਆ ਜਿਸ 'ਚ ਕਿਹਾ ਗਿਆ ਕਿ ਉਨ੍ਹਾਂ ਨੂੰ ਉਨ੍ਹਾਂ ਵਿਰੁਧ ਚੱਲ ਰਹੀ ਜਾਂਚ ਦੇ ਮੱਦੇਨਜ਼ਰ ਉਨ੍ਹਾਂ ਨੂੰ ਬਰਖਾਸਤ ਕਰਨ ਦੇ ਨਾਲ ਬੈਂਕ ਨੇ ਉਨ੍ਹਾਂ ਨੂੰ 2008 ਤੋਂ ਮਿਲਣ ਵਾਲੇ ਸਾਰੇ ਲਾਭਾਂ ਨੂੰ ਵੀ ਰੱਦ ਕਰ ਦਿਤਾ ਹੈ। ਇਸ 'ਤੇ ਚੰਦਾ ਕੋਚਰ ਦਾ ਤਰਕ ਹੈ ਕਿ ਇਕ ਵਾਰ ਜਦੋਂ ਬੈਂਕ ਸੇਵਾਮੁਕਤੀ ਨੂੰ ਸਵੀਕਾਰ ਲੈਂਦਾ ਹੈ, ਤਾਂ ਉਸ ਨੂੰ ਬਰਖਾਸਤ ਨਹੀਂ ਕੀਤਾ ਜਾ ਸਕਦਾ ਤੇ ਮਿਲਣ ਵਾਲੇ ਫਾਇਦੇ ਨਹੀਂ ਰੋਕੇ ਜਾ ਸਕਦੇ।

ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਬੈਂਕ ਵਲੋਂ ਬਰਖਾਸਤ ਕੀਤਾ ਗਿਆ ਉਦੋਂ ਉਹ ਬੈਂਕ ਦੀ ਕਰਮਚਾਰੀ ਹੀ ਨਹੀਂ ਸੀ। ਉੱਥੇ ਹੀ, ਜਸਟਿਸ ਰਣਜੀਤ ਮੋਰੇ ਅਤੇ ਐੱਮ. ਐੱਸ. ਕਾਰਨਿਕ ਦੀ ਬੈਂਚ ਨੇ ਇਸ ਮਾਮਲੇ 'ਚ ਸੁਣਵਾਈ ਦੀ ਤਰੀਕ 2 ਦਸੰਬਰ ਨਿਰਧਾਰਤ ਕੀਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।