ਟਰੰਪ ਨੇ ਚੀਨ ਦੇ 200 ਅਰਬ ਡਾਲਰ ਦੇ ਸਾਮਾਨ 'ਤੇ ਟੈਕਸ ਦਰ ਵਧਾ ਕੇ 25 ਫ਼ੀ ਸਦੀ ਕਰਨ ਦੀ ਦਿਤੀ ਧਮਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਅਮਰੀਕਾ ਦਾ ਦੋਸ਼ - ਚੀਨ ਦੂਜਿਆਂ ਦਾ ਬਾਜ਼ਾਰ ਖ਼ਰਾਬ ਕਰਨ ਵਰਗੇ ਤਰੀਕੇ ਇਸਤੇਮਾਲ ਕਰ ਰਿਹੈ

Donald Trump

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਨੇ ਐਤਵਾਰ ਨੂੰ ਚੀਨ 'ਤੇ ਦਬਾਅ ਵਧਾਉਣ ਲਈ 200 ਅਰਬ  ਡਾਲਰ ਦੇ ਚੀਨੀ ਸਾਮਾਨ ਦੇ ਆਯਾਤ 'ਤੇ ਟੈਕਸ ਦਰ ਵਧਾਉਣ ਦੀ ਧਰਮੀ ਦਿਤੀ ਹੈ। ਟਰੰਪ ਨੇ ਆਪਣੇ ਇਕ ਟਵੀਟ ਕਰ ਕੇ ਕਿਹਾ, ''ਆਉਣ ਵਾਲੇ ਸ਼ੁਕਰਵਾਰ ਤੋਂ ਉਹ ਚੀਨ ਤੋਂ ਆਯਾਤ ਕੀਤੇ ਜਾਣ ਵਾਲੇ 200 ਅਰਬ ਡਾਲਰ ਦੇ ਸਾਮਾਨ 'ਤੇ ਟੈਕਸ ਦਰ 10 ਫ਼ੀ ਸਦੀ ਤੋਂ ਵਧਾ ਕੇ 25 ਫ਼ੀ ਸਦੀ ਕਰ ਦੇਣਗੇ।''

ਇਹ ਐਲਾਨ ਅਜਿਹੇ ਸਮੇਂ ਹੋਇਆ ਹੈ ਜਦੋਂਕਿ ਇਸ ਹਫ਼ਤੇ ਬੁਧਵਾਰ ਤੋਂ ਵਾਸ਼ਿੰਗਟਨ ਵਿਚ ਚੀਨ ਅਤੇ ਅਮਰੀਕਾ ਵਚਾਲੇ ਵਪਾਰ ਵਾਰਤਾ ਫਿਰ ਸ਼ੁਰੂ ਹੋਣੀ ਸੀ ਅਤੇ ਖ਼ਬਰਾਂ ਅਨੁਸਾਰ ਇਸ ਸਿਲਸਿਲੇ ਵਿਚ ਚੀਨ ਦੇ ਉਪ ਪ੍ਰਧਾਨ ਮੰਤਰੀ ਲਿਯੂ ਹੀ ਦੀ ਪ੍ਰਧਾਨਗੀ ਹੇਠ 100 ਮੈਂਬਰਾਂ ਦਾ ਇਕ ਉੱਚ ਪੱਧਰੀ ਚੀਨੀ ਵਫ਼ਦ ਇਸ ਬੈਠਕ ਵਿਚ ਸ਼ਾਮਲ ਹੋਣ ਵਾਲਾ ਸੀ। ਇਸ ਬੈਠਕ ਦਾ ਮਕਸਦ ਦੋਹਾਂ ਦੇਸ਼ਾਂ ਵਚਾਲੇ ਵਪਾਰ ਯੁੱਧ ਦਾ ਹਲ ਲੱਭਣਾ ਹੈ ਤਾਂਕਿ ਆਲਮੀ ਅਰਥਚਾਰੇ ਦੀਆਂ ਚਿੰਤਾਵਾਂ ਨੂੰ ਦੂਰ ਕੀਤਾ ਜਾ ਸਕੇ।

