ਪੈਨ ਨਾ ਹੋਣ ‘ਤੇ ਅਧਾਰ ਦੇ ਜ਼ਰੀਏ ਭਰੀ ਜਾ ਸਕੇਗੀ ਆਮਦਨ ਕਰ ਰਿਟਰਨ

ਏਜੰਸੀ

ਖ਼ਬਰਾਂ, ਵਪਾਰ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਪੈਨ ਕਾਰਡ ਨਹੀਂ ਹਨ, ਉਹ ਆਮਦਨ ਕਰ ਰਿਟਰਨ ਭਰਨ ਲਈ ਅਧਾਰ ਦੀ ਵਰਤੋਂ ਕਰ ਸਕਦੇ ਹਨ।

Tax returns

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਵਿਚ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਪੈਨ ਕਾਰਡ ਨਹੀਂ ਹਨ, ਉਹ ਆਮਦਨ ਕਰ ਰਿਟਰਨ ਭਰਨ ਲਈ ਅਧਾਰ ਦੀ ਵਰਤੋਂ ਕਰ ਸਕਦੇ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਆਮ ਕਰਜ਼ਦਾਤਾਵਾਂ ਨੂੰ ਕਰ-ਰਿਟਰਨ ਦਾਖ਼ਲ ਕਰਨ ਦੀ ਸਹੂਲਤ ਲਈ ਉਹਨਾਂ ਨੂੰ ਪਹਿਲਾਂ ਤੋਂ ਭਰੇ ਹੋਏ ਰਿਟਰਨ ਫਾਰਮ ਮੁਹੱਈਆ ਕਰਾਉਣ ਦੀ ਸਹੂਲਤ ਦਿੱਤੀ ਜਾਵੇਗੀ। ਇਹ ਫਾਰਮ ਈਪੀਐਫਓ ਸਮੇਤ ਵੱਖ ਵੱਖ ਸੰਸਥਾਵਾਂ ਅਤੇ ਅਦਾਰਿਆਂ ਤੋਂ ਪ੍ਰਾਪਤ ਕੀਤੇ  ਜਾ ਸਕਦੇ ਹਨ।

ਉੱਥੇ ਹੀ ਭਾਰਤੀ ਪਾਸਪੋਰਟ ਧਾਰਕ ਐਨਆਰਆਈਜ਼ ਨੂੰ ਹੁਣ ਬਿਨਾਂ ਇੰਤਜ਼ਾਰ ਕੀਤੇ ਅਧਾਰ ਕਾਰਡ ਮਿਲ ਜਾਵੇਗਾ। ਹੁਣ ਤੱਕ ਐਨਆਰਆਈਜ਼ ਨੂੰ ਇਸ ਦੇ ਲਈ 180 ਦਿਨਾਂ ਦਾ ਇੰਤਜ਼ਾਰ ਕਰਨਾ ਪੈਂਦਾ ਸੀ। ਉੱਥੇ ਹੀ ਸਸਤੇ ਮਕਾਨ ਲਈ ਬੈਂਕ ਕਰਜ਼ੇ ਦੇ 3.5 ਲੱਖ ਰੁਪਏ ਤੱਕ ਦੇ ਵਿਆਜ ‘ਤੇ ਟੈਕਸ ਦੀ ਛੋਟ ਦੀ ਤਜਵੀਜ਼ ਕੀਤੀ ਗਈ। ਇਸ ਵਿਚ 15 ਸਾਲ ਦੀ ਮਿਆਦ ਦੇ ਆਵਾਸ ਕਰਜ਼ੇ ‘ਤੇ ਲਾਭਪਾਤਰੀ ਨੂੰ ਸੱਤ ਲ਼ੱਖ ਰੁਪਏ ਤੱਕ ਦਾ ਫਾਇਦਾ ਹੋਵੇਗਾ। ਇਲੈਕਟ੍ਰਿਕ ਵਾਹਨਾਂ ਦੀ ਖਰੀਦਦਾਰੀ ‘ਤੇ ਵੀ ਕਰਜ਼ੇ ‘ਤੇ ਵਿਆਜ ਵਿਚ ਟੈਕਸ ਛੋਟ ਦੇਣ ਦੀ ਪੇਸ਼ਕਸ਼ ਕੀਤੀ ਗਈ।

ਦੱਸ ਦਈਏ ਕਿ ਗਰੀਬ, ਕਿਸਾਨ ਅਤੇ ਹਰੇਕ ਨਾਗਰਿਕ ਦੇ ਜੀਵਨ ਨੂੰ ਸਾਦਾ ਅਤੇ ਅਸਾਨ ਬਣਾਉਣ ਦੇ ਟੀਚੇ ਨਾਲ ਪੇਸ਼ ਕੀਤੇ ਗਏ ਨਰਿੰਦਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ ਆਮ ਬਜਟ ਵਿਚ ਅਰਥ ਵਿਵਸਥਾ ਨੂੰ ਗਤੀ ਦੇਣ ਲਈ ਮੀਡੀਆ, ਹਵਾਈ ਆਵਾਜਾਈ ਅਤੇ ਬੀਮਾ ਆਦਿ ਦੇ ਖੇਤਰ ਵਿਚ ਐਫਡੀਆਈ ਦੇ ਨਿਯਮਾਂ ਨੂੰ ਅਸਾਨ ਕਰਨ ਦੀ ਤਜਵੀਜ਼ ਕੀਤੀ ਗਈ। ਬਜਟ ਵਿਚ ਬੁਨਿਆਦੀ ਆਰਥਕ ਅਤੇ ਸਮਾਜਕ ਢਾਂਚੇ ਦੇ ਵਿਸਥਾਰ, ਪੈਨਸ਼ਨ ਅਤੇ ਬੀਮਾ ਯੋਜਨਾਵਾਂ ਨੂੰ ਆਮ ਲੋਕਾਂ ਦੇ ਪਹੁੰਚ ਦੇ ਘੇਰੇ ਵਿਚ ਲੈ ਕੇ ਜਾਣ ਲਈ ਵੀ ਤਜਵੀਜ਼ ਕੀਤੀ ਗਈ।