ਮੋਦੀ ਸਰਕਾਰ-2 ਦੇ 100 ਦਿਨ ਪੂਰੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਧਾਰਾ-370, ਤਿੰਨ ਤਲਾਕ ਸੱਭ ਤੋਂ ਅਹਿਮ ਅਤੇ ਬਹਾਦਰੀ ਵਾਲੇ ਫ਼ੈਸਲੇ : ਪ੍ਰਕਾਸ਼ ਜਾਵੇਡਕਰ

100 days of Modi govt : Prakash Javadekar lauds decision on Article 370

ਨਵੀਂ ਦਿੱਲੀ : ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਐਤਵਾਰ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਸ਼ੁਰੂਆਤੀ 100 ਦਿਨਾਂ ਦੌਰਾਨ ਕੀਤੇ ਮਹੱਤਵਪੂਰਨ ਕੰਮਾਂ ਦਾ ਲੇਖਾ-ਜੋਖਾ ਪੇਸ਼ ਕੀਤਾ। ਜਾਵੇਡਕਰ ਨੇ ਦਅਵਾ ਕੀਤਾ ਕਿ ਲੋਕਹਿਤ ਦੇ ਜਿਹੜੇ ਕੰਮ ਇਸ ਸਰਕਾਰ ਨੇ ਕੀਤੇ ਹਨ, ਇਸ ਤੋਂ ਪਹਿਲਾਂ ਸ਼ਾਇਦ ਕਿਸੇ ਸਰਕਾਰ ਨੇ ਅਜਿਹੇ ਕੰਮ ਨਹੀਂ ਕੀਤੇ। ਜਾਵੇਡਕਰ ਨੇ ਦੱਸਿਆ ਕਿ ਮੋਦੀ ਸਰਾਕਰ ਦੇ 100 ਦਿਨਾਂ ਦੇ ਕੰਮਾਂ ਨੇ ਦੇਸ਼ ਦੇ ਨਾਗਰਿਕ ਨੂੰ ਅਧਿਕਾਰਨ ਸੰਪੰਨ ਬਣਾਇਆ ਹੈ। ਦੇਸ਼ ਦੇ ਵਿਕਾਸ 'ਚ ਲੋਕਾਂ ਦੀ ਭਾਗੀਦਾਰੀ ਵਧੀ ਹੈ। ਉਨ੍ਹਾਂ ਕਿਹਾ ਕਿ ਧਾਰਾ 370 ਨੂੰ ਹਟਾਉਣਾ ਅਤੇ ਤਿੰਨ ਤਲਾਕ ਖ਼ਤਮ ਕਰਨਾ ਸਰਕਾਰ ਦੇ 100 ਦਿਨ 'ਚ ਕੀਤੇ ਗਏ ਮਹੱਤਵਪੂਰਨ ਕੰਮ ਹਨ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਕਿਹਾ ਕਿ 70 ਸਾਲ ਤੋਂ ਜੰਮੂ-ਕਸ਼ਮੀਰ ਅਲੱਗ-ਥਲੱਗ ਪਿਆ ਸੀ। ਉਥੇ ਦੇ ਨਾਗਰਿਕਾਂ ਨੂੰ ਕੇਂਦਰੀ ਯੋਜਨਾਵਾਂ ਦਾ ਲਾਭ ਨਹੀਂ ਮਿਲ ਰਿਹਾ ਸੀ। ਹੁਣ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਇਹ ਸਾਰੀਆਂ ਯੋਜਨਾਵਾਂ ਦੇ ਲਾਭ ਮਿਲਣੇ ਸ਼ੁਰੂ ਹੋ ਚੁੱਕੇ ਹਨ। ਪੂਰੇ ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਸਿਰਫ਼ 14-15 ਥਾਣਾ ਖੇਤਰ ਹਨ, ਜਿਥੇ ਧਾਰਾ 144 ਲਾਗੂ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਵੱਡੀ ਸਫ਼ਲਤਾ ਇਹ ਹੈ ਕਿ ਪਾਕਿਸਤਾਨ ਨੇ ਦੁਨੀਆ ਭਰ ਦਾ ਦਰਵਾਜਾ ਖੜਕਾਇਆ, ਪਰ ਪੂਰੀ ਦੁਨੀਆ ਭਾਰਤ ਦੇ ਨਾਲ ਖੜੀ ਰਹੀ।

