ਆਰਬੀਆਈ ਨੇ ਰੈਪੋ ਰੇਟ ਵਿਚ ਕੀਤੀ ਕਟੌਤੀ

ਏਜੰਸੀ

ਖ਼ਬਰਾਂ, ਵਪਾਰ

ਰਿਜ਼ਰਵ ਬੈਂਕ ਦੀ ਮਾਨਿਟਰੀ ਪਾਲਿਸੀ ਨੇ ਵੀਰਵਾਰ ਨੂੰ ਵਿਆਜ ਦਰਾਂ ਦਾ ਐਲਾਨ ਕੀਤਾ।

RBI

ਮੁੰਬਈ: ਰਿਜ਼ਰਵ ਬੈਂਕ ਦੀ ਮਾਨਿਟਰੀ ਪਾਲਿਸੀ ਨੇ ਵੀਰਵਾਰ ਨੂੰ ਵਿਆਜ ਦਰਾਂ ਦਾ ਐਲਾਨ ਕੀਤਾ। ਰੈਪੋ ਰੇਟ ਵਿਚ 0.25 ਫੀਸਦੀ ਕਟੌਤੀ ਕੀਤੀ ਗਈ ਹੈ। ਇਹ 6 ਫੀਸਦੀ ਤੋਂ ਘਟ ਕੇ 5.75 ਫੀਸਦੀ ਹੋ ਗਿਆ ਹੈ। ਰੈਪੋ ਰੇਟ ਵਿਚ ਕਮੀ ਨਾਲ ਹਰ ਤਰ੍ਹਾਂ ਦੇ ਕਰਜ਼ੇ ਸਸਤੇ ਹੋ ਜਾਣਗੇ। ਹਾਲਾਂਕਿ ਇਹ ਬੈਂਕਾਂ ‘ਤੇ ਨਿਰਭਰ ਕਰਦਾ ਹੈ ਕਿ ਉਹ ਰੈਪੋ ਰੇਟ ਵਿਚ ਕਮੀ ਦਾ ਫਾਇਦਾ ਗਾਹਕਾਂ ਨੂੰ ਕਦੋਂ ਤੱਕ ਅਤੇ ਕਿੰਨਾ ਦਿੰਦੇ ਹਨ।

ਰੈਪੋ ਰੇਟ ਉਹ ਦਰ ਹੈ ਜਿਸ ‘ਤੇ ਆਰਬੀਆਈ ਵਪਾਰਕ ਬੈਂਕਾਂ ਨੂੰ ਕਰਜ਼ਾ ਦਿੰਦਾ ਹੈ। ਆਰਥਕ ਵਿਕਾਸ ਦੀ ਰਫ਼ਤਾਰ ਸੁਸਤ ਪੈਣ ਨਾਲ ਆਰਬੀਆਈ ‘ਤੇ ਵਿਆਜ ਦਰ ਵਿਚ ਕਟੌਤੀ ਦਾ ਦਬਾਅ ਵਧ ਗਿਆ ਸੀ। ਮਾਰਚ ਤਿਮਾਹੀ ਵਿਚ ਜੀਡੀਪੀ ਵਿਕਾਸ ਦਰ ਘਟ ਕੇ 5.8 ਫੀਸਦੀ ਰਹਿ ਗਈ। ਪੂਰੇ ਵਿੱਤੀ ਸਾਲ (2018-19) ਵਿਚ ਵਿਕਾਸ ਦਰ 6.8 ਫੀਸਦੀ ਰਹੀ। ਇਹ ਦਰ ਪੰਜ ਸਾਲਾਂ ਵਿਚ ਸਭ ਤੋਂ ਘੱਟ ਹੈ।

ਅਜਿਹੇ ਵਿਚ ਕੇਂਦਰੀ ਬੈਂਕ ਦੀ ਕੋਸ਼ਿਸ਼ ਹੈ ਕਿ ਸਸਤੇ ਕਰਜ਼ੇ ਦੇ ਜ਼ਰੀਏ ਬਜ਼ਾਰ ਵਿਚ ਨਗਦੀ ਵਧਾ ਕੇ ਅਰਥ ਵਿਵਸਥਾ ਦੀ ਰਫ਼ਤਾਰ ਤੇਜ਼ ਕੀਤੀ ਜਾਵੇ। ਮਾਨਿਟਰੀ ਪਾਲਿਸੀ ਕਮੇਟੀ ਦੀ ਬੈਠਕ ਦਾ ਬਿਓਰਾ 20 ਜੂਨ 2019 ਨੂੰ ਜਾਰੀ ਕੀਤਾ ਜਾਵੇਗਾ। ਕਮੇਟੀ ਦੀ ਅਗਲੀ ਬੈਠਕ 5-7 ਅਗਸਤ 2019 ਨੂੰ ਹੋਵੇਗੀ।