ਡੌਂਕੀ ਲਗਾ ਕੇ ਅਮਰੀਕਾ ਜਾ ਰਹੇ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ, ਪਰਿਵਾਰ ਨੂੰ ਵੀਡੀਓ ਜ਼ਰੀਏ ਮਿਲੀ ਖ਼ਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਹ ਵਾਪਸ ਲਿਆਉਣ ਲਈ ਪਰਿਵਾਰ ਨੇ SP ਨੂੰ ਲਗਾਈ ਗੁਹਾਰ

Haryana youth taking ‘donkey route’ to US dies in Guatemala

 

ਕੈਥਲ: ਹਰਿਆਣਾ ਦੇ ਕੈਥਲ ਤੋਂ ਡੌਂਕੀ ਲਗਾ ਕੇ ਅਮਰੀਕਾ ਜਾ ਰਹੇ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਹੈ। ਫਿਲਹਾਲ ਨੌਜਵਾਨ ਦੀ ਮੌਤ ਦੇ ਕਾਰਨਾਂ ਬਾਰੇ ਪਰਿਵਾਰ ਨੂੰ ਸਹੀ ਜਾਣਕਾਰੀ ਨਹੀਂ ਮਿਲ ਸਕੀ ਹੈ। ਨੌਜਵਾਨ 7 ਮਾਰਚ ਤੋਂ ਲਾਪਤਾ ਸੀ। ਨੌਜਵਾਨ ਨੂੰ ਅਮਰੀਕਾ ਪਹੁੰਚਾਉਣ ਲਈ ਏਜੰਟ ਨਾਲ 40 ਲੱਖ ਰੁਪਏ ਵਿਚ ਸੌਦਾ ਹੋਇਆ ਸੀ। ਮ੍ਰਿਤਕ ਦੇ ਰਿਸ਼ਤੇਦਾਰ ਸ਼ੁੱਕਰਵਾਰ ਨੂੰ ਐਸਪੀ ਨੂੰ ਮਿਲੇ ਅਤੇ ਦੇਹ ਕੈਥਲ ਲਿਆਉਣ ਲਈ ਮਦਦ ਦੀ ਗੁਹਾਰ ਲਗਾਈ।

ਇਹ ਵੀ ਪੜ੍ਹੋ: ਹੱਥ 'ਤੇ ਸੜੇ ਦੇ ਨਿਸ਼ਾਨ ਹੋਣ ਕਾਰਨ ਫ੍ਰੈਂਕਫ਼ਿਨ ਇੰਸਟੀਚਿਊਟ ਨੇ ਲੜਕੀ ਨੂੰ ਕੋਰਸ ਤੋਂ ਕੀਤਾ ਬਾਹਰ 

ਮਿਲੀ ਜਾਣਕਾਰੀ ਅਨੁਸਾਰ ਪਿੰਡ ਮਟੌਰ ਦੇ ਰਹਿਣ ਵਾਲੇ ਮਲਕੀਤ (32) ਨੇ ਅਮਰੀਕਾ ਜਾਣ ਲਈ ਪਿੰਡ ਸੌਂਗਲ ਦੇ ਏਜੰਟ ਨਾਲ 40 ਲੱਖ ਰੁਪਏ ਵਿਚ ਸੌਦਾ ਕੀਤਾ ਸੀ। ਇਸ ਦੇ ਲਈ 25 ਲੱਖ ਰੁਪਏ ਐਡਵਾਂਸ ਦਿੱਤੇ ਗਏ ਸਨ। ਪਤਾ ਲੱਗਿਆ ਹੈ ਕਿ ਨੌਜਵਾਨ ਦੀ ਲਾਸ਼ ਗੁਆਟੇਮਾਲਾ ਸਰਹੱਦ 'ਤੇ ਜੰਗਲਾਂ 'ਚੋਂ ਮਿਲੀ ਹੈ। ਨੌਜਵਾਨ ਨੇ ਪੌਲੀਟੈਕਨਿਕ ਤੱਕ ਪੜ੍ਹਾਈ ਕੀਤੀ ਸੀ। ਉਸ ਦਾ ਅਜੇ ਵਿਆਹ ਨਹੀਂ ਹੋਇਆ ਸੀ। ਉਹ ਦੋ ਭਰਾ ਅਤੇ ਇਕ ਭੈਣ ਸਨ।

