ਅਮਰੀਕੀਆਂ ਨੂੰ ਪੰਜ ਸਾਲਾ ਵੀਜ਼ਾ ਦੇਵੇਗਾ ਪਾਕਿ
ਦੋਹਾਂ ਦੇਸ਼ਾਂ ਦੇ ਨਿਵੇਸ਼ਕਾਂ ਅਤੇ ਸੈਲਾਨੀਆਂ ਨੂੰ ਹੋਵੇਗਾ ਫ਼ਾਇਦਾ
ਇਸਲਾਮਾਬਾਦ : ਪਾਕਿਸਤਾਨ ਨੇ ਅਮਰੀਕਾ ਦੇ ਨਾਗਰਿਕਾਂ ਨੂੰ ਪੰਜ ਸਾਲ ਦਾ 'ਮਲਟੀਪਲ ਦਾਖ਼ਲਾ' ਵੀਜ਼ਾ ਦੇਣ ਦਾ ਫ਼ੈਸਲਾ ਕੀਤੀ ਹੈ। ਇਹ ਕਦਮ ਉਸ ਸਮੇਂ ਉਠਾਇਆ ਗਿਆ ਹੈ ਜਦ ਮਾਰਚ ਮਹੀਨੇ ਵਿਚ ਅਮਰੀਕਾ ਨੇ ਪਾਕਿਸਤਾਨ ਦੇ ਨਾਗਰਿਕਾਂ ਲਈ ਵੀਜ਼ੇ ਦੀ ਮਾਨਤਾ ਦਾ ਸਮਾਂ ਪੰਜ ਸਾਲ ਤੋਂ ਘਟਾ ਕੇ ਇਕ ਸਾਲ ਕਰ ਦਿਤਾ ਹੈ। ਪਿਛਲੇ ਮਹੀਨੇ ਭੇਜੇ ਗਏ ਇਸ ਨੋਟ ਵਿਚ ਵਿਦੇਸ਼ ਮੰਤਰਾਲੇ ਨੇ ਅਮਰੀਕਾ ਸਥਿਤ ਪਾਕਿਸਤਾਨੀ ਮਿਸ਼ਨਾਂ ਨੂੰ ਸਲਾਹ ਦਿਤੀ ਕਿ ਅਮਰੀਕੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਦੇ ਸਮੇਂ ਨਵੀਂ ਨੀਤੀ ਦਾ ਪਾਲਨ ਕੀਤਾ ਜਾਵੇ।
ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਦਸਿਆ ਕਿ ਪੰਜ ਸਾਲਾ ਵੀਜ਼ੇ ਨਾਲ ਦੋਹਾਂ ਦੇਸ਼ਾਂ ਦੇ ਨਿਵੇਸ਼ਕਾਂ ਅਤੇ ਸੈਲਾਨੀਆਂ ਨੂੰ ਫ਼ਾਇਦਾ ਹੋਵੇਗਾ। ਇਹ ਵੀਜ਼ਾ ਨੀਤੀ ਸੈਲਾਨੀ ਅਤੇ ਕਾਰੋਬਾਰ ਵਿਚ ਸੁਧਾਰ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਯੋਜਨਾ ਦੇ ਅਨੁਸਾਰ ਹੈ। ਅਧਿਕਾਰੀ ਨੇ ਦਸਿਆ ਕਿ ਹੋ ਸਕਦਾ ਹੈ ਕਿ ਅਮਰੀਕਾ ਵੀ ਅਪਣੇ ਵਲੋਂ ਅਜਿਹੇ ਹੀ ਕਦਮ ਚੁੱਕੇ।
ਅਮਰੀਕਾ ਲੰਮੇਂ ਸਮੇਂ ਤੋਂ ਪਾਕਿਸਤਾਨ ਦੀ ਵੀਜ਼ਾ ਨੀਤੀ ਵਿਚ ਬਦਲਾਅ ਕਰਨ ਦੀ ਮੰਗ ਕਰ ਰਿਹਾ ਸੀ ਅਤੇ ਜਦ ਪਾਕਿਸਤਾਨ ਨੇ ਇਸ 'ਤੇ ਕੋਈ ਕਦਮ ਨਹੀਂ ਚੁੱਕਿਆ ਤਾਂ ਹਾਲ ਹੀ ਵਿਚ ਅਮਰੀਕਾ ਨੇ ਅਪਣੀ ਹੀ ਨੀਤੀ ਬਦਲ ਦਿਤੀ। ਬੀਤੀ ਪੰਜ ਮਾਰਚ ਨੂੰ ਅਮਰੀਕਾ ਨੇ ਪਾਕਿਸਤਾਨ ਦੇ ਨਾਗਰਿਕਾਂ ਦੇ ਵੀਜ਼ੇ ਦੇ ਸਮੇਂ ਦੀ ਮਾਨਤਾ ਪੰਜ ਸਾਲ ਤੋਂ ਘਟਾ ਕੇ ਇਕ ਸਾਲ ਕਰ ਦਿਤੀ ਸੀ।
ਉਸ ਨੇ ਇਹ ਵੀ ਐਲਾਨ ਕੀਤਾ ਸੀ ਕਿ ਪੱਤਰਕਾਰਾਂ ਅਤੇ ਮੀਡੀਆ ਮੁਲਾਜ਼ਮਾਂ ਨੂੰ ਅਪਣੇ ਯਾਤਰਾ ਪਰਮਿਟ ਦੇ ਨਵੀਨੀਕਰਨ ਤੋਂ ਬਿਨਾਂ ਦੇਸ਼ ਵਿਚ ਤਿੰਨ ਮਹੀਨੇ ਤੋਂ ਜ਼ਿਆਦਾ ਰਹਿਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਅਪ੍ਰੈਲ ਵਿਚ ਅਮਰੀਕਾ ਨੇ ਪਾਕਿਸਤਾਨ ਨੂੰ 10 ਦੇਸ਼ਾਂ ਦੀ ਉਸ ਸੂਚੀ ਵਿਚ ਪਾ ਦਿਤਾ ਸੀ ਜਿਸ ਵਿਚ ਅਜਿਹੇ ਦੇਸ਼ਾਂ ਨੂੰ ਪਾਇਆ ਜਾਂਦਾ ਹੈ ਜੋ ਅਮਰੀਕਾ ਤੋਂ ਵਾਪਸ ਭੇਜ ਦਿਤੇ ਗਏ ਜਾਂ ਤੈਅ ਵੀਜ਼ਾ ਸਮੇਂ ਤੋਂ ਜ਼ਿਆਦਾ ਸਮੇਂ ਤਕ ਅਮਰੀਕਾ ਵਿਚ ਰਹਿਣ ਵਾਲੇ ਅਪਣੇ ਨਾਗਰਿਕਾਂ ਨੂੰ ਵਾਪਲ ਲੈਣ ਤੋਂ ਇਨਕਾਰ ਕਰ ਦਿੰਦੇ ਹਨ।