ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਤਨਖ਼ਾਹ ਨਾਲ ਦਵੇਗੀ ਮਹਿੰਗਾਈ ਭੱਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (ਡੀ.ਏ.) ਦੇ 7 ਫ਼ੀ ਸਦੀ ਬਕਾਏ ਦੀ ਅਦਾਇਗੀ ਕਰੇਗੀ। ਇਸ ਸਬੰਧੀ ਪੰਜਾਬ ਸਟੇਟ ਮਨਿਸਟਰੀਅਲ...

Govt. of Punjab

ਚੰਡੀਗੜ੍ਹ : ਪੰਜਾਬ ਸਰਕਾਰ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (ਡੀ.ਏ.) ਦੇ 7 ਫ਼ੀ ਸਦੀ ਬਕਾਏ ਦੀ ਅਦਾਇਗੀ ਕਰੇਗੀ। ਇਸ ਸਬੰਧੀ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੇ ਆਗੂਆਂ ਨਾਲ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਅਧੀਨ ਗਠਿਤ ਕੀਤੀ ਕਮੇਟੀ ਆਫ਼ ਮਨਿਸਟਰਜ਼ ਵਲੋਂ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ। 

ਕਮੇਟੀ ਨੇ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੀ ਮੰਗ 'ਤੇ 7 ਫ਼ੀ ਸਦੀ ਡੀ.ਏ. (01-01-2017 ਤੋਂ ਬਕਾਇਆ 4 ਫ਼ੀ ਸਦੀ ਅਤੇ 01-07-2017 ਤੋਂ ਬਕਾਇਆ 3 ਫ਼ੀ ਸਦੀ) ਫਰਵਰੀ 2019 ਤੋਂ ਤਨਖ਼ਾਹ ਨਾਲ ਨਕਦ ਦੇਣ ਦੀ ਸਿਫ਼ਾਰਿਸ਼ ਕੀਤੀ ਹੈ। ਜਦਕਿ ਮਹਿੰਗਾਈ ਭੱਤੇ ਦੇ ਏਰੀਅਰ ਦੇਣ ਦਾ ਫੈਸਲਾ ਸਰਕਾਰ ਵਲੋਂ ਆਉਣ ਵਾਲੇ ਸਮੇਂ ਵਿਚ ਕੀਤਾ ਜਾਵੇਗਾ।

ਕਮੇਟੀ ਆਫ਼ ਮਨਿਸਟਰਜ਼ ਵਲੋਂ ਮੁਲਾਜ਼ਮਾਂ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ 01-01-2004 ਤੋਂ ਬਾਅਦ ਭਰਤੀ ਕੀਤੇ ਗਏ ਸਰਕਾਰੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਇਕ ਕਮੇਟੀ ਗਠਿਤ ਕਰਨ ਦਾ ਫ਼ੈਸਲਾ ਕੀਤਾ ਹੈ। ਕਮੇਟੀ ਆਫ਼ ਮਨਿਸਟਰਜ਼ ਨੇ ਇਹ ਸਿਫ਼ਾਰਿਸ਼ ਵੀ ਕੀਤੀ ਕਿ ਨਵੇਂ ਭਰਤੀ ਹੋਏ ਕਰਮਚਾਰੀਆਂ ਵਲੋਂ ਪਰਖ ਕਾਲ ਪੀਰੀਅਡ ਦੌਰਾਨ ਕੀਤੀ ਗਈ ਸੇਵਾ ਪੈਨਸ਼ਨ ਅਤੇ ਸੀਨੀਆਰਤਾ ਵਾਸਤੇ ਕੁਆਲੀਫ਼ਾਇੰਗ ਸਰਵਿਸ ਵਜੋਂ ਗਿਣੀ ਜਾਵੇ ਪਰ ਇਸ ਸਮੇਂ ਕੋਈ ਇਨਕਰੀਮੈਂਟ ਮਿਲਣ ਯੋਗ ਨਹੀਂ ਹੋਵੇਗਾ।

