BSNL, MTNL ਵਿਭਾਗਾਂ ਨੂੰ ਸਰਕਾਰ ਵਲੋਂ ਤਨਖ਼ਾਹ ਦੇ ਭੁਗਤਾਨ ਲਈ 1021 ਕਰੋੜ ਰੁਪੈ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕੇਂਦਰ ਸਰਕਾਰ ਨੇ MTNL ਅਤੇ BSNL ਦੇ ਪ੍ਰਬੰਧਕਾਂ ਨੂੰ ਕਰਮਚਾਰੀਆਂ ਦੀ ਤਨਖ਼ਾਹ ਦੇ ਭੁਗਤਾਨ ਲਈ ਜਾਰੀ ਕੀਤੇ 1021 ਕਰੋੜ ਰੁਪੈ

Rs 1021 crore has been released for BSNL and MTNL departments

ਨਵੀਂ ਦਿੱਲੀ : ਦੂਰਸੰਚਾਰ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸਰਕਾਰੀ ਕੰਪਨੀਆਂ ਮਹਾਂਨਗਰ ਟੈਲੀਫ਼ੋਨ ਨਿਗਮ ਲਿਮੀਟਡ (MTNL) ਅਤੇ ਭਾਰਤ ਸੰਚਾਰ ਨਿਗਮ ਲਿਮੀਟਡ (BSNL) ਦੇ ਕਰਮਚਾਰੀਆਂ ਨੂੰ ਹੋਲੀ ਤੋਂ ਪਹਿਲਾਂ ਤਨਖ਼ਾਹ ਦੇਣ ਲਈ ਸਰਕਾਰ ਨੇ ਇਕ ਹਜ਼ਾਰ ਕਰੋੜ ਤੋਂ ਵੱਧ ਰਾਸ਼ੀ ਦਿਤੀ ਹੈ। ਦੂਰਸੰਚਾਰ ਵਿਭਾਗ ਦੇ ਸੂਤਰਾਂ ਨੇ ਕਿਹਾ ਕਿ MTNL ਅਤੇ BSNL ਦੇ ਪ੍ਰਬੰਧਕਾਂ ਨੂੰ ਇਹ ਰਾਸ਼ੀ ਦਿਤੀ ਗਈ ਹੈ, ਜਿਸ ਵਿਚ 171 ਕਰੋੜ ਰੁਪਏ MTNL ਅਤੇ 850 ਕਰੋੜ ਰੁਪਏ BSNL ਨੂੰ ਦਿਤੇ ਗਏ ਹਨ।

ਦੱਸ ਦਈਏ ਕਿ ਉਕਤ ਦੋਵੇਂ ਕੰਪਨੀਆਂ ਆਰਥਿਕ ਤੌਰ ’ਤੇ ਭਾਰੀ ਦਬਾਅ ਵਿਚ ਹਨ। MTNL ਪਿਛਲੇ ਕੁਝ ਮਹੀਨਿਆਂ ਤੋਂ ਕਰਮਚਾਰੀਆਂ ਨੂੰ ਸੈਲਰੀ ਦਾ ਸਮੇਂ ’ਤੇ ਭੁਗਤਾਨ ਨਹੀਂ ਕਰ ਪਾ ਰਹੀ ਹੈ। ਉੱਥੇ ਹੀ BSNL ਨੇ ਵੀ ਅਪਣੇ 1.76 ਲੱਖ ਕਰਮਚਾਰੀਆਂ ਨੂੰ ਫਰਵਰੀ ਮਹੀਨੇ ਦੀ ਸੈਲਰੀ ਦਾ ਭੁਗਤਾਨ ਨਹੀਂ ਕੀਤਾ। BSNL ਦੇਸ਼ ਦੀ ਸਰਕਾਰੀ ਟੈਲੀਕਾਮ ਕੰਪਨੀ ਇਸ ਸਮੇਂ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਹੈ।

ਕੰਪਨੀ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਰਮਚਾਰੀਆਂ ਨੂੰ ਤਨਖ਼ਾਹ ਨਾ ਮਿਲੀ ਹੋਵੇ। ਇਸ ਕਾਰਨ ਦੇਸ਼ ਭਰ ਦੇ BSNL ਅਤੇ MTNL ਕਰਮਚਾਰੀਆਂ ਵਿਚ ਗੁੱਸਾ ਹੈ। ਕਰਮਚਾਰੀਆਂ ਨੇ ਕੇਂਦਰ ਸਰਕਾਰ ਨੂੰ ਸਹਾਇਤਾ ਲਈ ਅਪੀਲ ਕੀਤੀ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕੰਪਨੀ ਕੋਲ ਇੰਨਾ ਪੈਸਾ ਵੀ ਨਹੀਂ ਹੈ ਕਿ ਉਹ ਅਪਣੇ ਕਰਮਚਾਰੀਆਂ ਨੂੰ ਤਨਖ਼ਾਹ ਦੇ ਸਕੇ।