ਇਹ ਵੀ ਪੜ੍ਹੋ: ਲੁਧਿਆਣਾ 'ਚ ਪਤੀ ਦੀ ਦਖਲਅੰਦਾਜ਼ੀ ਕਾਰਨ ਮਹਿਲਾ ਸਰਪੰਚ ਬਰਖ਼ਾਸਤ: ਫ਼ੌਰੀ ਚਾਰਜ ਛੱਡਣ ਦੇ ਹੁਕਮ 

 ਕੈਥਲ ਦੇ ਐਸਪੀ ਮਕਸੂਦ ਅਹਿਮਦ ਨੂੰ ਮਿਲਣ ਆਏ ਮਲਕੀਤ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਹੈ ਕਿ ਮਲਕੀਤ ਦੀ ਲਾਸ਼ ਗੁਆਟੇਮਾਲਾ ਬਾਰਡਰ 'ਤੇ ਮਿਲੀ ਹੈ। ਸ਼ੱਕ ਹੈ ਕਿ ਮਲਕੀਤ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ। ਹਾਲਾਂਕਿ ਅਜੇ ਤੱਕ ਇਸ ਦੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੋਈ ਹੈ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਿੰਡ ਵਿਚ ਸੋਗ ਦਾ ਮਾਹੌਲ ਹੈ। ਮ੍ਰਿਤਕ ਨੌਜਵਾਨ ਦੇ ਚਾਚਾ ਨੇ ਦੱਸਿਆ ਕਿ ਉਹਨਾਂ ਦਾ ਭਤੀਜਾ ਮਲਕੀਤ ਫਰਵਰੀ ਮਹੀਨੇ ਕੈਥਲ ਤੋਂ ਅਮਰੀਕਾ ਗਿਆ ਸੀ। ਇਸ ਤੋਂ ਬਾਅਦ 7 ਮਾਰਚ ਤੋਂ ਪਹਿਲਾਂ ਉਹ ਮੈਕਸੀਕੋ ਦੀ ਸਰਹੱਦ 'ਤੇ ਸੀ ਪਰ 7 ਮਾਰਚ ਤੋਂ ਬਾਅਦ ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ: ਮੁਹਾਲੀ: ਤੈਅ ਸਮੇਂ 'ਤੇ ਨਹੀਂ ਦਿੱਤਾ ਪਲਾਟ, ਮਨੋਹਰ ਕੰਪਨੀ ਨੂੰ ਲਗਾਇਆ 50 ਹਜ਼ਾਰ ਜੁਰਮਾਨਾ

ਉਹਨਾਂ ਨੂੰ 30 ਮਾਰਚ ਨੂੰ ਸੋਸ਼ਲ ਮੀਡੀਆ 'ਤੇ ਵੀਡੀਓ ਜ਼ਰੀਏ ਮਲਕੀਤ ਦੀ ਮੌਤ ਬਾਰੇ ਜਾਣਕਾਰੀ ਮਿਲੀ ਸੀ। ਮਲਕੀਤ ਦੇ ਚਾਚਾ ਜਗਮਗ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਸੌਂਗਲ ਦੇ ਇਕ ਏਜੰਟ ਨੇ ਮਲਕੀਤ ਨੂੰ ਵਰਗਲਾ ਕੇ ਅਮਰੀਕਾ ਭੇਜ ਦਿੱਤਾ ਸੀ। ਬਾਅਦ ਵਿਚ ਉਸ ਬਾਰੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕੋਈ ਖ਼ਬਰ ਨਹੀਂ ਦਿੱਤੀ ਗਈ। ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਮਲਕੀਤ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਪਰਿਵਾਰ ਦੀ ਮਦਦ ਕੀਤੀ ਜਾਵੇ ਅਤੇ ਏਜੰਟ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਐਸਪੀ ਨੇ ਪਰਿਵਾਰਕ ਮੈਂਬਰਾਂ ਨੂੰ ਮਦਦ ਦਾ ਭਰੋਸਾ ਦਿੱਤਾ ਹੈ।