ਮੁੱਖ ਮੰਤਰੀ ਵਲੋਂ ਸੱਦੀ ਸਰਬ ਧਰਮ ਮੀਟਿੰਗ ਤੋਂ ਬਾਅਦ ਬੋਲੇ ਮੁਸਲਿਮ ਭਾਈਚਾਰੇ ਲੋਕ
ਕਿਹਾ, ਅੱਤਵਾਦ ਤੇ ਦੇਸ਼ ਦੇ ਦੁਸ਼ਮਣਾਂ ਸਾਹਮਣੇ ਸਾਰੇ ਧਰਮਾਂ ਦੇ ਲੋਕ ਚਟਾਣ ਵਾਂਗ ਖੜ੍ਹੇ ਹਨ
ਪਿਛਲੇ ਕਈ ਦਿਨਾਂ ਤੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਦਾ ਮਾਹੌਲ ਬਣਿਆ ਹੋਇਆ ਸੀ। ਦੋਵਾਂ ਦੇਸ਼ਾਂ ਵਲੋਂ ਇਕ ਦੂਜੇ ’ਤੇ ਗੋਲੀਬਾਰੀ, ਡਰੋਨ ਤੇ ਮਿਜ਼ਾਈਲਾਂ ਸੁੱਟੀਆਂ ਜਾ ਰਹੀਆਂ ਸਨ। ਜਿਸ ਦੌਰਾਨ ਭਾਰਤ ਦੇ ਲੋਕਾਂ ਵਲੋਂ ਕਿਹਾ ਜਾ ਰਿਹਾ ਸੀ ਕਿ ਅਸੀਂ ਸਾਰੇ ਧਰਮਾਂ ਦੇ ਲੋਕ ਇਕ ਹਾਂ ਤੇ ਪਾਕਿਸਤਾਨ ਦਾ ਡਟ ਕੇ ਸਾਹਮਣਾ ਕਰਾਂਗੇ। ਇਸ ਮੁੱਦੇ ’ਤੇ ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਇਕ ਮੁਸਲਿਮ ਮੀਆਂ ਨੇ ਕਿਹਾ ਕਿ ਪੰਜਾਬ ਸਰਕਾਰ, ਰਾਜਪਾਲ ਤੇ ਮੁੱਖ ਮੰਤਰੀ ਜੀ ਵਲੋਂ ਜੋ ਸਭ ਧਰਮਾਂ ਦੇ ਲੋਕਾਂ ਨਾਲ ਗਵਰਨਰ ਹਾਊਸ ’ਚ ਮੀਟਿੰਗ ਸੱਦੀ ਗਈ।
ਜੋ ਕੁੱਝ ਵੀ ਮੀਟਿੰਗ ਦੌਰਾਨ ਹੋਇਆ ਉਹ ਫ਼ਿਰਕਾਪ੍ਰਸਤਾਂ ਦੇ ਮੂੰਹ ’ਤੇ ਥੱਪੜ ਸੀ। ਸਾਡੇ ਦੇਸ਼ ਨੂੰ ਜੋ ਕਿਹਾ ਜਾਂਦਾ ਹੈ ਕਿ ਭਾਰਤ ਸਾਰੇ ਧਰਮਾਂ ਦਾ ਇਕ ਗੁਲਦਸਤਾ ਹੈ, ਸੋ ਸਾਰੇ ਧਰਮਾਂ ਦੇ ਫੁਲ ਟੇਬਲ ’ਤੇ ਇਕੱਠੇ ਹੋਏ ਸੀ। ਪਹਿਲਗਾਮ ਵਿਚ ਅੱਤਵਾਦੀਆਂ ਨੇ ਜੋ ਲੋਕਾਂ ਨੂੰ ਧਰਮ ਪੁੱਛ-ਪੁੱਛ ਕੇ ਮਾਰਿਆ ਉਹ ਸਭ ਤੋਂ ਮਾੜੀ ਘਟਨਾ ਸੀ। ਅੱਤਵਾਦੀਆਂ ਦੀ ਮਨਸਾ ਸੀ ਕਿ ਭਾਰਤ ਦੇ ਸਿੱਖ, ਹਿੰਦੂ ਤੇ ਮੁਸਲਮਾਨ ਆਪਸ ਵਿਚ ਲੜਨ, ਸੋ ਅੱਜ ਦੀ ਮੀਟਿੰਗ ਵਿਚ ਸਭ ਧਰਮਾਂ ਦਾ ਲੋਕਾਂ ਦਾ ਇਕੱਠੇ ਹੋਣਾ ਅੱਤਵਾਦ ਦੇ ਮੂੰਹ ’ਤੇ ਚਪੇੜ ਹੈ।
