Sauda Sadh News: ਮੁੜ ਸੁਨਾਰੀਆ ਜੇਲ ਪਹੁੰਚਿਆ ਸੌਦਾ ਸਾਧ; 50 ਦਿਨਾਂ ਦੀ ਪੈਰੋਲ ਹੋਈ ਖ਼ਤਮ

ਏਜੰਸੀ

ਖ਼ਬਰਾਂ, ਹਰਿਆਣਾ

ਭਲਕੇ ਹਾਈ ਕੋਰਟ ਵਿਚ ਹੋਵੇਗੀ ਪੈਰੋਲ ਮਾਮਲੇ ਦੀ ਸੁਣਵਾਈ

Sauda Sadh

Sauda Sadh News: ਸਾਧਵੀ ਜਿਨਸੀ ਸ਼ੋਸ਼ਣ ਅਤੇ ਪੱਤਰਕਾਰ ਛਤਰਪਤੀ ਕਤਲ ਕੇਸ ਵਿਚ ਸਜ਼ਾ ਕੱਟ ਰਿਹਾ ਸੌਦਾ ਸਾਧ ਇਕ ਵਾਰ ਫਿਰ ਸਲਾਖਾਂ ਪਿੱਛੇ ਪਹੁੰਚ ਗਿਆ ਹੈ। 50 ਦਿਨਾਂ ਦੀ ਪੈਰੋਲ ਖ਼ਤਮ ਹੋਣ ਤੋਂ ਬਾਅਦ ਸੌਦਾ ਸਾਧ ਨੂੰ ਸਖ਼ਤ ਸੁਰੱਖਿਆ ਹੇਠ ਯੂਪੀ ਦੇ ਬਰਨਵਾ ਆਸ਼ਰਮ ਤੋਂ ਸੁਨਾਰੀਆ ਜੇਲ ਵਾਪਸ ਲਿਆਂਦਾ ਗਿਆ ਹੈ। ਸੌਦਾ ਸਾਧ ਸ਼ਾਮ ਕਰੀਬ 5 ਵਜੇ ਰੋਹਤਕ ਜੇਲ ਪਹੁੰਚਿਆ। ਜੇਲ ਪ੍ਰਸ਼ਾਸਨ ਨੇ ਡੇਰਾ ਮੁਖੀ ਨੂੰ 19 ਫਰਵਰੀ ਨੂੰ 50 ਦਿਨਾਂ ਦੀ ਪੈਰੋਲ ਦਿਤੀ ਸੀ।

ਦੱਸ ਦੇਈਏ ਕਿ ਜਦੋਂ ਵੀ ਸੌਦਾ ਸਾਧ ਨੂੰ ਪੈਰੋਲ ਜਾਂ ਫਰਲੋ ਦਿਤੀ ਜਾਂਦੀ ਹੈ ਤਾਂ ਜੇਲ ਪ੍ਰਸ਼ਾਸਨ ਅਤੇ ਹਰਿਆਣਾ ਸਰਕਾਰ 'ਤੇ ਸਵਾਲ ਉੱਠਦੇ ਹਨ। ਇਸ ਵਾਰ ਹਾਈ ਕੋਰਟ ਨੇ ਸੌਦਾ ਸਾਧ ਦੀ ਪੈਰੋਲ ਨੂੰ ਲੈ ਕੇ ਸਰਕਾਰ ਤੋਂ ਜਵਾਬ ਵੀ ਮੰਗਿਆ ਸੀ ਅਤੇ ਮਾਮਲੇ ਵਿਚ ਸਖ਼ਤ ਰੁਖ਼ ਵੀ ਅਪਣਾਇਆ।

ਜੇਲ ਜਾਣ ਤੋਂ ਬਾਅਦ ਸੌਦਾ ਸਾਧ ਪਿਛਲੇ ਦੋ ਸਾਲਾਂ ਵਿਚ ਪੈਰੋਲ ਅਤੇ ਫਰਲੋ ਦੇ ਰੂਪ ਵਿਚ ਕੁੱਲ 184 ਦਿਨ ਯਾਨੀ ਕਰੀਬ ਛੇ ਮਹੀਨੇ ਜੇਲ ਤੋਂ ਬਾਹਰ ਰਿਹਾ ਹੈ। ਜੇਕਰ ਇਨ੍ਹਾਂ 184 ਦਿਨਾਂ 'ਚ ਪਿਛਲੇ 50 ਦਿਨਾਂ ਦੀ ਪੈਰੋਲ ਨੂੰ ਜੋੜਿਆ ਜਾਵੇ ਤਾਂ ਇਹ ਅੰਕੜਾ 234 ਦਿਨਾਂ ਦਾ ਬਣਦਾ ਹੈ, ਜੋ ਕਿ ਸੱਤ ਮਹੀਨਿਆਂ ਤੋਂ ਵੱਧ ਹੈ। ਪਿਛਲੇ ਦਿਨੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੰਨੀ ਜਲਦੀ ਪੈਰੋਲ ਦੇਣ 'ਤੇ ਸਰਕਾਰ ਨੂੰ ਸਖ਼ਤ ਫਟਕਾਰ ਲਗਾਈ ਸੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਸਰਕਾਰ ਨੂੰ ਇਹ ਵੀ ਕਿਹਾ ਹੈ ਕਿ ਉਸ ਨੇ ਇਸ ਤਰ੍ਹਾਂ ਕਿੰਨੇ ਹੋਰ ਕੈਦੀਆਂ ਨੂੰ ਪੈਰੋਲ 'ਤੇ ਰਿਹਾਅ ਕੀਤਾ ਹੈ, ਸਰਕਾਰ ਇਸ ਦੀ ਸੂਚੀ ਵੀ ਅਦਾਲਤ ਨੂੰ ਸੌਂਪੇ।

ਸੌਦਾ ਸਾਧ ਨੂੰ ਪੈਰੋਲ ਮਿਲਣ 'ਤੇ ਅਦਾਲਤ ਕਿੰਨੀ ਨਾਰਾਜ਼ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅਦਾਲਤ ਨੇ ਕਿਹਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਹਰਿਆਣਾ ਸਰਕਾਰ ਹਲਫਨਾਮਾ ਦਾਖਲ ਕਰੇ ਕਿ ਇਸ ਤਰ੍ਹਾਂ ਦੇ ਅਪਰਾਧਿਕ ਇਤਿਹਾਸ ਵਾਲੇ ਅਤੇ 3 ਮਾਮਲਿਆਂ ਵਿਚ ਸਜ਼ਾ ਪਾਉਣ ਵਾਲੇ ਹੋਰ ਕਿੰਨੇ ਅਪਰਾਧੀਆਂ ਨੂੰ ਇਹ ਲਾਭ ਦਿਤਾ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ ਭਲਕੇ 11 ਮਾਰਚ ਨੂੰ ਹੋਵੇਗੀ।

(For more Punjabi news apart from Sauda Sadh parole ends, stay tuned to Rozana Spokesman)