ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪੁੱਜਾ ਰੁਪਈਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਹਫ਼ਤੇ ਦੀ ਸ਼ੁਰੂਆਤ ਵਿਚ ਹੀ ਰੁਪਏ ਵਿਚ ਗਿਰਾਵਟ ਦਾ ਦੌਰ ਸ਼ੁਰੂ ਹੋ ਗਿਆ ਹੈ। ਰੁਪਏ ਨੇ ਹੁਣ ਤਕ ਦਾ ਸਭ ਤੋਂ ਹੇਠਾ ਪੱਧਰ ਛੂਹ ਲਿਆ ਹੈ। ਡਾਲਰ ਦੇ ਮੁਕਾਬਲੇ ਰੁਪਏ ....

Rupee Record Low

ਮੁੰਬਈ : ਹਫ਼ਤੇ ਦੀ ਸ਼ੁਰੂਆਤ ਵਿਚ ਹੀ ਰੁਪਏ ਵਿਚ ਗਿਰਾਵਟ ਦਾ ਦੌਰ ਸ਼ੁਰੂ ਹੋ ਗਿਆ ਹੈ। ਰੁਪਏ ਨੇ ਹੁਣ ਤਕ ਦਾ ਸਭ ਤੋਂ ਹੇਠਾ ਪੱਧਰ ਛੂਹ ਲਿਆ ਹੈ। ਡਾਲਰ ਦੇ ਮੁਕਾਬਲੇ ਰੁਪਏ ਨੇ ਰਿਕਾਰਡ ਗਿਰਾਵਟ ਦੇ ਨਾਲ ਸ਼ੁਰੂਆਤ ਕੀਤੀ ਹੈ। ਡਾਲਰ ਦੇ ਮੁਕਾਬਲੇ ਰੁਪਈਆ 63 ਪੈਸੇ ਦੀ ਜ਼ੋਰਦਾਰ ਗਿਰਾਵਟ ਦੇ ਨਾਲ 69.47 ਦੇ ਪੱਧਰ 'ਤੇ ਖੁੱਲ੍ਹਿਆ ਹੈ। ਰੁਪਏ ਦੇ ਟੁੱਟਣ ਤੋਂ ਬਾਅਦ ਵਿਰੋਧੀ ਪਾਰਟੀਆਂ ਸਮੇਤ ਹਰ ਕੋਈ ਇਸ 'ਤੇ ਸਵਾਲ ਉਠਾ ਰਿਹਾ ਹੈ। 

ਕੌਮਾਂਤਰੀ ਬਾਜ਼ਾਰ ਵਿਚ ਰੁਪਏ ਦੇ ਟੁੱਟਣ ਦੇ ਦੋ ਪ੍ਰਮੁੱਖ ਕਾਰਨ ਹਨ। ਪਹਿਲਾ ਕੱਚਾ ਤੇਲ ਦੀਆਂ ਵਧਦੀਆਂ ਕੀਮਤਾਂ  ਅਤੇ ਦੂਜਾ ਚੀਨ-ਅਮਰੀਕਾ ਸਮੇਤ ਦੇਸ਼ਾਂ ਦੇ ਵਿਚਕਾਰ ਵਧਦੇ ਟ੍ਰੇਡ ਵਾਰ ਕਾਰਨ। ਇਸ ਦਾ ਸਿੱਧਾ ਅਸਰ ਦੇਸ਼ ਵਿਚ ਆਯਾਤ ਹੋਣ ਵਾਲੇ ਸਮਾਨਾਂ 'ਤੇ ਪਵੇਗਾ। ਭਾਵ ਕਿ ਕੰਪਿਊਟਰ, ਇੰਪੋਰਟਡ ਮੋਬਾਈਲ ਅਤੇ ਸੋਨਾ ਮਹਿੰਗਾ ਹੋਵੇਗਾ। ਇਸ ਦਾ ਸਿੱਧਾ ਮਤਲਬ ਇਹ ਵੀ ਹੈ ਕਿ ਤੇਲ ਕੰਪਨੀਆਂ ਦੇਸ਼ ਵਿਚ ਪਟਰੌਲ ਦੇ ਭਾਅ ਵਧਾਉਣਗੀਆਂ ਅਤੇ ਅਸਰ ਤੁਹਾਡੀ ਜੇਬ 'ਤੇ ਹੋਵੇਗਾ।