ਉਨ੍ਹਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਨੂੰ ਵਿਸ਼ਵਾਸ ਦਿਵਾਇਆ ਕਿ ਇਕੱਲੇ ਮੁਸਲਿਮ ਹੀ ਨਹੀਂ ਸਾਰੇ ਧਰਮਾਂ ਦੇ ਲੋਕ ਅੱਤਵਾਦ ਸਾਹਮਣੇ ਦੀਵਾਰ ਵਾਂਗ ਖੜੇ ਹਨ। ਉਨ੍ਹਾਂ ਕਿਹਾ ਜਿਥੇ ਸਾਡੀ ਲੋੜ ਹੋਵੇਗੀ ਅਸੀਂ ਉਥੇ ਹਾਜ਼ਰ ਹੋਵਾਂਗੇ। ਭਾਰਤ ਪਾਕਿਸਤਾਨ ਜੰਗ ’ਚ ਜਿਹੜੇ ਫ਼ੌਜੀ ਜਵਾਨ ਸਰਹੱਦਾਂ ’ਤੇ ਲੜ ਰਹੇ ਹਨ, ਜੇ ਹਾਲੇ ਵੀ ਅਸੀਂ ਸਿੱਖ, ਹਿੰਦੂ ਤੇ ਮੁਸਲਿਮ ਆਦਿ ਧਰਮਾਂ ਦੀਆਂ ਗੱਲਾਂ ਕਰਾਂਗੇ ਤਾਂ ਸਾਡੇ ਲਈ ਸ਼ਰਮ ਦੀ ਗੱਲ ਹੈ। ਇਕ ਹੋਰ ਮੁਸਲਿਮ ਵਿਅਕਤੀ ਨੇ ਕਿਹਾ ਕਿ ਇਸ ਸਮੇਂ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਸਾਡੇ ਦੇਸ਼ ਦਾ ਮਸਲਾ।
ਜਦੋਂ ਦੇਸ਼ ’ਤੇ ਕੋਈ ਗੱਲ ਆਉਂਦੀ ਹੈ ਤਾਂ ਸਾਰੇ ਧਰਮਾਂ ਦੇ ਲੋਕ ਹੋਣ ਫਿਰ ਉਨ੍ਹਾਂ ਨੂੰ ਧਰਮ ਜਾਂ ਜਾਤ ਨਾਲ ਨਹੀਂ ਪਹਿਚਾਣਿਆ ਜਾਂਦਾ, ਬਲਕਿ ਉਨ੍ਹਾਂ ਨੂੰ ਦੇਸ਼ ਦੇ ਨਾਗਰਿਕ ਹੋਣ ਨਾਲ ਪਹਿਚਾਣਿਆ ਜਾਂਦਾ ਹੈ। ਜੇ ਦੇਸ਼ ਲਈ ਆਪਣੀ ਜਾਨ ਦੀ ਕੁਰਬਾਨੀ ਵੀ ਦੇਣੀ ਪਵੇ ਤਾਂ ਸਾਡੇ ਦੇਸ਼ ਦਾ ਇਕ ਵਿਅਕਤੀ ਤਿਆਰ ਹੈ ਇਹ ਹੀ ਸਾਡੇ ਦੇਸ਼ ਦੀ ਖ਼ੁਬਸੂਰਤੀ ਹੈ। ਇਕ ਹਿੰਦੂ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੋ ਇਹ ਮੀਟਿੰਗ ਸੱਦੀ ਗਈ ਹੈ ਜਿਸ ਵਿਚ ਸਾਰੇ ਧਰਮਾਂ ਦੇ ਲੋਕ ਸ਼ਾਮਲ ਹੋਏ ਹਨ। ਜਦੋਂ ਇਸ ਮੀਟਿੰਗ ਦੀ ਵੀਡੀਓ ਸਾਡੇ ਫ਼ੌਜੀ ਜਵਾਨਾਂ ਤਕ ਪਹੁੰਚੇਗੀ ਤਾਂ ਉਨ੍ਹਾਂ ਵਿਚ ਇਕ ਅਲੱਗ ਤਾਕਤ ਭਰ ਜਾਵੇਗੀ। ਮੀਟਿੰਗ ਵਿਚ ਮੁੱਖ ਮੰਤਰੀ ਨੇ ਕਿਹਾ ਹੈ ਕਿ ਸਰਹੱਦ ’ਤੇ ਲੜ ਰਹੇ ਹਰ ਇਕ ਫ਼ੌਜੀ ਘਰ ਜਾਓ ਤੇ ਉਨ੍ਹਾਂ ਦੇ ਪਰਿਵਾਰ ਦਾ ਹੌਸਲਾ ਵਧਾਓ।