ਵਪਾਰ ਵਾਰਤਾ ਵਿਚ ਕਿਸੇ ਨਤੀਜੇ 'ਤੇ ਪਹੁੰਚਣ ਲਈ ਟਰੰਪ ਚੀਨ ਵਿਰੁਧ ਟੈਕਸ ਵਧਾਉਣ ਦੀ ਸਮਾਂ ਹੱਦ ਦੋ ਵਾਰ ਜਨਵਰੀ ਅਤੇ ਮਾਰਚ ਵਿਚ ਅੱਗੇ ਖਿਸਕਾ ਚੁੱਕਾ ਹੈ। ਪਰ ਐਤਵਾਰ ਨੂੰ ਟਰੰਪ ਨੇ ਕਿਹਾ ਕਿ ਉਹ ਅਪਣਾ ਸਬਰ ਗਵਾ ਰਹੇ ਹਨ। ਉਨ੍ਹਾਂ ਖ਼ੁਦ ਨੂੰ 'ਟ੍ਰ੍ਰੈਫ਼ਿਕ ਮੈਨ' ਦਸਿਆ। ਟਰੰਪ ਨੇ ਟਵੀਟ ਵਿਚ ਕਿਹਾ ਕਿ ਚੀਨ ਨਾਲ ਵਪਾਰ ਵਾਰਤਾ ਹੌਲੀ ਗਤੀ ਨਾਲ ਚਲ ਰਹੀ ਹੈ ਕਿਉਂਕਿ ਉਹ ਉਸ 'ਤੇ ਫਿਰ ਤੋਂ ਗਲ ਕਰਨਾ ਚਾਹੁੰਦੇ ਹਨ। ਟਰੰਪ ਨੇ ਟਵੀਟ ਵਿਚ ਲਿਖਿਆ ਨਹੀਂ, (ਮਨਜ਼ੂਰ ਨਹੀਂ)।

ਅਮਰੀਕਾ ਦਾ ਦੋਸ਼ ਹੈ ਕਿ ਇਸ ਲਈ ਚੀਨ ਦੂਜਿਆਂ ਦਾ ਬਾਜ਼ਾਰ ਖ਼ਰਾਬ  ਕਰਨ ਵਰਗੇ ਤਰੀਕੇ ਇਸਤੇਮਾਲ ਕਰ ਰਿਹਾ ਹੈ। ਇਸ ਵਿਚ ਸਾਈਬਰ ਸੇਂਧਮਾਰੀ ਤੋਂ ਲੈ ਕੇ ਕੰਪਨੀਆਂ 'ਤੇ ਜਬਰਨ ਰਲੇਵੇਂ ਦਾ ਦਬਾਅ ਵਰਗੇ ਤਰੀਕੇ ਵੀ ਸ਼ਾਮਲ ਹਨ। ਦੋਹਾਂ ਦੇਸ਼ਾਂ ਵਚਾਲੇ ਵਪਾਰ ਸਬੰਧੀ ਰੌਲੇ ਦੇ ਹਲ ਲਈ ਵਾਰਤਾ ਪਿਛਲੇ ਸਾਲ ਦਸੰਬਰ ਤੋਂ ਸ਼ੁਰੂ ਹੋਈ ਸੀ। ਟਰੰਪ ਨੇ ਚੀਨ 'ਤੇ ਪਿਛਲੀ ਜੁਲਾਈ ਤੋਂ ਟੈਕਸ ਕਾਰਵਾਈ ਸ਼ੁਰੂ ਕਰ ਦਿਤੀ ਸੀ ਤਾਂਕਿ ਉਹ ਚੀਨ 'ਤੇ ਨੀਤੀ ਬਦਲਣ ਦਾ ਦਬਾਅ ਪੈਦਾ ਕਰ ਸਕੇ।ਅਮਰੀਕਾ ਇਸ ਸਮੇਂ ਚੀਨ ਦੇ 200 ਅਰਬ ਡਾਲਰ ਦੇ ਸਾਮਾਨ 'ਤੇ 10 ਫ਼ੀ ਸਦੀ ਜਾਂ ਕੁਝ ਅਲਗ ਕਿਸਮ ਦੇ 50 ਅਰਬ ਡਾਲਰ ਦੇ ਸਾਮਾਨ 'ਤੇ 25 ਫ਼ੀ ਸਦੀ ਦੀ ਦਰ ਨਾਲ ਟੈਕਸ ਲਗਾਉਂਦਾ ਹੈ।