ਕੇਂਦਰੀ ਮੰਤਰੀ ਨੇ ਕਿਹਾ ਕਿ ਤਿੰਨ ਤਲਾਕ, ਪੋਸਕੋ, ਬਰਾਬਰ ਆਮਦਨ ਦੇਣ ਦਾ ਇਤਿਹਾਸਕ ਫ਼ੈਸਲਾ, 40 ਕਰੋੜ ਅਸੰਗਠਿਤ ਮਜ਼ਦੂਰ, 6 ਕਰੋੜ ਛੋਟੇ ਵਪਾਰੀ ਅਤੇ 14 ਕਰੋੜ ਕਿਸਾਨਾਂ ਨੂੰ ਪੈਨਸ਼ਨ ਦੇਣ ਦੀ ਯੋਜਨਾ ਬਹੁਤ ਮਹੱਤਵਪੂਰਨ ਫ਼ੈਸਲੇ ਸਨ। ਉਨ੍ਹਾਂ ਕਿਹਾ ਕਿ ਜਨਧਨ, ਆਧਾਰ ਅਤੇ ਮੋਬਾਈਲ ਨਾਲ ਪਾਰਦਰਸ਼ਿਤਾ ਲਿਆ ਕੇ ਬੈਨੀਫਿਟ ਟਰਾਂਸਫ਼ਰ ਦੀ ਯੋਜਨਾ ਹੋਰ ਵਧੀ ਹੈ। ਇਹ 100 ਦਿਨਾਂ ਦੇ ਸ਼ੁਰੂਆਤੀ ਕਾਰਜਕਾਲ ਦੇ ਸੱਭ ਤੋਂ ਅਹਿਮ ਅਤੇ ਬਹਾਦਰੀ ਵਾਲੇ ਫ਼ੈਸਲੇ ਹਨ। 

ਪ੍ਰਕਾਸ਼ ਜਾਵੇਡਕਰ ਨੇ ਕਿਹਾ ਕਿ ਦੇਸ਼ ਦੇ ਹਰ ਘਰ 'ਚ ਬਿਜਲੀ ਪਹੁੰਚਾਉਣ ਦਾ ਕੰਮ 6 ਮਹੀਨੇ ਦੇ ਅੰਦਰ ਪੂਰਾ ਕਰ ਲਿਆ ਜਾਵੇਗਾ। ਆਯੂਸ਼ਮਾਨ ਭਾਰਤ ਤਹਿਤ ਹੁਣ ਤਕ 41 ਲੱਖ ਮਰੀਜ਼ ਇਲਾਜ ਕਰਵਾ ਚੁੱਕੇ ਹਨ। ਅਰਥਚਾਰੇ 'ਚ ਮੰਦੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਦੇ-ਕਦੇ ਸਲੋ ਡਾਊਨ ਆਉਂਦਾ ਹੈ, ਪਰ ਅਰਥਚਾਰੇ ਦੀ ਬੁਨਿਆਦ ਬਹੁਤ ਮਜ਼ਬੂਤ ਹੈ। ਐਫਡੀਆਈ 'ਚ ਰਿਕਾਰਡ ਪੱਧਰ 'ਤੇ ਆਇਆ ਹੈ। ਮੋਟਰ ਵਹੀਕਲ ਐਕਟ 'ਚ ਬਹੁਤ ਵੱਡਾ ਸੁਧਾਰ ਹੋਇਆ ਹੈ।

ਹਰ ਸਾਲ ਡੇਢ ਲੱਖ ਲੋਕਾਂ ਦੀ ਜਾਨ ਬਚਾਉਣ ਲਈ ਇਹ ਐਕਟ ਬਣਿਆ ਹੈ। ਇਸ 'ਚ ਸਾਰਿਆਂ ਦੀ ਭਲਾਈ ਹੈ ਅਤੇ ਕਾਨੂੰਨ ਦਾ ਪਾਲਨ ਸਾਰਿਆਂ ਨੂੰ ਕਰਨਾ ਹੋਵੇਗਾ। ਸਰਕਾਰ ਨੇ ਬੀਤੇ 100 ਦਿਨਾਂ 'ਚ 58 ਕਾਨੂੰਨ ਬਦਲੇ, 1100 ਪੁਰਾਣੇ ਤੇ ਬੇਕਾਰ ਕਾਨੂੰਨ ਖ਼ਤਮ ਕੀਤੇ। ਰੋਜ਼ਾਨਾ 80 ਹਜ਼ਾਰ ਗੈਸ ਕੁਨੈਕਸ਼ਨ ਦਿੱਤੇ ਜਾਣਾ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਵੱਡੀ ਪ੍ਰਾਪਤੀ ਹੈ।