ਇਸ ਸਬੰਧ ਵਿਚ ਵਿੱਤ ਵਿਭਾਗ ਵਲੋਂ ਜਲਦ ਹੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇਗਾ। ਕਮੇਟੀ ਆਫ਼ ਮਨਿਸਟਰਜ਼ ਵਲੋਂ ਪਰਖ ਕਾਲ ਦਾ ਸਮਾਂ ਘਟਾਉਣ ਦੇ ਮਾਮਲੇ 'ਤੇ ਪ੍ਰਮੁੱਖ ਸਕੱਤਰ ਵਿੱਤ ਅਤੇ ਪ੍ਰਮੁੱਖ ਸਕੱਤਰ ਆਮ ਰਾਜ ਪ੍ਰਬੰਧ ਦੀ ਕਮੇਟੀ ਦੁਆਰਾ ਵਿਚਾਰ ਕਰਕੇ ਸਿਫ਼ਾਰਿਸ਼ ਕਰਨ ਲਈ ਕਿਹਾ ਹੈ। ਇਸ ਕਮੇਟੀ ਵਲੋਂ ਸਿਫ਼ਾਰਿਸ਼ ਲਈ ਇਸ ਸਬੰਧੀ ਅੰਤਿਮ ਫ਼ੈਸਲਾ ਲਿਆ ਜਾਵੇਗਾ।

ਕਮੇਟੀ ਆਫ਼ ਮਨਿਸਟਰਜ਼ ਨੇ ਯੂਨੀਅਨ ਦੇ ਆਗੂਆਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਠੇਕਾ-ਅਧਾਰਤ, ਡੇਲੀਵੇਜ਼ਿਜ, ਐਡਹਾਕ ਦੇ ਵੱਖ ਵੱਖ ਕੈਟਾਗਰੀਆਂ ਦੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਨਿਯਮਿਤ ਕਰਨ ਦਾ ਮਾਮਲਾ ਪਹਿਲਾਂ ਹੀ ਕਮੇਟੀ ਆਫ਼ ਮਨਿਸਟਰਜ਼ ਦੇ ਵਿਚਾਰ ਅਧੀਨ ਹੈ। ਪਰਖ ਕਾਲ ਸਮੇਂ ਦੌਰਾਨ ਪੂਰੀ ਤਨਖ਼ਾਹ ਦੇਣ ਦੇ ਮਾਮਲੇ 'ਤੇ ਕਮੇਟੀ ਆਫ਼ ਮਨਿਸਟਰਜ਼ ਬਾਅਦ ਵਿਚ ਵਿਚਾਰ ਕਰੇਗੀ।

ਕਮੇਟੀ ਆਫ਼ ਮਨਿਸਟਰਜ਼ ਨੇ ਮਿਤੀ 01-01-2004  ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਨੂੰ ਵੀ ਭਾਰਤ ਸਰਕਾਰ ਦੇ ਪੈਟਰਨ 'ਤੇ ਡੀ.ਸੀ.ਆਰ.ਜੀ. ਦੇ ਲਾਭ ਦਿਤੇ ਜਾਣ ਲਈ ਵੀ ਸਿਫ਼ਾਰਿਸ਼ ਕੀਤੀ ਹੈ। ਕਮੇਟੀ ਆਫ਼ ਮਨਿਸਟਰਜ਼ ਨੇ ਅੱਗੇ ਯੂਨੀਅਨ ਆਗੂਆਂ ਨੂੰ ਇਨ੍ਹਾਂ ਮੰਗਾਂ ਤੋਂ ਇਲਾਵਾ ਜਿਹੜੀਆਂ ਮੰਗਾਂ ਵਿਚ ਕੋਈ ਵਿੱਤੀ ਮਾਮਲਾ/ਬੋਝ ਨਹੀਂ ਹੈ, ਉਨ੍ਹਾਂ ਬਾਰੇ ਕਮੇਟੀ ਵਲੋਂ ਅਗਲੀ ਮੀਟਿੰਗ ਜਲਦ ਹੀ ਕਰਨ ਦਾ ਆਸ਼ਵਾਸਨ ਵੀ ਦਿਤਾ ਗਿਆ।

ਇਸ ਮੀਟਿੰਗ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਪ੍ਰਮੁੱਖ ਸਕੱਤਰ, ਆਮ ਰਾਜ ਪ੍ਰਬੰਧ ਜਗਪਾਲ ਸਿੰਘ, ਸਕੱਤਰ ਪ੍ਰਸੋਨਲ ਏ.ਐਸ. ਮਗਲਾਨੀ ਅਤੇ ਡਿਪਟੀ ਸਕੱਤਰ ਪ੍ਰਸੋਨਲ ਹਰਬੰਸ ਸਿੰਘ ਵੀ ਹਾਜ਼ਰ ਸਨ।