ਅਮੂਲ ਨੂੰ ਸਾਲ 2019-20 'ਚ ਮਾਲੀਆ 20 ਫ਼ੀ ਸਦੀ ਵਧ ਕੇ 40,000 ਕਰੋੜ ਹੋਣ ਦੀ ਉਮੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਜੀ.ਸੀ.ਐਮ.ਐਮ.ਐਫ਼. ਦਾ ਕਾਰੋਬਾਰ ਸਾਲ 2018-19 ਦੌਰਾਨ 13 ਫ਼ੀ ਸਦੀ ਵਧ ਕੇ 33,150 ਕਰੋੜ ਰੁਪਏ ਹੋਇਆ

Amul expects revenue to grow by 20% to Rs 40000 cr in 2019-20

ਨਵੀਂ ਦਿੱਲੀ : ਅਮੂਲ ਬ੍ਰਾਂਡ ਦੇ ਤਹਿਤ ਡੇਅਰੀ ਉਤਪਾਦਾਂ ਦੀ ਮਾਰਕੀਟਿੰਗ ਕਰਨ ਵਾਲੀ ਸੰਸਥਾ ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫ਼ੈਡਰੇਸ਼ਨ(ਜੀ.ਸੀ.ਐਮ.ਐਮ.ਐਫ਼.) ਨੂੰ ਅਪਣੇ ਉਤਪਾਦਾਂ ਦੀ ਮਾਤਰਾ ਅਤੇ ਮੁੱਲ ਜ਼ਿਆਦਾ ਮਿਲਣ ਕਾਰਨ ਚਾਲੂ ਵਿੱਤੀ ਸਾਲ 'ਚ ਅਪਣਾ ਕਾਰੋਬਾਰ 20 ਫ਼ੀ ਸਦੀ ਵਧਾ ਕੇ ਲਗਭਗ 40,000 ਕਰੋੜ ਹੋ ਜਾਣ ਦੀ ਉਮੀਦ ਹੈ। ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿਤੀ ਹੈ। 

ਜੀ.ਸੀ.ਐਮ.ਐਮ.ਐਫ਼. ਦਾ ਕਾਰੋਬਾਰ ਸਾਲ 2018-19 ਦੌਰਾਨ 13 ਫ਼ੀ ਸਦੀ ਵਧ ਕੇ 33,150 ਕਰੋੜ ਰੁਪਏ ਹੋ ਗਿਆ ਜਿਹੜਾ ਕਿ ਇਸ ਤੋਂ ਪਿਛਲੇ ਸਾਲ 'ਚ 29,225 ਕਰੋੜ ਰੁਪਏ ਸੀ। ਅਮੂਲ ਦੇ ਮੈਨੇਜਿੰਗ ਡਾਇਰੈਕਟਰ ਆਰ.ਐਸ. ਸੋਢੀ ਨੇ ਕਿਹਾ, 'ਪਿਛਲੇ ਵਿੱਤੀ ਸਾਲ ਵਿਚ ਜ਼ਿਆਦਾ ਮਾਤਰਾ ਵਿਚ ਵਿਕਰੀ ਹੋਣ ਦੇ ਕਾਰਨ ਸਾਡੇ ਮਾਲੀਏ 'ਚ ਵਾਧਾ ਹੋਇਆ ਸੀ ਜਦਕਿ ਸਾਡੇ ਉਤਪਾਦਾਂ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਸੀ। ਪਰ ਇਸ ਸਾਲ ਸਾਨੂੰ ਮਾਤਰਾ ਅਤੇ ਮੁੱਲ ਦੋਵਾਂ ਪੱਧਰ 'ਤੇ ਵਾਧਾ ਹੋਣ ਦੀ ਉਮੀਦ ਹੈ। 

ਉਨ੍ਹਾਂ ਨੇ ਕਿਹਾ ਕਿ ਕੰਪਨੀ 2019-20 ਦੇ ਦੌਰਾਨ ਕਾਰੋਬਾਰ 'ਚ 20 ਫ਼ੀ ਸਦੀ ਦੇ ਵਾਧੇ ਦੀ ਉਮੀਦ ਕਰ ਰਹੀ ਹੈ। ਸੋਢੀ ਨੇ ਇਹ ਵੀ ਕਿਹਾ ਕਿ ਮਹਾਰਾਸ਼ਟਰ ਵਰਗੇ ਕੁਝ ਸੂਬਿਆਂ 'ਚ ਦੁੱਧ ਦੀ ਖ਼ਰੀਦ ਕੀਮਤ ਪਿਛਲੇ ਕੁਝ ਮਹੀਨਿਆਂ 'ਚ ਵਧੀ ਹੈ। ਉਨ੍ਹਾਂ ਨੇ ਕਿਹਾ, ' ਅਸੀਂ ਕੁਝ ਸੂਬਿਆਂ ਵਿਚ ਦੁੱਧ ਦੀ ਖ਼ਰੀਦ ਕੀਮਤਾਂ ਵਿਚ ਗਿਰਾਵਟ ਆਉਣ 'ਤੇ ਵੀ ਅਪਣੇ ਕਿਸਾਨਾਂ ਨੂੰ ਜ਼ਿਆਦਾ ਕੀਮਤ ਦੇ ਰਹੇ ਸੀ। ਇਸ ਲਈ ਸਾਡੇ 'ਤੇ ਕੋਈ ਅਸਰ ਨਹੀਂ ਹੋਵੇਗਾ। ਅਮੂਲ ਦੇ ਮੈਂਬਰ ਯੂਨੀਅਨਾਂ ਨੇ ਅਗਲੇ ਦੋ ਸਾਲਾਂ ਵਿਚ ਦੁੱਧ ਪ੍ਰੋਸੈਸਿੰਗ ਸਮਰੱਥਾ ਨੂੰ 350 ਲੱਖ ਲਿਟਰ ਪ੍ਰਤੀ ਦਿਨ ਤੋਂ ਵਧਾ ਕੇ 380-400 ਲੱਖ ਲਿਟਰ ਪ੍ਰਤੀ ਦਿਨ ਕਰਨ ਦੀ ਯੋਜਨਾ ਬਣਾਈ ਹੈ।