ਜਦੋਂ ਰੁਪਈਆ ਡਿਗੇਗਾ ਤਾਂ ਪਟਰੌਲ, ਡੀਜ਼ਲ ਦੇ ਭਾਅ ਵਧਣਗੇ ਤਾਂ ਇਨ੍ਹਾਂ ਦਾ ਅਸਰ ਹੋਰ ਚੀਜ਼ਾਂ 'ਤੇ ਵੀ ਪਵੇਗਾ। ਭਾਵ ਕਿ ਦੂਜੀਆਂ ਜ਼ਰੂਰੀ ਚੀਜ਼ਾਂ ਦੇ ਰੇਟਾਂ ਵਿਚ ਵੀ ਵਾਧਾ ਹੋ ਜਾਵੇਗਾ, ਜਿਸ ਨਾਲ ਆਮ ਜਨਤਾ 'ਤੇ ਬੁਰਾ ਪ੍ਰਭਾਵ ਪਵੇਗਾ। ਜੇਕਰ ਰੁਪਈਆ ਡਾਲਰ ਦੇ ਮੁਕਾਬਲੇ ਜ਼ਿਆਦਾ ਡਿਗੇਗਾ ਤਾਂ ਆਰਬੀਆਈ ਵਿਆਜ ਦੀਆਂ ਦਰਾਂ ਵਿਚ ਵਾਧਾ ਕਰ ਸਕਦੀ ਹੈ। ਇਸ ਦਾ ਸਿੱਧਾ ਅਸਰ ਲੋਕਾਂ ਨੂੰ ਕਰਜ਼ ਅਤੇ ਮਕਾਨ ਸਬੰਧੀ ਕਰਜ਼ਾ ਲੈਣ 'ਤੇ ਪਵੇਗਾ ਕਿਉਂਕਿ ਇਸ ਨਾਲ ਉਨ੍ਹਾਂ ਦੀ ਈਐਮਆਈ ਵਧ ਜਾਵੇਗੀ। 

ਰੁਪਏ ਦੇ ਦੇ ਡਿਗਣ ਦਾ ਸਭ ਤੋਂ ਜ਼ਿਆਦਾ ਨੁਕਸਾਨ ਵਿਦੇਸ਼ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵੀ ਹੋਵੇਗਾ ਕਿਉਂਕਿ ਉਨ੍ਹਾਂ ਨੇ ਡਾਲਰਾਂ ਵਿਚ ਫੀਸ ਦੇਣੀ ਹੁੰਦੀ ਹੈ ਅਤੇ ਉਸ ਨੂੰ ਅਦਾ ਕਰਨ ਵਾਸਤੇ ਉਨ੍ਹਾਂ ਨੂੰ ਜ਼ਿਆਦਾ ਰੁਪਏ ਖ਼ਰਚ ਕਰਨੇ ਪੈਣਗੇ। ਵਿਦੇਸ਼ ਯਾਤਰਾ ਕਰਨ ਵਾਲੇ ਲੋਕਾਂ ਨੂੰ ਪਹਿਲਾਂ ਤੋਂ ਜ਼ਿਆਦਾ ਕੀਮਤ ਚੁਕਾਉਣੀ ਹੋਵੇਗੀ ਕਿਉਂਕਿ ਵਿਦੇਸ਼ ਵਿਚ ਰੁਕਣ ਦੇ ਲਈ ਹੋਟਲ, ਖਾਣ ਲਈ ਭੋਜਨ ਅਤੇ ਦੂਜੀਆਂ ਚੀਜ਼ਾਂ ਦੇ ਲਈ ਜ਼ਿਆਦਾ ਕੀਮਤ ਦੇਣੀ ਹੋਵੇਗੀ। 

ਰੁਪਏ ਦੇ ਡਿਗਣ ਤੋਂ ਬਾਅਦ ਜੋ ਸਭ ਤੋਂ ਜ਼ਿਆਦਾ ਫ਼ਾਇਦੇ ਵਿਚ ਹੋਣਗੇ, ਉਹ ਹਨ ਦੇਸ਼ ਦੇ ਨਿਰਯਾਤਕ। ਉਨ੍ਹਾਂ ਨੂੰ ਅਪਣਾ ਸਮਾਨ ਵੇਚਣ ਵਿਚ ਪਹਿਲਾਂ ਤੋਂ ਜ਼ਿਆਦਾ ਫ਼ਾਇਦਾ ਹੋਵੇਗਾ, ਭਾਵ ਕਿ ਉਨ੍ਹਾਂ ਦੀ ਕਮਾਈ ਵਧੇਗੀ। ਫਿਲਹਾਲ ਰੁਪਏ ਦਾ ਡਿਗਣਾ ਲਗਾਤਾਰ ਜਾਰੀ ਹੈ, ਜਿਸ ਨਾਲ ਸਰਕਾਰ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਉਠ ਰਹੇ ਹਨ।