ਪਿਓ ਬਣਨ 'ਤੇ 26 ਹਫ਼ਤੇ ਦੀ ਛੁੱਟੀ ਦੇਵੇਗੀ Zomato

ਏਜੰਸੀ

ਖ਼ਬਰਾਂ, ਵਪਾਰ

70 ਹਜ਼ਾਰ ਰੁਪਏ ਦੀ ਵਿੱਤੀ ਮਦਦ ਵੀ ਦੇਵੇਗੀ ਕੰਪਨੀ

All Zomato employees to get 26 weeks parental leave

ਨਵੀਂ ਦਿੱਲੀ : ਆਨਲਾਈਨ ਖਾਣਾ ਉਪਲੱਬਧ ਕਰਵਾਉਣ ਵਾਲੀ ਕੰਪਨੀ ਜੋਮੈਟੋ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਔਰਤਾਂ ਨੂੰ ਜਣੇਪਾ ਛੁੱਟੀ ਦੇ ਨਾਲ-ਨਾਲ ਆਪਣੇ ਮਰਦ ਮੁਲਾਜ਼ਮਾਂ ਨੂੰ ਵੀ ਪਿਓ ਬਣਨ 'ਤੇ 26 ਹਫ਼ਤੇ ਦੀ ਛੁੱਟੀ ਦਿੱਤੀ ਜਾਵੇਗੀ। ਇੰਨਾ ਹੀ ਨਹੀਂ, ਕੰਪਨੀ ਨਵੇਂ ਮਾਪਿਆਂ ਨੂੰ ਵਿੱਤੀ ਮਦਦ ਵੀ ਦੇਵੇਗੀ, ਜਿਸ ਨਾਲ ਉਹ ਆਪਣੇ ਬੱਚਿਆਂ ਦੀ ਸਾਂਭ-ਸੰਭਾਲ ਕਰ ਸਕਣ।

ਕੰਪਨੀ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਦੀਪੇਂਦਰ ਗੋਇਲ ਨੇ ਦੱਸਿਆ ਕਿ ਪਰਵਾਰ ਦੀ ਦੇਖਭਾਲ ਲਈ ਕੰਪਨੀ ਨਵੇਂ ਮਾਪਿਆਂ ਨੂੰ ਹਰ ਬੱਚੇ ਲਈ 1000 ਡਾਲਰ (ਲਗਭਗ 69,262 ਰੁਪਏ) ਦੀ ਵਿੱਤੀ ਮਦਦ ਦੇਵੇਗੀ। ਗੋਇਲ ਨੇ ਦੱਸਿਆ ਕਿ ਨਵੇਂ ਬੱਚੇ ਦਾ ਇਸ ਦੁਨੀਆਂ 'ਚ ਸਵਾਗਤ ਕਰਨ ਲਈ ਮਹਿਲਾ ਅਤੇ ਮਰਦ ਮੁਲਾਜ਼ਮਾਂ ਲਈ ਛੁੱਟੀਆਂ ਦੀ ਵੱਖ-ਵੱਖ ਵਿਵਸਥਾ ਬਹੁਤ ਅਸੰਤੁਲਿਤ ਹੈ। 13 ਦੇਸ਼ਾਂ 'ਚ ਕੰਮ ਕਰਨ ਵਾਲੀ ਜੋਮੈਟੋ ਪਹਿਲਾਂ ਹੀ ਆਪਣੇ ਮਹਿਲਾ ਮੁਲਾਜ਼ਮਾਂ ਨੂੰ 26 ਹਫ਼ਤੇ ਦੀ ਪੇਡ ਮੈਟਰਨਿਟੀ ਲੀਵ ਦੇ ਰਹੀ ਹੈ। 

ਗੋਇਲ ਨੇ ਕਿਹਾ ਕਿ ਕੰਪਨੀ ਵੱਲੋਂ ਆਪਣੇ ਮਰਦ ਮੁਲਾਜ਼ਮਾਂ ਨੂੰ ਵੀ ਇਹ ਸੁਵਿਧਾ ਦਿੱਤੀ ਜਾਵੇਗੀ। ਇਹ ਯੋਜਨਾ ਨਵੇਂ ਬੱਚੇ ਨੂੰ ਜਨਮ ਦੇਣ ਵਾਲੇ ਮਾਪਿਆਂ ਤੋਂ ਇਲਾਵਾ ਸਰੋਗੇਸੀ, ਗੋਦ ਲੈਣ ਜਾਂ ਬਰਾਬਰ ਲਿੰਗ ਦੇ ਜੀਵਨ ਸਾਥੀਆਂ ਵਾਲੇ ਮਾਪਿਆਂ 'ਤੇ ਵੀ ਲਾਗੂ ਹੋਵੇਗੀ।