ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਪਟਰੌਲੀਅਮ ਪਾਈਪਲਾਈਨ ਦਾ ਕੀਤਾ ਉਦਘਾਟਨ
ਦਖਣੀ ਏਸ਼ੀਆ ਵਿਚ ਗੁਆਂਢੀ ਦੇਸ਼ ਨਾਲ ਸ਼ੁਰੂ ਕੀਤਾ ਜਾਣ ਵਾਲਾ ਪਹਿਲਾ ਪਾਈਪਲਾਈਨ ਪ੍ਰਾਜੈਕਟ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੇ ਵੀਡੀਉ ਲਿੰਕ ਰਾਹੀਂ ਮੋਤੀਹਾਰੀ ਤੋਂ ਅਮਲੇਖਗੰਜ ਤਕ ਪਟਰੌਲੀਅਮ ਪਾਈਪਲਾਈਨ ਦਾ ਉਦਘਾਟਨ ਕੀਤਾ। ਇਹ ਦਖਣੀ ਏਸ਼ੀਆ ਵਿਚ ਕਿਸੇ ਗੁਆਂਢੀ ਦੇਸ਼ ਨਾਲ ਸ਼ੁਰੂ ਕੀਤਾ ਜਾਣ ਵਾਲਾ ਪਹਿਲਾ ਪਾਈਪਲਾਈਨ ਪ੍ਰਾਜੈਕਟ ਹੈ। ਬਿਹਾਰ ਦੇ ਮੋਤੀਹਾਰੀ ਤੋਂ ਨੇਪਾਲ ਦੇ ਅਮਲੇਖਗੰਜ ਵਿਚਾਲੇ 69 ਕਿਲੋਮੀਟਰ ਲੰਮੀ ਸਰਹੱਦ ਪਾਰ ਜਾਣ ਵਾਲਾ ਇਹ ਪਹਿਲਾ ਪਾਈਪਲਾਈਨ ਪ੍ਰਾਜੈਕਟ ਹੈ। ਹੁਣ ਤਕ ਭਾਰਤ ਤੋਂ ਨੇਪਾਲ ਲਈ ਟੈਂਕਰਾਂ ਜ਼ਰੀਏ ਪਟਰੌਲੀਅਮ ਉਤਪਾਦ ਭੇਜੇ ਜਾਂਦੇ ਰਹੇ ਹਨ। ਪਾਈਪਲਾਈਨ ਜ਼ਰੀਏ ਹਰ ਸਾਲ 20 ਲੱਖ ਟਨ ਤੇਲ ਉਤਪਾਦਾਂ ਨੂੰ ਢੁਕਵੀਂ ਕੀਮਤ 'ਤੇ ਨੇਪਾਲ ਭੇਜਿਆ ਜਾਵੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, 'ਮੈਨੂੰ ਖ਼ੁਸ਼ੀ ਹੈ ਕਿ ਅਸੀਂ ਤਾਲਮੇਲ ਦੇ ਸਾਰੇ ਖੇਤਰਾਂ ਵਿਚ ਤਰੱਕੀ ਕਰ ਰਹੇ ਹਾਂ। ਮੈਨੂੰ ਉਮੀਦ ਹੈ ਕਿ ਅਸੀਂ ਅਪਣੀ ਭਾਈਵਾਲੀ ਨੂੰ ਹੋਰ ਵਿਆਪਕ ਬਣਾਉਣ ਅਤੇ ਵੱਖ ਵੱਖ ਖੇਤਰਾਂ ਵਿਚ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਤੇਜ਼ੀ ਨਾਲ ਅੱਗੇ ਵਧਾਂਗੇ।' ਮੋਦੀ ਨੇ ਕਿਹਾ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਪਾਈਪਲਾਈਨ ਜ਼ਰੀਏ ਪਟਰੌਲੀਅਮ ਉਤਪਾਦਾਂ ਦੀ ਸਪਲਾਈ ਦੀ ਲਾਗਤ ਵਿਚ ਜਿਹੜੀ ਕਮੀ ਆਵੇਗੀ, ਉਸ ਦਾ ਲਾਭ ਉਪਭੋਗਤਾਵਾਂ ਨੂੰ ਦਿਤਾ ਜਾਵੇਗਾ। ਨੇਪਾਲ ਦੇ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ।
ਉਨ੍ਹਾਂ ਕਿਹਾ ਕਿ ਜਿੰਨੀ ਉਮੀਦ ਸੀ, ਉਸ ਤੋਂ ਅੱਧੇ ਸਮੇਂ ਵਿਚ ਇਹ ਬਣ ਕੇ ਤਿਆਰ ਹੋ ਗਈ ਹੈ। ਇਸ ਦਾ ਸਿਹਰਾ ਨੇਪਾਲ ਸਰਕਾਰ ਨੂੰ ਉਸ ਦੇ ਸਹਿਯੋਗ ਲਈ ਅਤੇ ਦੋਹਾਂ ਦੇਸ਼ਾਂ ਦੁਆਰਾ ਕੀਤੇ ਗਏ ਸਾਂਝੇ ਯਤਨਾਂ ਨੂੰ ਜਾਂਦਾ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਨੇ ਇਸ ਪ੍ਰਾਜੈਕਟ ਲਈ ਭਾਰਤ ਦਾ ਧਨਵਾਦ ਕੀਤਾ। ਉਨ੍ਹਾਂ ਕਿਹਾ, 'ਪ੍ਰਧਾਨ ਮੰਤਰੀ ਮੋਦੀ ਦਾ 'ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ' ਦਾ ਨਾਹਾਰਾ ਅਤੇ ਮੇਰਾ ਖ਼ੁਸ਼ਹਾਲ ਨੇਪਾਲ-ਸੁਖੀ ਨੇਪਾਲ ਦਾ ਨਾਹਰਾ-ਸਾਡੇ ਦੇਸ਼ਾਂ ਵਿਚ ਵਿਕਾਸ ਜ਼ਰੀਏ ਤਬਦੀਲੀ ਦੇ ਯਤਨਾਂ ਨੂੰ ਦਰਸਾਉਂਦਾ ਹੈ।' ਓਲੀ ਨੇ ਪ੍ਰਧਾਨ ਮੰਤਰੀ ਨੂੰ ਨੇਪਾਲ ਆਉਣ ਦਾ ਸੱਦਾ ਦਿਤਾ ਜਿਸ ਨੂੰ ਮੋਦੀ ਨੇ ਪ੍ਰਵਾਨ ਕਰ ਲਿਆ।